Tuesday, 28 April 2020

ਮਰੀਜ਼ ਦੀ ਖੁਸ਼ੀ ਮੇਰੇ ਲਈ ਵੱਡਾ ਐਵਾਰਡ : ਡਾ ਸ਼ਰਮਾ

ਖੁੱਲ੍ਹੀਆਂ ਗੱਲ੍ਹਾਂ --

ਪਟਿਆਲਾ ਦੀ ਸਬਜ਼ੀ ਮੰਡੀ ਵਿਚ ਨਿਹੰਗਾਂ ਵਲੋਂ ਕੀਤੇ ਗਏ ਹਮਲੇ ਦੌਰਾਨ ਪੰਜਾਬ ਪੁਲਿਸ ਦੇ ਏ.ਐਸ.ਆਈ ਹਰਜੀਤ ਸਿੰਘ ਦਾ ਹੱਥ ਗੁੱਟ ਨਾਲੋ ਅਲੱਗ ਹੋ ਗਿਆ। ਇਸ ਘਟਨਾਂ ਦੀ ਦੇਸ਼ ਵਿਚ ਖੂਬ ਚਰਚਾ ਹੋਈ। ਪੀ.ਜੀ.ਆਈ ਦੇ ਡਾਕਟਰਾਂ ਨੇ ਕਰੀਬ ਸਾਢੇ ਸੱਤ ਘੰਟੇ ਦੇ ਅਪਰੇਸ਼ਨ ਬਾਅਦ ਪੁਲਿਸ ਅਧਿਕਾਰੀ ਦਾ ਹੱਥ ਦੁਬਾਰਾ ਗੁੱਟਾ (ਬਾਂਹ ) ਨਾਲ ਜੋੜ ਦਿੱਤਾ ਹੈ। ਸਾਡੇ ਚੰਡੀਗੜ੍ਹ ਸਥਿਤ ਵਿਸ਼ੇਸ਼ ਪ੍ਰਤੀਨਿਧ ਜੈ ਸਿੰਘ ਛਿੱਬਰ ਵਲੋਂ ਹਰਜੀਤ ਦਾ ਹੱਥ ਜੋੜਨ ਵਾਲੇ ਪੀ.ਜੀ.ਆਈ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾ ਆਰ.ਕੇ ਸ਼ਰਮਾਂ ਨਾਲ ਕੀਤੀ ਗਈ ਗੱਲਬਾਤ ਦੇ ਵਿਸ਼ੇਸ਼ ਅੰਸ਼ --

ਸਵਾਲ - ਡਾ ਸਾਹਿਬ, ਪੁਲਿਸ ਅਧਿਕਾਰੀ ਦਾ ਹੱਥ ਗੁੱਟ (ਬਾਂਹ) ਤੋਂ ਅਲੱਗ ਕਰ ਦਿੱਤਾ ਗਿਆ। ਤੁਹਾਨੂੰ ਮਰੀਜ਼ ਦੇ ਪੀ.ਜੀ.ਆਈ ਪੁੱਜਣ ਜਾਂ ਅਗੇਤੀ ਜਾਣਕਾਰੀ ਮਿਲ ਗਈ ਸੀ? 
ਜਵਾਬ --ਮਾਮਲਾ ਪੁਲਿਸ ਅਧਿਕਾਰੀ ਨਾਲ ਸਬੰਧਿਤ ਹੋਣ ਕਰਕੇ ਦੇਸ਼ ਵਿਦੇਸ਼ ਵਿਚ ਅਪਰੇਸ਼ਨ ਬਾਰੇ ਕਾਫ਼ੀ ਜ਼ਿਆਦਾ ਚਰਚਾ ਹੋਈ ਹੈ। ਜਦੋਂ ਕਿ ਪੀ.ਜੀ.ਆਈ ਵਿਚ ਅਜਿਹੇ ਮਾਮਲੇ ਅਕਸਰ ਆਉਂਦੇ ਰਹਿੰਦੇ ਹਨ। ਹਾਂ, ਪੁਲਿਸ ਦਾ ਮਾਮਲਾ ਹੋਣ ਕਰਕੇ ਸਾਨੂੰ ਇਸਦੀ ਅਗੇਤੀ ਜਾਣਕਾਰੀ ਮਿਲ ਗਈ ਸੀ। ਮਰੀਜ਼ ਦੇ ਪਟਿਆਲਾ ਤੋਂ ਪੀ.ਜੀ.ਆਈ ਪੁੱਜਣ ਤੱਕ ਅਸੀਂ (ਡਾਕਟਰਾਂ) ਆਪਰੇਸ਼ਨ ਥਿਏਟਰ ਵਿਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਸਨ। ਸਮੁੱਚੀ ਟੀਮ ਅਪਰੇਸ਼ਨ ਥਿਏਟਰ ਵਿਚ ਅਪਰੇਸ਼ਨ ਕਰਨ ਲਈ ਤਿਆਰ ਬਰ ਤਿਆਰ ਖੜ੍ਹੀ ਸੀ। ਜਿਉਂ ਹੀ ਮਰੀਜ਼ ਪੀ.ਜੀ.ਆਈ ਪੁੱਜਿਆ ਅਸੀਂ ਸਿੱਧਾ ਅਪਰੇਸ਼ਨ ਥਿਏਟਰ ਵਿਚ ਲੈ ਗਏ ਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ।  

ਸਵਾਲ -ਟੀਮ ਵਿਚ ਕਿੰਨੇ ਮੈਂਬਰ ਸਨ? ਅਪਰੇਸ਼ਨ ਕਰਨ ਲਈ ਕਿੰਨਾਂ ਸਮਾਂ ਲੱਗਿਆ?
ਜਵਾਬ -ਅਪਰੇਸ਼ਨ ਕਰਨ ਲਈ ਇਕੱਲਾ ਸਰਜਨ ਨਹੀਂ, ਹੋਰ ਡਾਕਟਰਾਂ ਤੇ ਵਿਭਾਗਾਂ ਦੇ ਅਧਿਕਾਰੀਆਂ, ਡਾਕਟਰਾਂ ਦਾ ਵੀ ਅਹਿਮ ਰੋਲ ਹੁੰਦਾ ਹੈ। ਪਲਾਸਟਿਕ ਸਰਜਨ ਵਿਭਾਗ ਦੇ ਡਾਕਟਰਾਂ ਤੋਂ ਇਲਾਵਾ ਬੇਹੋਸ਼ ਕਰਨ ਵਾਲੇ ਡਾਕਟਰ, ਤਕਨੀਸ਼ੀਅਨ, ਨਰਸਾਂ ਤੇ ਹੋਰ ਸਟਾਫ ਦੀ ਅਪਰੇਸ਼ਨ ਥਿਏਟਰ ਵਿਚ ਅਹਿਮ ਭਾਗੀਦਾਰੀ ਹੁੰਦੀ ਹੈ। ਹਰਜੀਤ ਦਾ ਅਪਰੇਸ਼ਨ ਕਰਨ ਲਈ ਕਰੀਬ ਸਾਢੇ ਸੱਤ ਘੰਟੇ ਦਾ ਸਮਾਂ ਲੱਗਿਆ ਹੈ। ਜਦੋਂ ਕੱਟੇ ਹੋਏ ਅੰਗ ਨੂੰ ਦੁਬਾਰਾ ਜੋੜਨਾ ਹੁੰਦਾ ਤਾਂ ਕਈ ਤਰ੍ਹਾਂ ਦੀ ਸਾਵਧਾਨੀ ਵਰਤਣੀ ਪੈਂਦੀ ਹੈ। ਹੱਡੀ ਨੂੰ ਹੱਡੀ ਨਾਲ, ਖੂਨ ਵਾਲੀ ਨਾੜ ਨੂੰ ਖੂਨ ਵਾਲੀ ਨਾੜ ਨਾਲ, ਮਾਸਪੇਸ਼ੀਆਂ ਨੂੰ ਮਾਸਪੇਸ਼ੀਆਂ ਨਾਲ ਜੋੜਨਾ ਹੁੰਦਾ ਹੈ। ਮਤਲਬ ਹਰੇਕ ਨਸ ਨੂੰ ਸਬੰਧਿਤ ਨਸ ਨਾਲ ਜੋੜਨਾ ਪੈਂਦਾ ਹੈ। ਇਹ ਸਾਰਾ ਕੰਮ ਮਾਈਕਰੋਸਕੋਪ ਨਾਲ ਕਰਨਾ ਪੈਂਦਾ ਹੈ। 

ਸਵਾਲ -- ਸਾਢੇ ਸੱਤ ਘੰਟੇ? ਕੀ ਹੱਥ ਦਾ ਗੁੱਟ ਨਾਲੋ ਅਲੱਗ ਹੋਣ ਕਰਕੇ ਅਪਰੇਸ਼ਨ ਜ਼ਿਆਦਾ ਗੰਭੀਰ ਸੀ? 
ਜਵਾਬ -ਅਪਰੇਸ਼ਨ ਸਾਰੇ ਗੰਭੀਰ ਹੁੰਦੇ ਹਨ। ਇੱਥੇ ਹਰਜੀਤ ਦਾ ਹੱਥ ਸਿੱਧਾ ਤਲਵਾਰ ਨਾਲ ਕੱਟਿਆ ਗਿਆ ਜਿਸ ਕਰਕੇ ਅਪਰੇਸ਼ਨ ਕਰਨਾ ਬਲਕਿ ਥੋੜਾ ਸੌਖਾ ਸੀ।  ਜਦੋਂ ਕਿ ਸਾਡੇ ਕੋਲ੍ਹ ਖਾਸਕਰਕੇ ਇਨ੍ਹਾਂ ਦਿਨਾਂ ਵੁਚ, ਜਦੋਂ ਵਾਢੀ ਚੱਲਦੀ ਹੈਂ ਤਾਂ ਥਰੈਸ਼ਰ, ਮਸ਼ੀਨ ਵਿਚ ਕਈ ਵਾਰ ਹੱਥ, ਬਾਂਹ, ਪੈਰ ਜਾਂ ਕਈ ਵਾਰ ਵਾਲ਼ ਮਸ਼ੀਨ ਵਿਚ ਆਉਣ ਕਰਕੇ ਸਿਰ ਵੀ ਕੱਟਿਆ ਜਾਂਦਾ ਹੈ, ਵਰਗੇ ਗੰਭੀਰ ਕੇਸ ਆਉਂਦੇ ਹਨ। ਜਿਨ੍ਹਾਂ ਦੀ ਸਰਜਰੀ ਕਰਨੀ ਕਾਫ਼ੀ ਕਠਿਨ ਹੁੰਦੀ ਹੈ। ਪਰ ਹਰਜੀਤ ਦਾ ਕਿਰਪਾਨ ਨਾਲ ਹੱਟ ਕੱਟਿਆ ਹੋਣ ਕਰਕੇ ਸਾਨੂੰ 90 ਫੀਸਦੀ ਤੋਂ ਵੱਧ ਉਮੀਦ ਹੈ ਕਿ ਹੱਥ ਪਹਿਲਾਂ ਦੀ ਤਰ੍ਹਾਂ ਕੰਮ ਕਰੇਗਾ। 

ਸਵਾਲ --ਯਾਨੀ ਹਰਜੀਤ ਦਾ ਹੱਥ ਜੁੜ ਗਿਆ , ਅਪਰੇਸ਼ਨ ਕਾਮਯਾਬ ਹੋਇਆ? 
ਜਵਾਬ -ਬਿਲਕੁੱਲ , ਮੈਂ ਹੁਣ ਹੀ ਹਰਜੀਤ ਦੀ ਪੱਟੀ ਚੈੱਕ ਕਰਕੇ ਆਇਆ ਹਾਂ।  ਉਂਗਲਾਂ ਹਿੱਲਣ ਲੱਗ ਪਈਆਂ ਹਨ। ਹੱਥ ਨੇ ਥੋੜੀ ਮੂਵਮੈਂਟ ਕਰਨੀ ਸ਼ੁਰੂ ਕਰ ਦਿੱਤੀ ਹੈ। ਖੂਨ ਦਾ ਪ੍ਰਭਾਵ ਸ਼ੁਰੂ ਹੋ ਗਿਆ ਹੈ। ਅਸੀਂ ਉਸਨੂੰ ਐਕਸਰਸਾਈਜ ਦੱਸਾਂਗੇ। ਫੀਜਿਓਥਰੈਪੀ ਤਿੰਨ ਚਾਰ ਮਹੀਨੇ ਚੱਲੇਗੀ। ਯਾਨੀ ਪੰਜ ਕੁ ਮਹੀਨਿਆਂ ਤੱਕ ਪੂਰੀ ਤਰ੍ਹਾਂ ਹੱਥ ਹਿਲਜੁੱਲ ਕਰਨਾ ਸ਼ੁਰੂ ਕਰ ਦੇਵੇਗਾ। 

ਸਵਾਲ -ਡਾਕਟਰ ਸਾਹਿਬ , ਚਲੋ ਇਹ ਤਾਂ ਪੁਲਿਸ ਅਧਿਕਾਰੀ ਸੀ, ਸਾਰਾ ਕੁੱਝ ਬੜੀ ਤੇਜ਼ੀ ਨਾਲ ਹੋਇਆ। ਜੇਕਰ ਕਿਸੇ ਸਧਾਰਨ ਮਰੀਜ਼ ਦਾ ਅੰਗ ਕੱਟਿਆ ਜਾਵੇ ਤਾਂ ਮਰੀਜ਼ ਨੂੰ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ ? ਜਾਂ ਕਿੰਨੇ ਸਮੇਂ ਤੱਕ ਹਸਪਤਾਲ ਜਾਂ ਪੀ.ਜੀ.ਆਈ ਵਿਚ ਪੁੱਜ  ਜਾਣਾ ਚਾਹੀਦਾ? 
ਜਵਾਬ --ਬਹੁਤ ਅੱਛਾ ਸਵਾਲ ਕੀਤਾ। ਜਦੋਂ ਵੀ ਕਿਸੇ ਮਰੀਜ਼ ਦਾ ਅੰਗ ਸਰੀਰ ਤੋਂ ਅਲੱਗ ਹੋ ਜਾਵੇ ਤਾਂ ਸੱਭਤੋਂ ਪਹਿਲਾਂ ਕੱਟਿਆ ਹੋਇਆ ਅੰਗ ਸਾਫ ਕਰਕੇ ਚੁੱਕ ਲਓ। ਕੱਟੇ ਹੋਏ ਅੰਗ ਨੂੰ ਗਿੱਲੇ (ਭਿੱਜੇ ਹੋਏ) ਕੱਪੜੇ ਵਿਚ ਲਪੇਟ ਕੇ ਪਲਾਸਟਿਕ ਦੇ ਲਿਫਾਫ਼ੇ ਵਿਚ ਪਾ ਲਓ। ੁਉਸਤੋਂ ਬਾਅਦ ਇਕ ਹੋਰ ਲਿਫਾਫੇ ਵਿਚ ਬਰਫ਼ ਪਾ ਲਓ ਅਤੇ ਬਰਫ਼ ਵਾਲਾ ਲਿਫ਼ਾਫਾ ਅੰਗ ਵਾਲੇ ਲਿਫਾਫ਼ੇ ਵਿਚ ਰੱਖ ਦਿਓ। ਪਰ ਸਾਵਧਾਨੀ ਵਰਤਣੀ ਪਵੇਗੀ ਕਿ ਕੱਟੇ ਹੋਏ ਅੰਗ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ। ਬਰਫ਼ ਰੱਖਣ ਦਾ ਮਕਸਦ ਤਾਪਮਾਨ ਨਿਯੰਤਰਣ ਕਰਨਾ ਹੁੰਦਾ ਹੈ। ਬਾਕੀ ਚਾਰ ਪੰਜ ਘੰਟੇ ਵਿਚ ਮਰੀਜ਼ ਹਸਪਤਾਲ ਪਹੁੰਚ ਜਾਣਾ ਚਾਹੀਦਾ ਹੈ। 

ਸਵਾਲ -ਡਾਕਟਰ ਸਾਹਿਬ , ਦੇਖਣ ਵਿਚ ਆਉਂਦਾ ਕਿ ਕਈ ਵਾਰ ਕਿਸੀ ਮਰੀਜ਼ ਦਾ ਕੋਈ ਅੰਗ ਬਿਲਕੁੱਲ ਨਸ਼ਟ ਹੋ ਜਾਂਦਾ ਹੈ। ਕੀ ਕਿਸੀ ਮਰੀਜ਼ ਨੂੰ ਕਿਸੀ ਹੋਰ ਮਰੀਜ਼ ਦਾ ਅੰਗ ਲਾਇਆ ਜਾ ਸਕਦਾ ਹੈ? 
ਜਵਾਬ -ਵੈਰੀ ਗੁੱਡ ਕੁਐਸ਼ਚਨ (ਬਹੁਤ ਚੰਗਾਂ ਸਵਾਲ ਕੀਤਾ) ਹਾਂ ਅਜਿਹਾ ਤਜ਼ਰਬਾ ਕੇਰਲਾ ਵਿਖੇ ਕੀਤਾ ਗਿਆ ਹੈ। ਪਰ ਇਹ ਬਹੁਤ ਕਠਿਨ, ਜਟਿਲ ਕੰਮ ਹੈ।  ਇਸਨੂੰ ਡਾਕਟਰੀ ਭਾਸ਼ਾ ਵਿਚ ਮੁਰਦੇ ਦਾ ਅੰਗ ਲਾਉਣਾ ਕਹਿੰਦੇ ਹਨ।  ਕੇਰਲਾ ਵਿਚ ਇਕ ਮਰੀਜ਼ ਨੂੰ ਦੋ ਹੱਥ ਲਾਏ ਗਏ ਸਨ। ਪਰ ਇਹ ਬਹੁਤ ਔਖਾ ਕੰਮ ਹੈ ਕਿਉਂਕਿ ਸਾਡੀ ਬਾਡੀ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਮੇਰਾ ਅੰਗ ਨਹੀਂ ਹੈ। ਜਦੋਂ ਬਾਡੀ ਨਾਲ ਕਿਸੀ ਹੋਰ ਬਾਡੀ ਦਾ ਅੰਗ ਲੱਗਦਾ ਤਾਂ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ। ਪੂਰੀ ਜ਼ਿੰਦਗੀ ਮਰੀਜ਼ ਨੂੰ ਦਵਾਈ ਖਾਣੀ ਪੈਂਦੀ ਹੈ। ਯਾਨੀ ਇਹ ਬਹੁਤ ਮਹਿੰਗਾ ਇਲਾਜ਼ ਹੈ। 

ਸਵਾਲ -ਪੀ.ਜੀ.ਆਈ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਪਲਾਸਟਿਕ ਸਰਜਰੀ ਵਿਭਾਗ ਕੰਮ ਕਰ ਰਿਹਾ? 
ਜਵਾਬ -ਮੈਡੀਕਲ ਕਾਲਜ ਪਟਿਆਲਾ ਤੇ ਅੰਮ੍ਰਿਤਸਰ ਵਿਖੇ ਹੈ। ਪਰ ਮੇਰੀ ਦਿਲੀ ਇੱਛਾ ਹੈ ਕਿ ਹਰੇਕ ਮੈਡੀਕਲ ਕਾਲਜ ਵਿਚ ਪਲਾਸਟਿਕ ਸਰਜਰੀ ਦਾ ਵਿਭਾਗ ਹੋਣਾ ਚਾਹੀਦਾ ਹੈ। ਜਿੰਨੀਂ ਤਵੱਜੋ ਪਲਾਸਟਿਕ ਸਰਜਰੀ ਨੂੰ ਮਿਲਣੀ ਚਾਹੀਦੀ ਸੀ, ਉਹ ਮਿਲੀ ਨਹੀਂ। ਚਲੋ ਹਰਜੀਤ ਦਾ ਮਾਮਲਾ ਹੋਣ ਕਰਕੇ ਜ਼ਿਆਦਾ ਚਰਚਾ ਹੋ ਗਈ ਹੈ। ਪਰ ਪਲਾਸਟਿਕ ਸਰਜਰੀ ਹਰੇਕ ਮੈਡੀਕਲ ਕਾਲਜ ਵਿਚ ਹੋਣੀ ਚਾਹੀਦੀ ਹੈ। 

ਸਵਾਲ -ਪੀ.ਜੀ.ਆਈ ਵਿਚ ਕਦੋਂ ਆਏ ਸਨ? ਹੁਣ ਤੱਕ ਕਿੰਨੇ ਕੁ ਅਪਰੇਸ਼ਨ ਕਰ ਦਿੱਤੇ ਹਨ? 
ਜਵਾਬ -1980 ਵਿਚ ਰੋਹਤਕ (ਹਰਿਆਣਾ) ਤੋਂ ਐਮ.ਬੀ.ਬੀ.ਐਸ ਕੀਤੀ। ਫਿਰ ਪੀ.ਜੀ.ਆਈ ਵਿਚ ਵਿਦਿਆਰਥੀ ਬਣਕੇ ਆਇਆ ਸੀ ਯਾਨੀ 1980 ਤੋਂ ਹੁਣ ਤੱਕ ਇੱਥੇ ਹਾਂ। 1983 ਵਿਚ ਐਮ.ਐਸ., 1985 ਵਿਚ ਐਮ.ਸੀ.ਐਚ (ਪਲਾਸਟਿਕ ਸਰਜਰੀ) ਕੀਤੀ । 1986 ਵਿਚ ਡੀ.ਐਨ.ਬੀ ਕਰ ਲਈ। ਉਦੋਂ ਤੋਂ ਇਥੇ ਸੇਵਾਵਾਂ ਦੇ ਰਿਹਾ ਹਾਂ। ਬਾਕੀ ਅਪਰੇਸਨਾਂ ਦੀ ਤਾਂ ਹੁਣ ਕੋਈ ਗਿਣਤੀ ਹੀ ਨਹੀਂ , ਅਣਗਿਣਤ ਕਰ ਚੁੱਕੇ ਹਾਂ।

ਸਵਾਲ -ਸਰ, ਲੰਬਾਂ ਸਮਾਂ ਤੁਸੀਂ ਇੱਥੇ ਸੇਵਾਵਾਂ ਦੇ ਰਹੇ ਹੋ, ਅਪਰੇਸ਼ਨ ਅਣਗਿਣਤ ਕੀਤੇ , ਸਰਕਾਰ ਜਾਂ ਪ੍ਰਸ਼ਾਸਨ ਵਲੋਂ ਮਿਲੇ ਐਵਾਰਡ ਬਾਰੇ ਦੱਸੋ? 
ਜਵਾਬ --ਮਰੀਜ਼ ਦੀ ਮੁਸਕਰਾਹਟ ਵੱਡਾ ਐਵਾਰਡ ਹੈ। ਮਰੀਜ਼ ਦਾ ਸ਼ੁਕਰੀਆਂ ਕਹਿਣਾ ਮੇਰਾ ਵੱਡਾ ਐਵਾਰਡ ਹੈ। ਵੈਸੇ ਮੇਰੀ ਇੱਛਾ ਵੀ ਨਹੀਂ ਹੈ। 

No comments:

Post a Comment