Tuesday, 14 April 2020

ਡਮਰੂ ਤੇ ਪੈੱਨ

       

   ਉਦੋਂ ਉਹ 14 ਕੁ ਵਰਿਆ ਦਾ ਸੀ। ਅੱਠਵੀਂ ਬੋਰਡ ਦਾ ਇਮਤਿਹਾਨ ਦੇਣ ਤੋਂ ਬਾਅਦ ਪੜ੍ਹਾਈ ਤੋਂ ਵਿਹਲਾ ਹੋ ਗਿਆ। ਬੋਰਡ ਦਾ ਨਤੀਜ਼ਾ ਕੁਝ ਮਹੀਨਿਆਂ ਬਾਅਦ ਆਉਣਾ ਸੀ। ਸਾਰੇ ਆੜੀ ਨਵੇਂ ਨਵੇਂ ਕੱਪੜੇ ਪਾ ਆਪਣੇ ਆਪਣੇ ਨਾਨਕਿਆਂ ਅਤੇ ਭੂਆ ਦੇ ਘਰੀਂ ਤੁਰ ਗਏ। ਛੁੱਟੀਆਂ ਮਨਾਉਣ । ਉਹ ਕਿਤੇ ਨਾ ਗਿਆ। ਦੋ ਦਿਨ ਘਰ ਹੀ ਰਿਹਾ।  ਤੀਜ਼ੇ ਦਿਨ ਸਿਰ 'ਤੇ ਡੱਬੀ ਵਾਲਾ ਪਰਨਾ ਬੰਨ ਤੇੜ ਖਾਕੀ ਪਜਾਮਾ ਪਾ ਕੇ ਆਪਣੇ ਤਾਏ ਦੇ ਮੁੰਡੇ ਨਾਲ ਬਰਫ਼ ਦੀ ਫੈਕਟਰੀ ਚਲਾ ਗਿਆ। ਸਕੂਲ ਅੱਗੇ ਕੁਲਫ਼ੀ ਦੀ ਰੇਹੜੀ ਲਾਉਣ ਵਾਲਾ ਲੰਬੂ (ਬਿਹਾਰੀ) ਕੁਲਫ਼ੀਆਂ ਦੀ ਗਿਣਤੀ ਕਰਵਾ ਪੇਟੀ ਵਿਚ ਰੱਖਣ ਲਈ ਮਸਤ ਸੀ।  ਹੋਰ ਵੀ ਮਜ਼ਦੂਰ ਕਾਰਖਾਨੇ ਦੇ ਅੰਦਰ ਜਾਂਦੇ ਅਤੇ ਕੁਲਫ਼ੀਆਂ ਦੀ ਟਰੇਅ ਭਰ ਭਰ ਬਾਹਰ ਆਉਂਦੇ। ਸਾਰੇ ਆਪੋ ਆਪਣੀ ਵਾਰੀ ਮੁਤਾਬਿਕ ਕੁਲਫ਼ੀਆਂ ਦੀ ਗਿਣਤੀ ਨੋਟ ਕਰਵਾਕੇ ਆਪਣੀ ਆਪਣੀ ਪੇਟੀ (ਕੁਲਫ਼ੀ ਰੇਹੜੀ) ਵਿਚ ਰੱਖ ਰਹੇ ਸਨ।
ਉਸਦੀਆਂ ਅੱਖਾਂ ਵਿੱਚ ਹੰਝੂ ਨਿਕਲ ਰਹੇ ਸਨ। ਪਹਿਲੀ ਵਾਰ ਬਰਫ਼ ਦੀ  ਫੈਕਟਰੀ ਵਿਚ ਗਿਆ ਸੀ। ਨੱਕ ਨੂੰ ਅਜੀਬ ਜਿਹੀ ਗੈਸ ਦਾ ਮੁਸ਼ਕ ਚੜ•ਨ ਅਤੇ ਅੱਖਾਂ ਵਿਚ ਗੈਸ ਰੜਕਣ ਕਾਰਨ ਮੋਟੇ ਮੋਟੇ ਹੰਝੂ ਅੱਖਾਂ ਤੋਂ ਬੁੱਲਾਂ ਤੱਕ ਆ ਗਏ। ਐਨੇ ਨੂੰ ਸੋਹਣਾ ਵੀ ਆਪਣੀ ਰਿਕਸ਼ਾ ਰੇਹੜੀ 'ਤੇ ਰੱਖੀ ਪੇਟੀ ਵਿਚ ਬਰਫ਼ ਤੇ ਨਮਕ ਭਰ ਆ ਗਿਆ।
“ਬਾਬੂ ਜੀ ਏਹ ਨੂੰ ਵੀ ਰਿਕਸ਼ਾ ਦੇਣੀ ਐ।” ਸੋਹਣੇ ਨੇ ਬਰਫ਼ ਫੈਕਟਰੀ  ਦੇ ਮਾਲਕ ਦੇ ਮੁੰਡੇ ਨੂੰ  ਜਾਣ ਪਛਾਣ ਕਰਵਾਉਂਦਿਆਂ ਕਿਹਾ। ਬਾਬੂ ਦੀ ਹਾਂ ਮਿਲਣ ਤੋਂ ਬਾਅਦ ਸੋਹਣੇ  ਨੇ ਆਪਣੀ ਮਰਜ਼ੀ ਮੁਤਾਬਕ ਦੋਵੇਂ ਪੇਟੀਆਂ ਵਿਚ ਕੁਲਫ਼ੀਆਂ ਭਰ ਦਿੱਤੀਆਂ ਅਤੇ ਪੈਡਲ ਮਾਰ ਆਪਣੇ ਘਰ ਨੂੰ ਤੁਰ ਪਏ। ਘਰ ਮੂਹਰੇ ਕੁਲਫ਼ੀਆਂ ਦੀਆਂ ਦੋ ਰੇਹੜੀਆਂ ਦੇਖ ਉਸਦੀ ਮਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਅੰਬ ਦੇ ਆਚਾਰ ਨਾਲ ਰੋਟੀ ਖਾਕੇ ਅਤੇ ਪਿੱਤਲ ਦਾ ਚਾਹ ਨਾਲ ਭਰਿਆ ਗਲਾਸ ਪੀ ਉਹ ਪਲਾਸਟਿਕ ਦਾ ਥੈਲਾ ਲੱਭਣ ਲੱਗ ਪਿਆ।
“ਕੀ ਲੱਭ ਰਿਹਾ -- ਕਿਉਂ ਕਸੂਸਰੇ 'ਚ ਹੱਥ ਮਾਰੀ ਜਾਂਦਾ” ਮਾਂ ਨੇ ਪਿਆਰ ਭਰੀ ਝਿੜਕੀ ਦਿੰਦਿਆਂ  ਕਿਹਾ।
“ਮੋਮਜਾਮੇ ਦਾ ਥੈਲਾ ਲੱਭਦੈ , ਕਣਕ ਪਾਉਣ ਲਈ” ਅਤੇ ਥੈਲਾ ਚੁੱਕ ਉਹ ਰਿਕਸ਼ੇ ਦਾ ਪੈਡਲ ਮਾਰਦਾ ਮਾਰਦਾ ਆਪਣੇ ਤਾਏ ਦੇ ਮੁੰਡੇ ਦੇ ਪਿੱਛੇ ਪਿੱਛੇ ਹੋ ਗਿਆ। ਪਹਿਲੇ ਦਿਨ ਪਿੰਡਾਂ ਵਿਚ ਉਹ ਦੋਵੇਂ ਇਕੱਠੇ ਗਏ। ਪਿੰਡ ਦੇ ਇਕ ਪਾਸੇ ਉਹ ਅਤੇ ਦੂਜੇ ਪਾਸੇ ਉਹ ਚਲੇ ਜਾਂਦਾ। ਸ਼ਾਮ ਹੋਈ ਤਾਂ ਵਾਪਸ ਸ਼ਹਿਰ ਬਰਫ਼ ਕਾਰਖਾਨੇ ਪਰਤ ਆਏ। ਪਹਿਲੇ ਦਿਨ ਉਸਦੀਆਂ ਕੋਈ ਬਹੁਤੀਆਂ ਕੁਲਫੀਆਂ ਨਹੀਂ ਵਿਕੀਆ। ਕਾਰਖਾਨੇ ਦਾ ਬਾਬੂ ਵਾਪਸ ਕੁਲਫੀਆਂ ਜਮ•ਾਂ ਕਰਵਾਉਣ 'ਤੇ ਮੋਟੀਆਂ ਮੋਟੀਆਂ ਅੱਖਾਂ ਨਾਲ ਦੇਖਣ ਲੱਗ ਪਿਆ। ਸੋਹਣਾ ਬਾਬੂ ਦੀ ਘੂਰ ਨੂੰ ਸਮਝ ਚੁੱਕਿਆ ਸੀ। “ਅੱਜ ਪਹਿਲਾਂ ਦਿਨ ਐ, ਇਹਦੇ ਕੋਲ• ਡਮਰੂ ਵੀ ਨਹੀਂ। ਨਾਲੇ ਅੱਜ ਗਏ ਵੀ ਲੇਟ ਸੈਂ। ਹੌਲੀ ਹੌਲੀ ਠੀਕ ਹੋਜੇਗਾ ” ਸੋਹਣੇ ਨੇ ਬਾਬੂ ਨੂੰ ਆਪੇ ਹੀ ਗਰੰਟੀ ਦਿੰਦਿਆਂ ਆਖਿਆ। ਉਹ ਥੱਕ ਚੁੱਕਿਆ ਸੀ। ਪਰ ਪਹਿਲੀ ਵਾਰ ਦਿਹਾੜੀ ਦੇ ਮਿਲੇ ਤੇਈ ਰੁਪਏ ਉਸਨੂੰ ਸਕੂਨ ਵੀ ਦੇ ਰਹੇ ਸਨ। ਦੂਜੇ ਦਿਨ ਉਹ ਬਜ਼ਾਰ ਗਿਆ ਤੇ ਨਵਾਂ ਡਮਰੂ ਖਰੀਦ ਲਿਆਇਆ। ਦੁਕਾਨ ਤੋਂ ਲੈ ਕੇ ਘਰ ਤੱਕ ਉਹ ਡਮਰੂ ਵਜਾਉਂਦਾ ਆਇਆ। ਅੱਜ ਪਹਿਲੀ ਵਾਰ ਡਮਰੂ ਵਜਾਇਆ ਸੀ। ਹੁਣ ਉਹ ਰੋਜ਼ ਸਵੇਰੇ ਸਕੂਲ ਜਾਣ ਵਾਂਗ ਉਠਦਾ ਅਤੇ ਫੈਕਟਰੀ ਜਾ ਕੇ ਕੁਲਫ਼ੀਆਂ ਦੀ ਰੇਹੜੀ ਭਰਕੇ ਲਿਆਉਂਦਾ। ਹੁਣ ਉਸਦਾ ਵੀ ਨੱਕ ਕਾਰਖਾਨੇ ਦੀ ਗੈਸ ਨੂੰ ਹਜ਼ਮ ਕਰਨ ਲੱਗ ਪਿਆ ਸੀ ਤੇ ਅੱਖਾਂ ਨੇ ਹੰਝੂ ਹਜ਼ਮ ਕਰਨੇ ਸਿੱਖ ਲਏ ਸਨ।
ਪਿੰਡੇ ਨੂੰ ਲੂੰਹਦੀ ਗਰਮ ਹਵਾਵਾਂ 'ਚ ਉਸਦਾ ਰੰਗ ਝੁਲਸਿਆ ਗਿਆ। ਪਰ, ਰੋਜ਼ ਥੈਲਾ ਭਰਕੇ ਕਣਕ ਦਾ ਘਰ ਲਿਆਉਣਾ, ਰੁਪਿਆ, ਦੋ ਰੁਪਏ, ਪੰਜ ਰੁਪਏ ਅਤੇ ਭਾਣ ਨੂੰ ਵਾਰ ਵਾਰ ਗਿਣਨਾ ਉਸਦੀ ਸਾਰੀ ਥਕਾਵਟ ਲਾ ਦਿੰਦਾ।
ਹੁਣ ਉਹ ਨੌਗਾਵਾਂ, ਗੰਢੂਆਂ, ਥਾਬਲਾਂ, ਉਚਾ ਪਿੰਡ, ਭਾਮੀਆ, ਖੇੜੀ ਨੌਧ, ਬੁਰਜ ਸੁਹਾਵੀ ਤੱਕ ਜਾ ਕੇ ਡਮਰੂ ਵਜਾਉਂਦਾ। ਤਿੱਖੜ ਦੁਪਹਿਰ, ਚੱਲਦੀ ਲੂੰ ਵੀ ਉਸਦੇ ਹੌਂਸਲੇ, ਹਿੰਮਤ ਅੱਗੇ ਫਿੱਕੀ ਪੈ ਜਾਂਦੀ।
ਅੱਜ ਅਚਾਨਕ ਦੁਪਹਿਰੇ ਹੀ ਆਸਮਾਨ 'ਚ ਕਾਲੇ ਬੱਦਲ ਛਾ ਗਏ। ਤੇਜ਼ ਝੱਖੜ ਤੁਫ਼ਾਨ ਅੱਗੇ ਉਹ ਬੇਬੱਸ ਹੋ ਗਿਆ। ਸੜਕ 'ਤੇ ਖੜ•ੇ ਦਰਖਤ ਤੇਜ਼ ਹਵਾ ਨਾਲ ਧਰਤ ਨੂੰ ਲੱਗ ਲੱਗ ਮੁੜ ਰਹੇ ਸਨ। ਹੁਣ ਉਸਦੇ  ਰਿਕਸ਼ੇ ਦੀ ਚੈਨ ਟੁੱਟ ਚੁੱਕੀ ਸੀ। ਤੇਜ਼ ਹਨੇਰੀ ਦੇ ਨਾਲ  ਨਾਲ ਜ਼ੋਰ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ। ਕਣਕ ਭਿੱਜ ਗਈ ਤੇ ਉਸਦਾ ਬੁਰਾ ਹਾਲ। ਸੜਕ 'ਤੇ ਉਸਤੋਂ ਬਿਨਾਂ ਕੋਈ ਹੋਰ ਨਹੀਂ ਚੱਲ ਰਿਹਾ ਸੀ। ਹੰਝੂ ਕੇਰਦਾ ਕੇਰਦਾ ਰਿਕਸ਼ੇ ਨੂੰ ਖਿੱਚਦਾ ਖਿੱਚਦਾ ਅਕਸਰ ਉਹ ਫੈਕਟਰੀ ਪੁੱਜ ਗਿਆ। ਫੈਕਟਰੀ ਦੇਰ ਨਾਲ ਪੁੱਜਣ ਵਾਲਾ ਉਹ ਇਕੱਲਾ ਸੀ। ਕੁਲਫ਼ੀਆ ਖੁਰ ਚੁੱਕੀਆਂ ਸਨ। ਕੁਲਫੀਆਂ ਦੇ ਡੱਕਿਆਂ ਦੀ ਗਿਣਤੀ ਦੇ ਹਿਸਾਬ ਨਾਲ ਵੇਚੇ ਮਾਲ ਦੇ ਪੈਸੇ ਜਮ•ਾਂ ਕਰਵਾਕੇ ਉਹ ਘਰ ਨੂੰ ਤੁਰ ਪਿਆ। ਮੀਂਹ ਨਾਲ ਭਿੱਜੇ ਨੂੰ ਮਾਂ ਨੇ ਗਲਵਕੜੀ ਵਿਚ ਲੈ ਲਿਆ।
“ਪੁੱਤ ਛੱਡ ਤੂੰ ਇਹ ਕੰਮ -ਬਹੁਤ ਉਮਰ ਪਈ ਐ ਕੰਮ ਕਰਨ ਨੂੰ, ਤੂੰ ਪੜ•ਲੈ ਬੱਸ..ਜਦੋਂ ਦਾ ਬੱਦਲ ਚੜਿਆ ਉਦੋਂ ਦੀਆਂ ਅੱਖਾਂ ਪੱਕ ਗਈਆਂ ਤੈਨੂੰ ਦੇਖਦੇ ਦੇਖਦੇ ” ਮਾਂ ਇਕੋ ਸਾਹ ਉਸਨੂੰ  ਸੱਭ ਕੁੱਝ ਕਹਿ ਗਈ। ਉਹ ਪੜ•ਾਈ ਦੇ ਨਾਲ  ਨਾਲ ਸਮਾਂ ਮਿਲਣ 'ਤੇ ਦਿਹਾੜੀ ਜੋਤਾ ਵੀ ਕਰਦਾ ਰਿਹਾ। ਸਮੇਂ ਨੇ ਵੱਡੀ ਕਰਵਟ ਲਈ। ਸਭ ਕੁੱਝ ਬਦਲ ਗਿਆ। ਹੁਣ ਉਹ ਡੱਬੀ ਵਾਲੇ ਪਰਨੇ ਦੀ ਥਾਂ ਪੱਗ ਬੰਨਣ, ਖਾਕੀ ਪਜਾਮੇ ਦੀ ਥਾਂ ਪੈਂਟ ਪਾਉਣ ਲੱਗ ਪਿਆ। ਕਦੇ ਕਦੇ ਪੈਂਟ ਕੋਟ, ਟਾਈ  ਤੇ ਕਾਲੀਆਂ ਐਨਕਾਂ ਵੀ ਲਾ ਲੈਂਦਾ। ਪਰ ਜਦੋਂ ਐਨਕਾਂ ਲਾ ਕੇ ਪੈਂਟ ਕੋਟ ਪਾਕੇ, ਕਾਰ 'ਚ ਬਾਹਰ ਨਿਕਲਦਾ ਤਾਂ ਮੁਰਗੀਆਂ ਦੇ ਫਾਰਮ ਵਾਲਿਆਂ ਨੂੰ ਬਹੁਤ ਚੁੱਭਦਾ। ਛੁੱਟੀਆਂ ਵਿਚ ਮੁਰਗੀਆਂ ਦੀ ਬਿੱਠਾਂ ਚੁੱਕਣ ਵਾਲਾ ਮੁੰਡਾ ਹੁਣ ਐਨਕਾਂ, ਟਾਈ ਤੋਂ ਬਗੈਰ ਗੱਲ ਨਹੀਂ ਕਰਦਾ। ਸੁਪਿੰਦਰ ਸਿੰਹੁ ਨੇ ਤਾਏ ਨੂੰ ਉਲਾਂਭਾ ਦਿੰਦਾ ਕਿ ਮੁੰਡਾ ਵਿਗੜ ਗਿਆ ਏ-- ਐਨਕਾਂ, ਪੈਂਟ ਕੋਟ ਟਾਈ ਤੋਂ ਬਗੈਰ ਨਹੀਂ ਗੱਲ ਨਹੀਂ ਕਰਦੈ । ਤਾਇਆ ਦੱਸਦਾ ਕਿ ਸੁਪਿੰਦਰ ਨੇ ਇਹ ਉਲਾਂਭਾ ਦਿੱਤਾ ਅਤੇ ਜਵਾਬ ਵਿਚ ਮੈਂ ਹੱਥੋ ਹੱਥੀ ਕਹਿ ਦਿੱਤਾ ਕਿ ਹੁਣ ਉਹ ਡੱਮਰੂ ਨੀਂ ਵਜਾਉਂਦਾ..ਉਸਦੇ ਹੱਥ ਵਿਚ ਡਮਰੂ ਨਹੀਂ ਪੈਨ ਐ।

--ਜੈ ਸਿੰਘ ਛਿੱਬਰ
9855452043

No comments:

Post a Comment