ਪੁਲਿਸ ਅਧਿਕਾਰੀ ਜੋ ਗੋਲਕ 'ਚ ਮਾਇਆ ਪਾਉਣ ਦੀ ਬਜਾਏ ਲੋੜਵੰਦਾਂ ਦੀ ਕਰਦਾ ਮੱਦਦ
ਜੈ ਸਿੰਘ ਛਿੱਬਰ,
ਚੰਡੀਗੜ੍ਹ
ਔਖੀ ਘੜੀ 'ਚ ਦੀਨ ਦੁਖੀਆਂ ਦੀ ਮੱਦਦ ਕਰਨਾ ਪੰਜਾਬੀਆਂ ਨੂੰ ਵਿਰਾਸਤ ਵਿਚ ਮਿਲਿਆ ਹੈ। ਜਦੋਂ ਵੀ ਕੌਮ, ਦੇਸ਼ 'ਤੇ ਭੀੜ ਪਈ ਜਾਂ ਸੰਕਟ ਆਇਆ ਹੈ ਤਾਂ ਪੰਜਾਬੀਆਂ ਖਾਸਕਰਕੇ ਸਿੱਖਾਂ ਨੇ ਮੋਹਰੀ ਰੋਲ੍ਹ ਅਦਾ ਕੀਤਾ ਹੈ। ਲੰਗਰ ਦੀ ਸੇਵਾ ਜਾਂ ਜਰੂਰਤਮੰਦ ਨੂੰ ਭੋਜਨ ਛਕਾਉਣ ਲਈ ਤਾਂ ਪੰਜਾਬੀ ਇਕ ਦੂਜੇ ਤੋਂ ਅੱਗੇ ਹੋ ਕੇ ਸੇਵਾ ਕਰਨ ਲਈ ਤਤਪਰ ਰਹਿੰਦੇ ਹਨ। ਜਾਂ ਇਹ ਕਹਿ ਲਓ ਕਿ ਪ੍ਰਾਹੁਣਚਾਰੀ ਪੰਜਾਬੀਆਂ ਦੇ ਹਿੱਸੇ ਹੀ ਆਈ ਹੈ।
ਹੁਣ ਜਦੋਂ ਕਰੋਨਾ ਵਾਇਰਸ ਨੇ ਦੁਨੀਆਂ ਦੇ ਕਈ ਮੁਲਕਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ ਤਾਂ ਜਰੂਰਤਮੰਦਾਂ ਨੂੰ ਲੰਗਰ ਛਕਾਉਣ ਸਮੇਤ ਹਰ ਤਰ੍ਹਾਂ ਦੀ ਸੰਭਵ ਮੱਦਦ ਕਰਨ ਲਈ ਬਹੁਤ ਸਾਰੀਆਂ ਸਮਾਜ ਸੇਵੀ, ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਵਲੋਂ ਦਿਲ ਖੋਲ੍ਹਕੇ ਜਰੂਰਤਮੰਦਾਂ ਦੀ ਬਾਂਹ ਫੜ੍ਹੀ ਜਾ ਰਹੀ ਹੈ। ਪਰ ਇਨ੍ਹਾਂ ਸੰਸਥਾਵਾਂ ਦੇ ਨਾਲ ਨਾਲ ਕਈ ਅਜਿਹੇ ਪਰਿਵਾਰ ਜਾਂ ਵਿਅਕਤੀ ਵੀ ਨਿਆਸਰਿਆ ਨੂੰ ਆਸਰਾ ਦੇਣ ਲੱਗੇ ਹੋਏ ਹਨ, ਜਿਨ੍ਹਾਂ ਤੋਂ ਅਜੋਕਾ ਸਮਾਜ ਘੱਟ ਹੀ ਉਮੀਦ ਰੱਖਦਾ ਹੈ। ਫਿਰ ਜਦੋਂ ਅਜਿਹੇ ਵਿਅਕਤੀ ਰੱਬ ਬਣਕੇ ਬਹੁੜਦੇ ਹਨ ਤਾਂ ਸਮਾਜ ਸੇਵਾ ਦਾ ਨਵਾਂ ਅਧਿਆਏ ਲਿਖਿਆ ਜਾਂਦਾ ਹੈ।
ਰੂਪਨਗਰ ਪੁਲਿਸ ਦਾ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ) ਸਿਮਰਜੀਤ ਸਿੰਘ ਪਿਛਲੇ ਇਕ ਮਹੀਨੇ ਤੋਂ ਆਪਣੀ ਡਿਊਟੀ ਦੇ ਨਾਲ ਨਾਲ ਮਿਸਾਲੀ ਸੇਵਾ ਕਰਨ ਵਿਚ ਜੁਟਿਆ ਹੋਇਆ ਹੈ। ਪੰਜਾਬੀ ਜਾਗਰਣ ਨੇ ਆਪਣੇ ਵੱਖ ਵੱਖ ਸ੍ਰੋਤਾਂ ਤੋਂ ਜਾਣਕਾਰੀ ਇਕੱਤਰ ਕੀਤੀ ਤਾਂ ਜ਼ਮੀਨੀ ਹਕੀਕਤ ਸਾਹਮਣੇ ਆਉਂਦੀ ਹੈ ਕਿ ਸਿਮਰਜੀਤ ਸਿੰਘ ਦਾ ਸਮੁੱਚਾ ਪਰਿਵਾਰ ਸਮਾਜ ਸੇਵਾ ਦੇ ਕਾਰਜਾਂ ਵਿਚ ਜੁਟਿਆ ਹੋਇਆ ਲੋੜਵੰਦਾਂ ਨੂੰ ਭੋਜਨ ਛਕਾ ਰਿਹਾ ਹੈ। ਸਿਮਰਜੀਤ ਸਿੰਘ ਰਾਤ ਨੂੰ ਨਾਕੇ 'ਤੇ ਡਿਊਟੀ ਕਰਦਾ ਹੈ ਤੇ ਦਿਨ ਵਿਚ ਪਰਿਵਾਰਕ ਮੈਂਬਰਾਂ ਨਾਲ ਰੋਜਾਨਾਂ ਤਿੰਨ ਚਾਰ ਸੌ ਲੋਕਾਂ ਲਈ ਲੰਗਰ ਤਿਆਰ ਕਰਦਾ ਹੈ ਅਤੇ ਆਪਣੇ ਬੇਟੇ ਨਾਲ ਜੋ ਕਿ ਪੇਸ਼ੇ ਵਜੋਂ ਵਕੀਲ ਹੈ, ਨਾਲ ਪਿੰਡਾਂ, ਕਸਬਿਆਂ, ਢਾਣੀਆਂ ਵਿਚ ਲੋਕਾਂ ਨੂੰ ਲੰਗਰ ਛਕਾਉਣ ਲਈ ਨਿਕਲ ਪੈਂਦੇ ਹਨ। ਲੌਕਡਾਊਨ, ਕਰਫਿਊ ਕਾਰਨ ਲੋਕਾਂ ਨੂੰ ਮਹਿੰਗੇ ਭਾਅ ਵਿਚ ਸਬਜੀਆਂ ਜਾਂ ਹੋਰ ਜਰੂਰੀ ਵਸਤਾਂ ਮਿਲਣੀਆਂ ਦੀਆਂ ਖ਼ਬਰਾਂ ਆਉਣ ਲੱਗੀਆਂ ਤਾਂ ਬਾਪ ਪੁੱਤ ਵਲੋਂ ਮੰਡੀ ਵਿਚੋਂ ਹਰੀ ਸਬਜ਼ੀ ਖਰੀਦ ਕਰਕੇ ਲੱਗੇ ਭਾਅ 'ਤੇ ਹੀ ਪਿੰਡਾਂ ਵਿਚ ਮੁਹੱਈਆਂ ਕਰਵਾਈ ਗਈ। ਆਮ ਸਬਜ਼ੀ ਵਿਕਰੇਤਾ ਨਾਲੋ ਜਦੋਂ ਵਰਦੀ ਧਾਰੀ ਪੁਲਿਸ ਅਧਿਕਾਰੀ ਇਕ ਨੌਜਵਾਨ ਨਾਲ ਸਸਤੇ ਭਾਅ ਦੀ ਸਬਜ਼ੀ ਸਪਲਾਈ ਕਰਦੇ ਹਨ ਤਾਂ ਲੋਕ ਹੈਰਾਨ ਵੀ ਹੁੰਦੇ ਹਨ।
ਸਿਮਰਜੀਤ ਸਿੰਘ ਦਾ ਕਹਿਣਾ ਹੈ ਕਿ ਅਸਲ ਸੇਵਾ ਤਾਂ ਜਰੂਰਤਮੰਦ ਦੀ ਔਖੇ ਸਮੇਂ ਮੱਦਦ ਕਰਨਾ ਹੀ ਹੈ। ਸਿਮਰਜੀਤ ਸਿੰਘ ਦੱਸਦਾ ਹੈ ਕਿ ਉਹ ਗੋਲਕਾਂ ਵਿਚ ਮਾਇਆ ਪਾਉਣ, ਮੱਥਾ ਟੇਕਣ ਵਿਚ ਵਿਸ਼ਵਾਸ ਰੱਖਣ ਦੀ ਬਜਾਏ ਹਮੇਸਾਂ ਮੌਕੇ 'ਤੇ ਜਰੂਰਤਮੰਦ ਦੀ ਮੱਦਦ ਕਰਨ ਨੂੰ ਪਹਿਲ ਦਿੰਦਾਂ ਹੈ। ਸਿਮਰਜੀਤ ਸਿੰਘ ਦੱਸਦਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ, ਪਰ ਉਸਨੇ ਆਪਣੀ ਧਾਰਨਾ ਬਣਾਈ ਹੋਈ ਹੈ ਕਿ ਮਾਇਆ ਗੋਲਕ ਵਿਚ ਪਾਉਣ ਦੀ ਬਜਾਏ ਲੋੜਵੰਦ ਦੀ ਮੱਦਦ ਕਰਨੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਈ ਗਰੀਬ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਬਜੁਰਗਾਂ ਜਾਂ ਮਰੀਜ਼ਾਂ ਦੇ ਇਲਾਜ਼, ਦਵਾਈ ਆਦਿ ਦੀ ਮੱਦਦ ਕਰ ਚੁੱਕਾ ਹੈ।
ਭਾਵੇਂ ਕਿ ਸਮੇਂ ਸਮੇਂ ਪੁਲਿਸ ਦੀ ਖਾਕੀ 'ਤੇ ਦਾਗ ਲੱਗਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ, ਫਿਰ ਵੀ ਪੁਲਿਸ ਵਿਭਾਗ, ਵਿਚ ਸਿਮਰਜੀਤ ਸਿੰਘ ਵਰਗੇ ਬਹੁਤ ਅਧਿਕਾਰੀ ਤੇ ਮੁਲਾਜ਼ਮ ਵੀ ਹਨ, ਜੋ ਦਾਗ ਧੋਣ ਅਤੇ ਲੋਕਾਂ ਦਾ ਪੁਲਿਸ ਪ੍ਰਤੀ ਨਜ਼ਰੀਆਂ ਬਦਲਣ ਦੇ ਕਾਰਜ਼ਾਂ ਵਿਚ ਜੁਟੇ ਹੋਏ ਹਨ। ਪਿਛਲੇ ਇਕ ਮਹੀਨੇ ਤੋਂ ਡਿਊਟੀ ਦੇ ਨਾਲ ਨਾਲ ਜਰੂਰਤਮੰਦਾਂ ਦੀ ਸੇਵਾ ਵਿਚ ਜੁਟੇ ਸਿਮਰਜੀਤ ਸਿੰਘ ਦੇ ਕਾਰਜਾਂ ਨੂੰ ਸਲਾਮ ਕਰਨੀ ਬਣਦੀ ਹੈ।

No comments:
Post a Comment