ਇਸ ਸਾਲ ਫਲੱਡ ਗੇਟ ਖੋਲਣ ਦੀ ਟੈਸਟਿੰਗ ਤੱਕ ਨਹੀਂ ਕਰ ਸਕਿਆ ਬੀਬੀਐਮਬੀ
ਮਾਰਚ ਮਹੀਨੇ ਰਾਜਸਥਾਨ ਤੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਚਰਚੇ
ਜੈ ਸਿੰਘ ਛਿੱਬਰ,
ਚੰਡੀਗੜ੍ਹ : ਜੁਲਾਈ ਮਹੀਨੇ ਮੌਨਸੂਨ ਦੀ ਬਰਸਾਤ ਹੋਣ 'ਤੇ ਜਿਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਭਾਖੜਾ ਡੈਮ ਵਿਚੋਂ ਵੱਧ ਪਾਣੀ ਰੀਲੀਜ਼ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ, ਉਥੇ ਅੱਜਕੱਲ ਬੋਰਡ ਅਧਿਕਾਰੀਆ ਨੂੰ ਪਾਣੀ ਜਮ੍ਹਾਂ ਕਰਨ ਦੀ ਚਿੰਤਾਂ ਹੋਈ ਪਈ ਹੈ। ਦਿਲਚਸਪ ਗੱਲ ਹੈ ਕਿ ਪਿਛਲੇ ਦਿਨਾਂ ਦੌਰਾਨ ਬੀ.ਬੀ.ਐਮ.ਬੀ ਭਾਖੜਾ ਦਾ ਜਲ ਪੱਧਰ ਵੱਧਣ 'ਤੇ ਫਲੱਡ ਗੇਟ ਖੋਲ ਦੇਣ ਲਈ ਪੰਜਾਬ ਸਰਕਾਰ ਨੂੰ ਚੌਕਸੀ ਵਰਤਣ ਦੇ ਦਿਸ਼ਾ ਨਿਰਦੇਸ਼ ਦਿੰਦਾ ਰਿਹਾ ਹੈ, ਪਰ ਅਜੇ ਤੱਕ ਭਾਖੜਾ ਡੈਮ ਦੇ ਫਲੱਡ ਗੇਟ ਖੋਲਣ ਲਈ ਰਿਹਰਸਲ ਜਾਂ ਟੈਸਟਿੰਗ ਤੱਕ ਨਹੀਂ ਕੀਤੀ ਗਈ।
ਹਾਲਾਂਕਿ ਪਿਛਲੇ ਦਿਨਾਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕੁੱਝ ਇਲਾਕਿਆ ਵਿਚ ਭਾਰੀ ਵਰਖਾ ਹੋਈ ਹੈ। ਇਸਦੇ ਬਾਵਜੂਦ ਭਾਖੜਾ ਡੈਮ ਦਾ ਜਲ ਪੱਧਰ ਵੱਧ ਨਹੀਂ ਰਿਹਾ। ਅਤਿ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਭਾਖੜਾ ਦਾ ਜਲ ਪੱਧਰ ਘਟਣ ਦੇ ਪਿਛੇ ਮਾਰਚ ਮਹੀਨੇ ਦੌਰਾਨ ਹਰਿਆਣਾ ਅਤੇ ਰਾਜਸਥਾਨ ਨੂੰ ਸਮਰੱਥਾਂ ਤੋਂ ਵੱਧ ਪਾਣੀ ਰੀਲੀਜ਼ ਕੀਤਾ ਗਿਆ ਹੈ। ਬੋਰਡ ਦੇ ਅਧਿਕਾਰੀ ਦੱਬੀ ਆਵਾਜ਼ ਵਿਚ ਰਾਜਸਥਾਨ ਤੇ ਹਰਿਆਣਾ ਨੂੰ ਵਾਧੂ ਪਾਣੀ ਰੀਲੀਜ਼ ਕਰਨ ਦੀ ਗੱਲ ਸਵੀਕਾਰ ਕਰਦੇ ਹਨ, ਪਰ ਅੰਕੜਿਆ ਦੇ ਨਾਮ 'ਤੇ ਅਧਿਕਾਰੀ ਚੁੱਪੀ ਵੱਟ ਲੈਂਦੇ ਹਨ।
ਭਾਖੜਾ ਹੀ ਨਹੀਂ ਪੌਂਗ ਡੈਮ ਵਿਚ ਵੀ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ। ਜਦੋਂ ਕਿ ਹਿਮਾਚਲ ਪ੍ਰਦੇਸ਼ ਦੇ ਸੁੰਦਰ ਨਗਰ ਸਥਿਤ ਪੰਡੋਹ ਡੈਮ (ਬੀਐਸਐਲ ਪ੍ਰੋਜੈਕਟ ਸੁੰਦਰ ਨਗਰ) ਵਿਚ ਪਿਛਲੇ ਸਾਲ ਨਾਲੋ ਸਾਢੇ ਤਿੰਨ ਫੁੱਟ ਤੋਂ ਵੱਧ ਪਾਣੀ ਹੈ।
ਭਾਖੜਾ 'ਚ 77.31 ਫੁੱਟ ਘੱਟ ਪਾਣੀ --
ਬੀ.ਬੀ.ਐਮ.ਬੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿਚ ਅੱਜ 23 ਜੁਲਾਈ ਨੂੰ ਪਿਛਲੇ ਸਾਲ ਨਾਲੋ 77.31 ਫੁੱਟ ਘੱਟ ਪਾਣੀ ਰਿਕਾਰਡ ਕੀਤਾ ਗਿਆ ਹੈ। ਪਿਛਲੇ ਸਾਲ 23 ਜੁਲਾਈ ਨੂੰ 1607.82 ਫੁੱਟ ਪਾਣੀ ਸੀ, ਜਦ ਕਿ ਇਸ ਵਰ੍ਹੇ 1530.51 ਫੁੱਟ ਹੈ। ਜੇਕਰ ਪਿਛਲੇ ਚਾਰ ਸਾਲਾ ਦਾ ਲੇਖਾ ਜੋਖਾ ਕਰੀਏ ਤਾਂ 23 ਜੁਲਾਈ 2014 ਨੂੰ 1632.17 ਫੁੱਟ, 2015 ਵਿਚ 1639.88 ਫੁੱਟ, 2016 ਵਿਚ 1590.40 ਫੁੱਟ, 2017 ਵਿਚ 1607.82 ਅਤੇ ਹੁਣ 23 ਜੁਲਾਈ 2018 ਨੂੰ 1530.51 ਫੁੱਟ ਪਾਣੀ ਰਿਕਾਰਡ ਕੀਤਾ ਗਿਆ ਹੈ।
ਇਸੀ ਤਰ੍ਹਾਂ ਪੌਂਗ ਡੈਮ ਵਿਚ ਪਿਛਲੇ ਸਾਲ ਦੇ ਮੁਕਾਬਲੇ 39.18 ਫੁੱਟ ਘੱਟ ਪਾਣੀ ਹੈ। ਪਿਛਲੇ ਸਾਲ ਪੌਗ ਡੈਮ ਵਿਚ 1331.29 ਫੁੱਟ ਪਾਣੀ ਸੀ ਜੋ ਕਿ ਇਸ ਸਾਲ 1292.11 ਫੁੱਟ ਰਿਕਾਰਡ ਕੀਤਾ ਗਿਆ ਹੈ। ਜਦੋਂ ਕਿ ਪੰਡੌਹ ਡੈਮ ਸੁੰਦਰ ਨਗਰ (ਹਿਮਾਚਲ ਪ੍ਰਦੇਸ਼) ਵਿਚ ਪਿਛਲੇ ਸਾਲ 23 ਜੁਲਾਈ 2017 ਨੂੰ 2921.58 ਫੁੱਟ ਪਾਣੀ ਸੀ ਅਤੇ ਹੁਣ 2925.13 ਫੁੱਟ ਯਾਨੀ 3.55 ਫੁੱਟ ਵੱਧ ਪਾਣੀ ਰਿਕਾਰਡ ਕੀਤਾ ਗਿਆ ਹੈ।
ਪਾਣੀ ਦਾ ਪੱਧਰ ਡਿਗ ਜਾਣ ਨਾਲ ਪ੍ਰਸ਼ਾਸਨਿਕ ਅਧਿਕਾਰੀ ਹੀ ਚਿੰਤਤ ਨਹੀਂ ਹਨ, ਸਗੋਂ ਸੱਭਤੋਂ ਵੱਧ ਸਮੱਸਿਆ ਉਨ੍ਹਾਂ ਲੋਕਾਂ ਨੂੰ ਝੱਲਣੀ ਪੈ ਰਹੀ ਹੈ ਜੋ ਗੋਬਿੰਦ ਸਾਗਰ ਝੀਲ ਵਿਚ ਮੋਟਰਵੋਟ ਦੇ ਰਾਹੀਂ ਰੋਜਾਨਾ ਆਰ ਪਾਰ ਜਾਂਦੇ ਸਨ। ਜਿਨ੍ਹਾਂ ਵਿਚ ਸਕੂਲੀ ਵਿਦਿਆਰਥੀ ਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਵੀ ਸ਼ਾਮਲ ਹਨ। ਇਸੀ ਤਰ੍ਹਾਂ ਉਨ੍ਹਾਂ ਤੋਂ ਪੀਰ ਨਿਗਾਹਾ ਜਾਣ ਵਾਲੇ ਸ਼ਰਧਾਲੂਆਂ ਅਤੇ ਬੀਹੜ੍ਹ, ਮੰਦਲੀ ਅਤੇ ਲਠਿਆਣਾ (ਹਿਮਾਚਲ ਪ੍ਰਦੇਸ਼) ਜਾਣ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨ ਬੀ.ਬੀ.ਐਮ.ਬੀ ਦੇ ਅਧਿਕਾਰੀਆਂ ਨੇ ਬਕਾਇਦਾ ਪ੍ਰੈਸ ਬਿਆਨ ਜਾਰੀ ਕਰਦਿਆਂ ਭਾਖੜਾ ਡੈਮ ਤੇ ਪੌਂਗ ਡੈਮ ਵਿਚ ਇਕ ਮਾਰਚ 2018 ਤੋਂ 19 ਜੁਲਾਈ ਤੱਕ ਪਿਛਲੇ ਸਾਲ ਦੀ ਤੁਲਨਾ ਵਿਚ ਕ੍ਰਮਵਾਰ 9,93,247 ਕਿਊਸਕ ਪੌਗ ਡੈਮ ਵਿਚ 5,18,065 ਕਿਊਸਕ ਪਾਣੀ ਦੀ ਘੱਟ ਆਮਦ ਹੋਣ ਦੀ ਜਾਣਕਾਰੀ ਦਿੱਤੀ ਸੀ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਨੇ ਭਾਵੇਂ ਪੰਜਾਬ, ਹਰਿਆਣਾ, ਰਾਜਸਥਾਨ ਨੂੰ ਮੰਗ ਅਨੁਸਾਰ ਪਾਣੀ ਰੀਲੀਜ਼ ਕਰਨ ਦੀ ਗੱਲ ਆਖੀ ਸੀ ਪਰ ਨਾਲ ਹੀ ਇਨ੍ਹਾਂ ਰਾਜਾਂ ਦੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ, ਕੇਂਦਰੀ ਜਲ ਕਮਿਸ਼ਨ ਅਤੇ ਆਈ.ਐਮ.ਡੀ ਦੇ ਪ੍ਰਤੀਨਿਧੀਆਂ ਨੂੰ ਵਰਖਾ ਦੇ ਪਾਣੀ ਨਾਲ ਸਿੰਚਾਈ ਕਰਨ ਅਤੇ ਇਸਦੀ ਸੰਭਾਲ ਕਰਨ 'ਤੇ ਜੋਰ ਦਿੱਤਾ ਸੀ।
No comments:
Post a Comment