ਆਂਗਨਵਾੜੀ ਵਰਕਰ ਦਾ 1000 ਰੁਪਏ ਤੇ ਹੈਲਪਰ ਦਾ 500 ਰੁਪਏ ਮਾਣਭੱਤਾ ਵਧਾਇਆ ਅਰੁਨਾ ਚੌਧਰੀ
--14 ਅਗਸਤ ਤੋਂ ਮੰਤਰੀਆਂ ਦੇ ਘਰਾਂ ਅੱਗੇ ਜਗਰਾਤਾ ਕਰਨ ਦਾ ਸੀ ਪ੍ਰੋਗਰਾਮ
ਜੈ ਸਿੰਘ ਛਿੱਬਰ, ਚੰਡੀਗੜ੍ਹ
ਆਂਗਨਵਾੜੀ ਵਰਕਰਾਂ, ਹੈਲਪਰਾਂ ਵਲੋਂ ਮੁੱਖ ਮੰਤਰੀ ਦੀ ਦੋਸਤ ਅਰੂਸਾ ਆਲਮ ਨੂੰ ਖੂਨ ਨਾਲ ਖੱਤ ਲਿਖਕੇ ਭੇਜਣ ਅਤੇ 14 ਅਗਸਤ ਤੋਂ ਮੰਤਰੀਆਂ ਦੇ ਘਰਾਂ ਅੱਗੇ ਜਗਰਾਤਾ ਸ਼ੁਰੂ ਕਰਨ ਤੋਂ ਪਹਿਲਾਂ ਆਖ਼ਰ ਸਰਕਾਰ ਝੁਕ ਗਈ ਹੈ। ਹਾਲਾਂਕਿ ਪਿਛਲੇ ਦਿਨਾਂ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਭਲਾਈ ਮੰਤਰੀ ਅਰੁਣਾ ਚੌਧਰੀ ਵਲੋਂ ਦੋ ਵਾਰ ਆਂਗਨਵਾੜੀ ਵਰਕਰਾਂ ਦੀਆਂ ਦੋਵੇਂ ਯੂਨੀਅਨਾਂ ਦੇ ਆਗੂਆਂ ਨਾਲ ਮੀਟਿੰਗਾਂ ਕੀਤੀ ਅਤੇ ਦੋਵੇਂ ਮੀਟਿੰਗਾਂ ਵਿਚ ਕੋਈ ਸਿੱਟਾ ਨਹੀਂ ਨਿਕਲਿਆ ਸੀ 12 ਜੁਲਾਈ ਨੂੰ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੇ ਆਗੂਆਂ ਨੇ ਸਰਕਾਰ ਨੂੰ ਘੇਰਨ ਲਈ ਵੱਡਾ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।
ਪੰਜਾਬ ਸਰਕਾਰ ਨੇ ਆਂਗਨਵਾੜੀ ਵਰਕਰਾਂ ਦੇ ਦਬਾਅ ਅੱਗੇ ਝੁਕਦਿਆਂ ਅੱਜ ਮਹੀਨਾਵਾਰ ਮਾਣ ਭੱਤਿਆਂ ਵਿੱਚ ਵਰਕਰ ਨੂੰ1000 ਤੇ ਹੈਲਪਰ ਨੂੰ 500 ਰੁਪਏ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਸਤੋਂ ਇਲਾਵਾ ਸੇਵਾ ਪੂਰੀ ਹੋਣ 'ਤੇ ਇਕ ਲੱਖ ਰੁਪਏ ਤੇ 50 ਹਜ਼ਾਰ ਰੁਪਏ ਦੇ ਯਕਮੁਸ਼ਤ ਵਿੱਤੀ ਲਾਭ ਦੇਣ ਦਾ ਇਕਫੈਸਲਾ ਕੀਤਾ ਗਿਆ। ਇਸਤਰੀ ਤੇ ਬਾਲ ਭਲਾਈ ਮੰਤਰੀ ਅਰੁਨਾ ਚੌਧਰੀ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਤਿੰਨੋਂ ਆਂਗਨਵਾੜੀ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਅੱਜ ਇਹ ਭਰੋਸਾ ਦਿੱਤਾ ਹੈ।
ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਜੀ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਲਈ ਵੱਡੇ ਫੈਸਲੇ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਵਰਕਰ ਦਾ ਮਹੀਨਾਵਾਰ ਮਾਣ ਭੱਤਾ 5600 ਰੁਪਏ ਤੋਂ ਵਧਾ ਕੇ 6600 ਰੁਪਏ ਅਤੇ ਹੈਲਪਰ ਦਾ ਮਾਣ ਭੱਤਾ 2800 ਰੁਪਏ ਤੋਂ ਵਧਾ ਕੇ 3300 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ। ਇਹ ਵਾਧਾ ਅਗਲੇ ਵਿੱਤੀ ਵਰ੍ਹੇ ਤੋਂ ਲਾਗੂ ਹੋਵੇਗਾ ਜਿਸ ਕਾਰਨ ਵਰਕਰਾਂ ਤੇ ਹੈਲਪਰਾਂ ਨੂੰ ਵਧਿਆ ਹੋਇਆ ਮਾਣਭੱਤਾ ਪਹਿਲੀ ਅਪਰੈਲ 2019 ਤੋਂ ਮਿਲੇਗਾ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਵਰਕਰਾਂ ਤੇ ਹੈਲਪਰਾਂ ਨੂੰ ਕੁੱਲ ਮਿਲਾ ਕੇ 45 ਕਰੋੜ ਰੁਪਏ ਸਾਲਾਨਾ ਵਿੱਤੀ ਲਾਭ ਹੋਵੇਗਾ।
ਚੌਧਰੀ ਨੇ ਦੱਸਿਆ ਕਿ ਆਂਗਨਵਾੜੀ ਵਰਕਰ ਤੇ ਹੈਲਪਰ ਮਾਣਭੱਤੇ 'ਤੇ ਕੰਮ ਕਰਦੇ ਵਲੰਟੀਅਰ ਹੋਣ ਕਾਰਨ ਉਨ੍ਹਾਂ ਨੂੰ ਨੌਕਰੀ ਪੂਰੀ ਕਰਨ 'ਤੇ ਕੋਈ ਵੀ ਵਿੱਤੀ ਲਾਭ ਨਹੀਂ ਮਿਲਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਵੱਡਾ ਫੈਸਲਾ ਕਰਦਿਆਂ ਆਂਗਨਵਾੜੀ ਵਰਕਰ ਨੂੰ ਨੌਕਰੀ ਪੂਰੀ ਹੋਣ 'ਤੇ ਇਕ ਲੱਖ ਰੁਪਏ ਦੀ ਯਕਮੁਸ਼ਤ ਰਾਸ਼ੀ ਅਤੇ ਹੈਲਪਰ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ। ਨੌਕਰੀ ਦੀ ਸਮਾਂ ਸੀਮਾ 70 ਸਾਲ ਹੋਵੇਗੀ। ਚੌਧਰੀ ਨੇ ਅੱਗੇ ਦੱਸਿਆ ਕਿ ਯੂਨੀਅਨ ਦੀਆਂ ਹੋਰਨਾਂ ਮੰਗਾਂ ਮੰਨਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਬਾਰੇ ਇਹ ਫੈਸਲਾ ਕੀਤਾ ਗਿਆ ਕਿ ਪਿਛਲੇ ਸਾਲ ਨਵਬੰਰ ਵਿੱਚ ਸਮਾਜਿਕ ਸੁਰੱਖਿਆ ਅਤੇ ਸਿੱਖਿਆ ਵਿਭਾਗ ਵੱਲੋਂ ਜਾਰੀ ਸਾਂਝਾ ਮੈਮੋਰੰਡਮ ਹੂਬਹੂ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬੁਨਿਆਦੀ ਢਾਂਚੇ ਸਮੇਤ ਹੋਰਨਾਂ ਪ੍ਰਬੰਧਕੀ ਮੰਗਾਂ ਨੂੰ ਵਿਭਾਗ ਵੱਲੋਂ ਆਪਣੇ ਪੱਧਰ 'ਤੇ ਹੱਲ ਕਰ ਦਿੱਤਾ ਜਾਵੇਗਾ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਤੇ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ ਵੀ ਹਾਜ਼ਰ ਸਨ।
No comments:
Post a Comment