ਗਰਜ਼ਦੇ ਬੱਦਲਾਂ ਦੀ ਕੰਨੀਂ ਪਈ ਆਵਾਜ਼ ਨੇ ਅਚਾਨਕ ਅੱਖ ਖੋਲ੍ਹ ਦਿੱਤੀ। ਬੈੱਡ ਦੇ ਲਾਗੇ ਪਏ ਮੇਜ਼ 'ਤੇ ਰੱਖਿਆ ਮੋਬਾਇਲ ਫੋਨ ਚੁੱਕਿਆ ਤੇ ਦੇਖਿਆ ਦੋ ਵਜੇ ਹੋਏ ਸਨ। ਅਜੇ ਦੋ ਘੰਟੇ ਪਹਿਲਾਂ ਹੀ ਤਾਂ ਸੁੱਤਾ ਸੀ, ਮਨ ਵਿਚ ਤਰ੍ਹਾਂ ਤਰ੍ਹਾਂ ਦੇ ਖਿਆਲ ਘੁੰਮਣ ਘੇਰੀਆ ਖਾਣ ਲੱਗੇ। ਕਮਰੇ ਵਿਚੋਂ ਬਾਹਰ ਨਿਕਲ ਜਦੋਂ ਬਾਲਕੌਨੀ 'ਚ ਗਿਆ ਤਾਂ ਦੇਖਿਆ ਬਾਹਰ ਝੱਖੜ, ਹਨੇਰੀ ਝਾਂਬਾ ਚੱਲ ਰਿਹਾ । ਆਸਮਾਨ ਵਿਚ ਲਕਸ਼ਦੀ ਬਿਜਲੀ, ਗਰਜ਼ਦੇ ਬੱਦਲਾਂ ਦੀ ਗੂੰਜ ਅਤੇ ਜ਼ੋਰਦਾਰ ਪੈਂਦੇ ਮੀਂਹ ਨਾਲ ਦਿਲ ਦੀ ਧੜਕਣ ਵੀ ਤੇਜ਼ ਹੋ ਗਈ। ਦਿਨ ਵਿਚ ਜ਼ਬਰਦਸਤ ਤੇਜ਼ ਧੁੱਪ ਅਤੇ ਰਾਤ ਨੂੰ ਅਚਾਨਕ ਖਰਾਬ ਹੋਏ ਮੌਸਮ ਨੂੰ ਦੇਖ ਕੇ ਮਨ ਉਦਾਸ ਹੋ ਗਿਆ। ਸੱਪਾਂ ਦੀਆਂ ਸਿਰੀਆਂ ਮਿੱਧ ਕੇ ਕਿਸਾਨਾ ਦੁਆਰਾਂ ਪੁੱਤਾਂ ਵਾਂਗ ਪਾਲ਼ੀ ਕਣਕ ਖੇਤਾਂ ਵਿਚ ਵੱਢਣ ਨੂੰ ਤਿਆਰ ਖੜੀ ਐ, ਉਪਰੋ ਬੇਮੌਸਮੀ ਮੀਂਹ, ਝੱਖੜ ਚੱਲਣ ਨਾਲ ਮਨ ਖਿਆਲਾਂ ਦੇ ਡੂੰਘੇ ਸਮੁੰਦਰ ਵਿਚ ਡੁੱਬ ਗਿਆ। “ਮੱਘਦਾ ਰਹੀ ਵੇ ਸੂਰਜਾ ਤੂੰ ਕੰਮੀਆਂ ਦੇ ਵਿਹੜੇ” ਵਾਲਾ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਯਾਦ ਆ ਗਿਆ। ਦੱਬੀ ਪੈਰ ਬਾਲਕੌਨੀ ਤੋਂ ਨਿਕਲ ਕਮਰੇ 'ਚ ਜਾ ਬੈੱਡ ਦੀ ਢੋਹ ਨਾਲ ਪਿੱਠ ਲਾ ਬੈਠ ਗਿਆ ਅਤੇ ਉਦਾਸੀ ਦਾ ਗੀਤ “ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਹਲਾਂ ਵਿਚੋਂ ਨੀਰ ਵਗਿਆ”” ਯਾਦ ਆਉਂਦਿਆਂ ਹੀ ਅੱਖਾਂ ਵਿਚੋਂ ਟਿਪ ਟਿਪ ਹੁੰਝੂ ਡਿੱਗਣ ਲੱਗ ਪਏ।
ਮਨ ਵਿਚ ਅਤੀਤ ਦੀ ਯਾਦਾਂ ਘੁੰਮਣ ਘੇਰੀਆਂ ਖਾਣ ਲੱਗੀਆਂ। ਇਨੀਂ ਦਿਨੀਂ ਮਿੱਟੀ ਨਾਲ ਮਿੱਟੀ ਹੁੰਦੇ ਰਹਿੰਦੇ ਸਾਂ।। ਰਾਤਾਂ ਦੀ ਨੀਂਦ ਉਡ ਜਾਣੀ, ਬੱਸ ਇਕੋ ਗੱਲ ਯਾਦ ਰਹਿਣੀ ਕਿ ਫਸਲ ਸੁੱਖੀ ਸਾਂਦੀ ਘਰ ਪੁੱਜ ਜਾਵੇ। ਖਾਣਾ-ਪੀਣਾ, ਸੌਣਾ ਸਭ ਭੁੱਲ ਜਾਂਦੇ।
ਪੰਛੀਆਂ ਦੇ ਗੀਤ ਗਾਉਂਦਿਆਂ ਹੀ ਕਣਕ ਵੱਢਣ ਲਈ ਮੂੰਹ ਹਨੇਰੇ ਖੇਤਾਂ ਵਿਚ ਪੁੱਜ ਜਾਣਾ।। ਉਦੋਂ ਕਿਹੜੇ ਮਾਸਕ ਮੂਸਕ ਹੋਣੇ ਜੇ ਹੁੰਦੇ ਵੀ ਹੋਣਗੇ ਤਾਂ ਪਿੰਡਾਂ ਵਾਲੇ ਧਮਾਤੜਾਂ ਨੂੰ ਕੀ ਪਤੈ ਸੀ, ਬਸ ਆਦਮੀ ਸਿਰ 'ਤੇ ਬੰਨੇ ਸਾਫ਼ੇ (ਪਰਨੇ) ਅਤੇ ਤੀਵੀਂਆਂ ਚੁੰਨੀ ਨਾਲ ਆਪਣਾ ਮੂੰਹ ਸਿਰ ਢੱਕ ਲੈਂਦੀਆਂ। ਬਹਿ ਜਾਂਦੀਆਂ ਫਾਂਟ ਲਾਉਣ। ।ਕਿਸਾਨ ਦੇ ਹਾਜ਼ਰੀ ਲਿਆਉਣ ਤੱਕ ਬਿੱਘਾ ਥਹੁੰ ਵੱਢਕੇ ਉਹ ਮਾਰਨਾ। ਸਾਰਿਆਂ ਨੇ ਗਿੱਬ ਗਿੱਬ ਕੇ ਫਾਂਟ ਲਾਉਣੀ। ਚੁੱਭਦੇ ਫਲਗੇਂ ਕੰਡਿਆ ਦੀ ਪਰਵਾਹ ਨਾ ਕਰਨੀ। ਪੁਰਾਂ ਚੱਲਣ ਤੋ ਡਰਦਿਆ ਭਰ ਭਰ ਰੁੱਗ ਭਰੀਆ ਬੰਨਣੀਆਂ। ..ਤਿੱਖੜ ਦੁਪਹਿਰੀ ਖੂਹ 'ਤੇ ਪਿੱਪਲ, ਜਾਮਣ ਹੇਠਾਂ ਟੱਬਰ ਨਾਲ ਰੋਟੀ ਖਾਣੀ ..ਲੱਸੀ ਦਾ ਮੱਗ ਪੀ ਕੇ ਡਕਾਰ ਮਾਰਨਾ..ਕਣਕ ਦੇ ਇਕ ਰੁੱਗ ਬਦਲੇ ਮੁਰਿੰਡਾ (ਮੁਰਮਰਾ) ਲੈ ਖਾਣਾ….ਤਿੰਨ ਵਾਲੀ ਚਾਹ ਆਉਣ ਤੱਕ ਸਿਰ ਥੱਲੇ ਇੱਟ ਦਾ ਸਰਾਣਾ ਲਾ ਧਰਤੀ 'ਤੇ ਹੀ ਲੇਟ ਜਾਣਾ..ਚਲਦੀ ਗਰਮ ਲੂੰ ਦਾ ਕਦੀ ਪਤਾ ਹੀ ਨਾ ਚੱਲਦਾ , ਧਰਤੀ 'ਤੇ ਪਏ ਇੰਝ ਮਹਿਸੂਸ ਹੋਣਾ ਜਿਵੇਂ ਮਾਂ ਦੀ ਗੋਦੀ ਵਿਚ ਪਏ ਹੋਈਏ ਅਤੇ ਮਾਂ ਸਿਰ 'ਚ ਹੱਥ ਪਲੋਸਦੀ ਹੋਵੇ। ਥੋੜ੍ਹੀ ਅੱਖ ਲਾ ਥਕਾਵਟ ਲਾ ਲੈਣੀ। .ਕਦੇ ਕਦੇ ਤਾਂਸ ਨਾਲ ਸੀਪ ਜਾਂ ਭਾਬੀ ਦੀ ਬਾਜ਼ੀ ਲਾ ਲੈਣੀ..ਚਿੜੀਆਂ ਦੀ ਚੀੰ ਚੀੱ.ਕਬੂਤਰਾਂ ਦੀ ਗੁੱਟਰ ਗੂੰ-ਗੁੱਟਰ ਗੂੰ, ਘੁੱਗੀ ਦੀ ਘੂੰ- ਘੂੰ ਤੇ ਪੰਛੀਆਂ ਦੀ ਚਿੜ ਚਿੜਾਹਟ ਦੇ ਨਾਲ ਨਾਲ ਪੱਤਿਆ ਦਾ ਰਾਗ..ਰੁਕਮਣੀ ਹਵਾ ਮਨ ਨੂੰ ਹੋਰ ਵੀ ਸਕੂਨ ਦਿੰਦੀ। ਭਲੇ ਦਿਨ ਸਨ ਉਪਰ ਵਾਲਾ ਵੀ ਸਾਥ ਦਿੰਦਾ। ਲੋਕ ਵੀ ਦਾਣੇ ਘਰ ਲਿਆਉਣ ਲਈ ਇਕ ਦੂਸਰੇ ਦਾ ਪੂਰਾ ਸਾਥ ਦਿੰਦੇ ਹਟ ਵਟਾਉਂਦੇ। ਬੱਸ ਇਕ ਗੱਲ ਚੇਤੇ ਵਿਚ ਫਸੀ ਰਹਿਣੀ ਕਿ ਜਿਵੇਂ ਕਿਵੇਂ ਦਾਣਾ ਦਾਣਾ ਘਰ ਪੁੱਜ ਜਾਵੇ ਅਤੇ ਭੜੌਲੀ ਭਰ ਲਈ ਜਾਵੇ।
ਕੱਖ ਕੰਡਾਂ ਵੱਢਦਿਆਂ ਕਈ ਵਾਰ ਦਾਤੀ ਅਜਿਹੀ ਵੱਜਣੀ ਕਿ ਮੈਲੇ (ਖੂਨ) ਦੀ ਤਤੀਰੀ ਵੱਜਣੀ। ਕਈ ਵਾਰ ਖਾਲ਼ ਖੋਤਦੇ ਹੋਏ ਕਹੀ ਪੈਰ, ਅੰਗੂਠੇ, ਲੱਤ 'ਤੇ ਵੱਜ ਜਾਣੀ। ਖੂਨ ਨਿਕਲ ਜਾਣਾ। । ਖੂਨ ਨਿਕਲਦਾ ਦੇਖ ਬਾਪੂ ਨੇ ਕਹਿਣਾ ਐਂ ਕਰ ਜਰਾ ਪਾਸੇ ਨੂੰ ਹੋ ਕੇ ਮੂਤ (ਪਿਸ਼ਾਬ) ਕਰਲੈ।, ਜਖ਼ਮ ਆਪਣੇ ਮੁਤ ਨਾਲ ਹੀ ਸਾਫ਼ ਕਰ ਲੈਣਾ ਅਤੇ ਸਾਫ਼ੇ (ਪਰਨੇ) ਦੀ ਕੰਨੀ ਪਾੜ•ਕੇ ਪੱਟੀ ਕਰ ਲੈਣੀ ਅਤੇ ਫਿਰ ਕੰਮ ਵਿਚ ਜੁਟ ਜਾਣਾ। ਜੇਕਰ ਜ਼ਖ਼ਮ ਡੂੰਘਾ ਹੋਣਾ ਤਾਂ ਵਾਢੀ ਕਰਕੇ ਰਾਤੀ ਘਰ ਆ ਕੇ ਸਰੋਂ ਦਾ ਤੇਲ• ਗਰਮ ਕਰਕੇ ਵਿਚ ਹਲਦੀ ਮਿਲਾ ਜਖ਼ਮ 'ਤੇ ਲਾ ਲੈਣੀ।।ਰਾਤ ਨੂੰ ਰੋਟੀ ਖਾਣ ਤੋਂ ਬਾਅਦ ਮੋਟੀ ਸਾਰੀ ਗੁੜ ਦੀ ਡਲੀ ਖਾ ਲੈਣੀ। ਬੱਸ, ਉਦੋਂ ਕਿਸਾਨਾਂ, ਗਰੀਬਾਂ ਦਾ ਇਹੀ ਇਲਾਜ ਸੀ। ।
ਹੁਣ ਮੰਡੀਆਂ ਵਿਚ ਮਾਸਕ ਪਾਉਣਾ ਲਾਜ਼ਮੀ ਕਰ ਦੇਣਾ। ਮਜ਼ਦੂਰ ਤੇ ਕਿਸਾਨ ਦਾ ਮੂੰਹ ਮਾਸਕ ਨਾਲ ਢਕ ਦੇਣ ਤੇ ਸੈਨੇਟਾਈਜਰ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ। ਇਹ ਕੀ ਜਾਣੈ ਕਿ ਕਣਕ ਦੀ ਢੇਰੀ ਸਾਫ਼ ਕਰਨ ਵੇਲੇ ਜੱਟ, ਸੀਰੀ ਤੇ ਖੇਤ ਮਜ਼ਦੂਰ ਪਹਿਲਾਂ ਹੀ ਸਿਰ 'ਤੇ ਬੰਨੇ ਪਰਨੇ ਨਾਲ ਮੂੰਹ ਸਿਰ ਲਪੇਟ ਲੈਂਦਾ। ਖੇਤਾਂ ਵਿਚ ਕਣਕ ਰੁਲ ਰਹੀ ਹੈ ਤੇ ਏੇਧਰ ਇਹ ਪਾਸ ਪਾਸ ਦੀਆਂ ਖੇਡਾਂ ਖੇਡੀ ਜਾ ਰਹੇ ਨੇ। ਕਿਸਾਨ ਖੇਤ ਮਜ਼ਦੂਰ ਖੇਤਾਂ ਤੇ ਮੰਡੀਆਂ ਵਿਚ ਰੁਲ ਰਿਹਾ। ਚੜ੍ਹ ਚੜ੍ਹ ਆਉਂਦਾ ਬੱਦਲ ਕਾਲਜੇ ਨੂੰ ਧੂਹ ਪਾਉਂਦਾ। ਕਿਸਾਨ ਫਸਲ ਲਿਆਉਣ ਲਈ ਮੰਡੀਆਂ 'ਚ ਆੜਤੀਆਂ ਤੇ ਅਫ਼ਸਰਾਂ ਦੇ ਚੱਕਰ ਕੱਟ ਰਿਹਾ। ਪਰ ਇਹਨਾਂ ਨੂੰ ਉਦਯੋਗਪਤੀਆਂ ਦੇ ਦਿਵਾਲੀਏ ਹੋਣ ਦਾ ਫ਼ਿਕਰ ਸਤਾ ਰਿਹਾ। ਅਖ਼ੇ ਸਾਹਬ ! ਕਿਰਤੀਆਂ, ਮਜ਼ਦੂਰਾਂ ਨੂੰ ਤਨਖਾਹਾਂ ਲਾਜ਼ਮੀ ਦੇਣ ਵਾਲੇ ਫੈਸਲੇ 'ਤੇ ਮੁੜ ਗੌਰ ਕਰੋ। ਉਫ਼ ! ਇਹ ਕਿਸਾਨ ਦੇ ਪੁੱਤ, ਕਿਸਾਨਾਂ ਦੇ ਮੁਦਈ। ।
ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ ਵਲੋਂ ਲਏ ਵਾਕ ਦੀ ਆਵਾਜ਼ ਕੰਨੀਂ ਪੈਂਦੀ ਹੈ। ਫਿਰ ਮੋਬਾਇਲ ਚੁੱਕਦਾ ਤਾਂ ਦੇਖਦਾ ਕਿ ਚਾਰ ਵਜੇ ਗਏ ਨੇ। ਮੋਬਾਇਲ ਦਾ ਅਲਾਰਮ ਵੱਜਦਿਆਂ ਧਰਮ ਪਤਨੀ ਵੀ ਕਰਵਟ ਲੈਂਦੀ ਉਠਣ ਲੱਗਦੀ ਹੈ ਤੇ ਮੈਂ ਖੇਸੀ ਨਾਲ ਅੱਖਾਂ ਪੂੰਝਦਾ ਹੋਇਆ ਖੇਸੀ 'ਚ ਮੂੰਹ ਦੇ ਕੇ ਸੌਣ ਦਾ ਯਤਨ ਕਰਦਾ ਹਾਂ।
-ਜੈ ਸਿੰਘ ਛਿੱਬਰ
9855452043
No comments:
Post a Comment