Thursday, 2 April 2020

ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ --


-ਅਕਾਲੀ ਆਗੂਆਂ ਨੂੰ ਬਿਆਨ  ਪੈ ਰਹੇ ਨੇ ਪੁੱਠੇ

ਲੋਕ ਸੋਸ਼ਲ ਮੀਡੀਆਂ 'ਤੇ ਉਡਾਉਂਦੇ ਨੇ ਖਿੱਲ੍ਹੀ

ਜੈ ਸਿੰਘ ਛਿੱਬਰ
ਚੰਡੀਗੜ੍ਹ
ਸਮਾਂ ਬਲਵਾਨ ਹੈ। ਪੁੱਠਾ ਗੇੜ੍ਹ ਆਉਣ ਨੂੰ ਦੇਰ ਨਹੀਂ ਲੱਗਦੀ। ਕਹਾਵਤ ਹੈ ਕਿ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ। ਅਜਿਹੀ ਸਥਿਤੀ ਅੱਜਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਹੋਈ ਹੈ। ਸ੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਵਲੋਂ ਦਿੱਤਾ ਬਿਆਨ ਉਨ੍ਹਾਂ ਨੂੰ ਉਲਟਾ ਪੈ ਰਿਹਾ ਹੈ। ਹੁਕਮਰਾਨ ਧਿਰ ਕਾਂਗਰਸ ਦੇ ਆਗੂ ਭਾਵੇਂ ਅਕਾਲੀ ਆਗੂਆਂ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਨਾ ਲੈਣ, ਕੋਈ ਸਿਆਸੀ  ਟਿਪਣੀ ਨਾ ਕਰਨ ਪਰ, ਸੋਸ਼ਲ ਮੀਡੀਆਂ 'ਤੇ ਅਕਾਲੀ ਆਗੂਆਂ ਖਿਲਾਫ਼ ਲੋਕਾਂ ਵਲੋਂ ਤਲਖ ਟਿੱਪਣੀਆਂ ਜਰੂਰ ਕੀਤੀਆਂ ਜਾਂਦੀਆਂ ਹਨ। ਸੋਸ਼ਲ ਮੀਡੀਆਂ 'ਤੇ ਲੋਕ ਟਿਪਣੀ ਹੀ ਨਹੀਂ ਕਰਦੇ ਬਲਕਿ ਅਕਾਲੀ ਲੀਡਰਸ਼ਿਪ ਨੂੰ ਸਵਾਲ ਕਰਦੇ ਹਨ ਕਿ ਤੁਸੀਂ ਦਸ ਸਾਲ ਕੀ ਕੀਤਾ?

ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਬੁੱਧਵਾਰ ਨੂੰ ਪੰਜਾਬ ਸਰਕਾਰ ਵਲੋਂ ਜਰੂਰਤਮੰਦ ਪਰਿਵਾਰਾਂ ਨੂੰ ਵੰਡੀ ਜਾ ਰਹੀ ਰਾਹਤ ਸਮੱਗਰੀ ਦੇ ਪੈਕੇਟਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਗਾਉਣ 'ਤੇ ਟਿੱਪਣੀ ਕੀਤੀ ਹੈ। ਮੀਡੀਆਂ ਵਿਚ ਖ਼ਬਰ ਆਉਣ ਤੋਂ ਬਾਅਦ ਸੋਸ਼ਲ ਮੀਡੀਆਂ 'ਤੇ ਲੋਕਾਂ ਨੇ ਅਕਾਲੀ ਆਗੂ ਨੂੰ ਉਲਟਾ ਘੇਰਦੇ ਹੋਏ ਸਵਾਲ ਖੜ੍ਹੇ ਕੀਤੇ ਹਨ।

ਫੇਸਬੁੱਕ 'ਤੇ ਜਗਤਾਰ ਸਿੰਘ ਕੁਮੈਂਟ ਕਰਦੇ ਹੋਏ ਲਿਖਦੇ ਹਨ ਕਿ ਜਿਸਦੀ ਲਾਠੀ ਉਸਦੀ ਮੱਝ। ਹੁਣ ਕੈਪਟਨ ਨੇ ਫੋਟੋ ਲਾਈ ਜਦੋਂ ਇਨ੍ਹਾਂ ਦਾ ਰਾਜ ਸੀ ਤਾਂ ਇਹਨਾਂ ਐਂਬੂਲੈਂਸ 'ਤੇ ਫੋਟੋ ਲਾਈ। ਹਿਮਾਂਸੁ ਟੰਡਨ ਲਿਖਦਾ ਕਿ ਅਕਾਲੀ ਦਲ ਨੇ ਆਪਣੇ ਸਮੇਂ ਬਿਨਾਂ ਫੋਟੋ ਤੋਂ ਕਿਹੜਾ ਕੰਮ ਕੀਤਾ ਨੀਲੇ ਕਾਰਡਾਂ ਤੇ ਸਾਇਕਲਾਂ 'ਤੇ ਫੋਟੋ ਨਾਲ ਪਾਰਟੀ ਦਾ ਪਰਚਾਰ ਹੀ ਕੀਤਾ। ਇਸੀ ਤਰ੍ਹਾਂ ਚਮਕੌਰ ਸਾਹਿਬ ਨਿਵਾਸੀ ਸਵਰਨ ਸਿੰਘ ਭੰਗੂ ਦਾ ਕੁਮੈਂਟ ਹੈ ਕਿ ਬਦਾਲ ਰਾਜ ਵੇਲ੍ਹੇ ਪਾਣੀ ਦੀਆਂ ਟੈਂਕੀਆਂ 'ਤੇ ਬਾਦਲ ਬਾਦਲ ਹੁੰਦੀ ਸੀ। ਰੰਗਕਰਮੀ ਰਮਨ ਮਿੱਤਲ ਕਹਿੰਦੇ ਹਨ ਕਿ ਨੇਤਾ ਕਦ ਹਟਿਆ ਇਹ ਲੱਭ ਲੈਂਦਾ ਪਬਲੀਸਿਟੀ  ਦਾ ਰਾਹ।  ਇਸੀ  ਤਰ੍ਹਾਂ ਨੌਜਵਾਨ ਬਿਮਲ ਲਿਖਦੇ ਹਨ ਕਿ ਅਕਾਲੀ ਆਪ  ਕਰਨ  ਉਹ ਠੀਕ ਅਗਰ ਹੋਰ ਪਾਰਟੀਆਂ ਕਰਨ ਤਾਂ ਕ੍ਰੇਡਿਟ। ਹਰਵਿੰਦਰ  ਸਿੰਘ ਲਿਖਦੇ ਹਨ ਕਿ ਕਰੋਨਾ ਵਾਇਰਸ  'ਤੇ ਭਾਰੂ ਹੈ ਸਿਆਸਤ। ਕੁਲਬੀਰ ਸਿੰਘ ਹਸਨਪੁਰੀਆਂ ਕੁਮੈਂਟ  ਕਰਦੇ ਹਨ ਕਿ ਚੀਮਾ ਸਾਹਿਬ ਦੱਸਣ ਕਿ ਐਬੂਲੈਂਸ ਤੋਂ ਲੈ ਕੇ  ਕਿੱਥੇ ਕਿੱਥੇ ਫੋਟੋ ਲੱਗੀ ਸੀ,  ਦੁਨੀਆਂ ਸੱਭ ਜਾਣਦੀ ਹੈ। ਇਸਤੋਂ ਇਲਾਵਾ ਕਈ ਹੋਰਨਾਂ ਨੇ ਕਾਫੀ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ।

ਹਾਲਾਂਕਿ ਲੋਕਾਂ ਵਲੋਂ ਅਕਾਲੀ ਦਲ ਨੂੰ ਸੋਸ਼ਲ ਮੀਡੀਆਂ 'ਤੇ ਖਰੀਆਂ ਖਰੀਆਂ ਸਣਾਉਣ  ਦਾ ਪਹਿਲਾ ਮੌਕਾ ਨਹੀਂ ਹੈ। ਇਸਤੋਂ ਪਹਿਲਾਂ ਜਦੋਂ ਤਤਕਾਲੀ ਉਪ ਮੁੱਖ ਮੰਤਰੀ  ਸੁਖਬੀਰ ਸਿੰਘ ਬਾਦਲ ਵਲੋਂ ਸਰਕਾਰ ਖਿਲਾਫ਼ ਧਰਨਾ ਦਿੱਤਾ ਸੀ ਤਾਂ ਉਦੋਂ ਸੁਖਬੀਰ ਬਾਦਲ ਦਾ ਬਿਆਨ ਕਿ ਜਿਨ੍ਹਾਂ ਨੂੰ ਘਰੋਂ ਨਹੀਂ ਪੁੱਛਦਾ ਉਹ ਧਰਨਾ ਦੇਣ ਆ ਜਾਂਦੇ ਹੈ, ਪੋਸਟ ਕਰਕੇ ਟਿੱਪਣੀਆਂ ਕੀਤੀਆਂ ਸਨ। ਇਸੀ ਤਰ੍ਹਾਂ ਪਿਛਲੇ ਦਿਨ ਜਦੋਂ  ਪਟਿਆਲਾ ਪੁਲਿਸ ਨੇ ਰੁਜ਼ਗਾਰ ਦੀ ਮੰਗ ਕਰਦੇ ਬੇਰੁੱਜਗਾਰਾਂ ਨੂੰ ਬੁਰੀ ਤਰ੍ਹਾਂ ਝੰਬਿਆਂ ਸੀ ਤਾਂ ਸੁਖਬੀਰ ਬਾਦਲ ਨੇ ਪੁਲਿਸ ਦੀ ਨਿੰਦਾਂ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲਿਆ ਤਾਂ ਸੋਸ਼ਲ ਮੀਡੀਆਂ 'ਤੇ ਅਕਾਲੀ ਸਰਕਾਰ ਦੌਰਾਨ ਬੇਰੁੱਜਗਾਰਾਂ ਨਾਲ ਪੁਲਿਸ ਵਲੋਂ ਕੀਤੀ ਗਈ ਕੁੱਟਮਾਰ ਸਮੇਤ ਪੁਲਿਸ ਵਲੋਂ ਕੀਤੀਆਂ ਹੋਰ ਵਧੀਕੀਆਂ ਦੀ ਫੋਟੋਆਂ, ਪੋਸਟ ਕਰਕੇ ਅਕਾਲੀ ਦਲ ਦੇ ਪ੍ਰਧਾਨ 'ਤੇ ਸਵਾਲ ਖੜ੍ਹੇ ਕੀਤੇ ਸਨ।

ਹੁਣ ਕਰੋਨਾ ਵਾਇਰਸ ਦੀ  ਆਫ਼ਤ ਕਾਰਨ ਘਰਾਂ ਵਿਚ ਬੈਠੇ ਜਰੂਰਤਮੰਦ ਲੋਕਾਂ ਨੂੰ ਰਾਹਤ, ਰਾਸ਼ਨ ਸਮੱਗਰੀ ਪਹੁੰਚਾਉਣ ਵਾਲੇ ਪੈਕੇਟਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਗਾਈ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਤਤਕਾਲੀ ਸਰਕਾਰ ਦੇ ਅਜਿਹੇ ਕਾਰਜ਼ਾਂ 'ਤੇ ਕਾਂਗਰਸੀ ਆਗੂ, ਵਿਧਾਇਕ ਉਂਗਲੀਆਂ ਖੜ੍ਹੀਆਂ ਕਰਦੇ ਸਨ। ਜਦੋਂ ਕਿ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਵੀ ਉਨ੍ਹਾਂ ਰਾਹਾਂ 'ਤੇ ਚੱਲ  ਰਹੀ ਹੈ। ਹੁਣ ਕਾਂਗਰਸੀ ਆਗੂਆਂ ਵਲੋਂ ਮੁੱਖ ਮੰਤਰੀ ਦੀ ਫੋਟੋ ਲਾਉਣ ਦੇ ਫੈਸਲੇ  ਨੂੰ ਸਰਕਾਰ ਦਾ ਜਾਇਜ਼ ਫੈਸਲਾ ਦੱਸਿਆ ਜਾ ਰਿਹਾ ਹੈ।

ਵਰਨਣਯੋਗ ਹੈ ਕਿ ਦਸ ਸਾਲ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ 108 ਐਂਬੂਲੈਂਸ, ਮਾਈ ਭਾਗੋ ਸਕੀਮ ਤਹਿਤ ਸਕੂਲੀ ਵਿਦਿਆਰਥਣਾਂ ਨੂੰ ਵੰਡੇ ਜਾਂਦੇ ਸਾਇਕਲਾਂ, ਆਟਾ ਦਾਲ ਸਕੀਮ ਦੇ ਨੀਲੇ ਕਾਰਡਾਂ, ਖੇਡਾਂ ਦੇ ਸਮਾਨ  ਦੀਆਂ ਕਿੱਟਾਂ ਤੱਕ 'ਤੇ ਤਤਕਾਲੀ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲੱਗੀ ਰਹੀ। ਇਹੀ ਨਹੀਂ ਪਿੰਡਾਂ ਵਿਚ ਲੋਕਾਂ ਦੇ ਬੈਠਣ ਲਈ ਲਗਾਏ ਗਏ ਬੈਂਚਾਂ, ਪੈਂਡੂ  ਬੱਸਾਂ  ਦਾ ਰੰਗ ਵੀ ਪੀਲਾ ਨੀਲਾ ਕੀਤਾ ਗਿਆ। ਇਥੋਂ ਤੱਕ ਕਿ ਪੰਜਾਬ ਸਰਕਾਰ ਵਲੋਂ ਖਰੀਦ ਕੀਤੇ ਗਏ ਉਡਣ ਖਟੋਲੇ  (ਹੈਲੀਕਾਪਟਰ) ਦਾ ਰੰਗ ਵੀ ਪੀਲਾ ਨੀਲਾ ਕੀਤਾ ਹੋਇਆ। ਕਾਂਗਰਸ ਪ੍ਰਧਾਨ ਸੁਨੀਲ  ਜਾਖੜ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਕਈ ਵਾਰ ਹੈਲੀਕਾਪਟਰ ਦਾ ਰੰਗ ਬਦਲਣ ਤੱਕ ਦੀ ਮੰਗ ਮੁੱਖ ਮੰਤਰੀ ਤੋਂ ਕਰ ਚੁੱਕੇ ਹਨ।

ਕੁੱਲ ਮਿਲਾਕੇ ਸਰਕਾਰ ਕਿਸੀ ਵੀ ਪਾਰਟੀ ਦੀ ਰਹੀ ਹੋਵੇ ਸਿਆਸੀ ਆਗੂ ਜਿਸਕੀ ਲਾਠੀ ਉਸਕੀ ਭੈਂਸ (ਮੱਝ) ਦੀ ਕਹਾਵਤ 'ਤੇ ਪਹਿਰਾ ਦਿੰਦੇ ਹੋਏ ਮਨ ਆਈਆਂ ਹੀ ਕਰਦੇ ਹਨ।

No comments:

Post a Comment