ਯਹੀ ਥੀ ਮੇਰੀ ਖ਼ਤਾ ਅਬ ਜੋ ਚਾਹੇ ਦੇ ਦੋ ਸਜ਼ਾ
ਜੈ ਸਿੰਘ ਛਿੱਬਰ,ਚੰਡੀਗੜ੍ਹ :
ਪਾਕਿਸਤਾਨ ਸੈਨਾ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫ਼ੀ ਪਾਉਣ ਦੇ ਮਾਮਲੇ ਵਿੱਚ ਅੱਜ ਨਵਜੋਤ ਸਿੱਧੂ ਨੇ ਚੁੱਪੀ ਤੋੜਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਜੱਫੀ ਪਾ ਕੇ ਵੱਡਾ ਗੁਨਾਹ ਕੀਤਾ ਹੈ ਤਾਂ ਸਰਕਾਰ ਨੂੰ ਲਾਹੌਰ 'ਚ ਬੈਠੇ ਭਾਰਤੀ ਕਮਿਸ਼ਨਰ ਵਾਪਸ ਬੁਲਾ ਲੈਣੇ ਚਾਹੀਦੇ ਹਨ, ਦਿੱਲੀ ਤੋਂ ਲਾਹੌਰ ਤੱਕ ਚਲਦੀ ਬੱਸ ਅਤੇ ਹਰ ਤਰ੍ਹਾਂ ਦਾ ਵਪਾਰ ਬੰਦ ਕਰਨਾ ਚਾਹੀਦਾ ਹੈ। ਅੱਜ ਆਪਣੀ ਸਰਕਾਰੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਹੱਦ 'ਤੇ ਸ਼ਾਂਤੀ ਹੋਵੇਗੀ ਤਾਂ ਹੀ ਜਵਾਨਾਂ ਦੀ ਸ਼ਹਾਦਤ ਰੁਕ ਸਕਦੀ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸਰਹੱਦ 'ਤੇ ਜੰਗ ਵੇਲ੍ਹੇ ਜਵਾਨ ਲੜਾਈ ਲੜਦੇ ਹਨ ਨਾ ਕਿ ਸਿਆਸੀ ਨੇਤਾ। ਉਨ੍ਹਾਂ ਕਿਹਾ ਕਿ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਹੀ ਸੰਭਵ ਹੈ।
ਸਿੱਧੂ ਨੇ ਕਿਹਾ ਕਿ ਅਤੀਤ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਦਿੱਲੀ ਤੋਂ ਲਾਹੌਰ ਤੱਕ ਬੱਸ ਚਲਾਈ ਉਸਤੋਂ ਬਾਅਦ ਕਾਰਗਿਲ ਦਾ ਯੁੱਧ ਹੋਇਆ ਅਤੇ 527 ਜਵਾਨ ਸ਼ਹੀਦ ਹੋਏ ਸਨ। ਇਸਦੇ ਬਾਵਜੂਦ ਉਸ ਸਮੇਂ ਫੌਜ ਦੇ ਮੁਖੀ ਰਹੇ ਪ੍ਰਵੇਜ ਮੁਸਰਫ਼ ਆਗਰਾ ਆਏ ਸਨ, ਕੀ ਉਦੋਂ ਸਰਹੱਦਾਂ 'ਤੇ ਜਵਾਨ ਸ਼ਹੀਦ ਨਹੀਂ ਹੁੰਦੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦਿਆਂ ਸਿੱਧੂ ਨੇ ਕਿਹਾ ਕਿ ਨਰਿੰਦਰ ਮੋਦੀ ਤਾਂ ਬਿਨਾਂ ਬੁਲਾਏ ਤਤਕਾਲੀ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸਰੀਫ ਦੇ ਪਰਿਵਾਰਕ ਵਿਆਹ ਵਿਚ ਸ਼ਾਮਲ ਹੋਣ ਲਈ ਗਏ ਸਨ।
ਸਿੱਧੂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਤੋਂ ਮੰਜੂਰੀ ਮਿਲਣ ਅਤੇ ਵੀਜ਼ਾ ਲੈ ਕੇ ਪਾਕਿ ਗਏ ਸਨ ਅਤੇ ਬਕਾਇਦਾ ਕੇਂਦਰੀ ਵਿਦੇਸ਼ ਮੰਤਰੀ ਸੁਸਮਾ ਸਵਰਾਜ਼ ਨੇ ਉਨ੍ਹਾਂ ਨੂੰ ਫੋਨ ਕਰਕੇ ਪਰਮਿਸ਼ਨ ਹੋਣ ਦੀ ਗੱਲ ਕਹੀ ਸੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਦੂਸਰੀ ਕਤਾਰ ਵਿਚ ਬੈਠੇ ਸਨ, ਪਰ ਪ੍ਰੋਟੋਕੋਲ ਅਧਿਕਾਰੀ ਨੇ ਸਹੁੰ ਚੁੱਕ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਅੱਗੇ ਬਿਠਾ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਨਾਲ ਕੋਣ ਬੈਠਾ ਹੈ? ਸਿੱਧੂ ਨੇ ਕਿਹਾ ਫੌਜ ਮੁਖੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਾਂਤੀ ਚਾਹੁੰਦੇ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਵਸ 'ਤੇ ਡੇਰਾ ਬਾਬਾ ਨਾਨਕ, ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਜੇਕਰ ਇਕ ਬੰਦਾਂ ਉਨ੍ਹਾਂ ਨੂੰ ਝੁਕ ਕੇ ਮਿਲ ਰਿਹਾ ਹੈ ਕੀ ਉਹ ਪਿਠ ਦਿਖਾਉਂਦੇ। ਸਿੱਧੂ ਨੇ ਕਿਹਾ ਕਿ ਪੰਜਾਬੀਆਂ ਦੀ ਮੇਹਮਾਨ ਨਿਵਾਜ਼ੀ ਹੈ।
ਸਿੱਧੂ ਨੇ ਉਨ੍ਹਾਂ ਦੇ ਪਾਕਿਸਤਾਨ ਜਾਣ ਅਤੇ ਸੈਨਾ ਮੁਖੀ ਨੂੰ ਜੱਫ਼ੀ ਪਾਉਣ 'ਤੇ ਸਿਆਸਤ ਕਰਨ ਵਾਲਿਆਂ 'ਤੇ ਨਰਾਜ਼ਗੀ ਜਾਹਿਰ ਕਰਦਿਆਂ ਕਿਹਾ ਕਿ ਭਾਜਪਾ ਕੌਣ ਹੁੰਦੀ ਐ ਉਨ੍ਹਾਂ ਦੀ ਹੱਦ ਤੈਅ ਕਰਨ ਵਾਲੀ, ਉੁਹ ਦੋਸਤੀ ਲਈ ਗਏ ਸਨ ਅਤੇ ਪਿਆਰ ਲੈ ਕੇ ਵਾਪਸ ਆਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਉਸਨੂੰ ਰਾਸ਼ਟਰ ਪ੍ਰੇਮ ਸਿਖਾ ਰਹੇ ਹਨ,ਉਹ ਉਦੋਂ ਕਿੱਥੇ ਸਨ ਜਦੋਂ ਬਿਨਾਂ ਬੁਲਾਏ ਮਹਿਮਾਨ ( ਨਰਿੰਦਰ ਮੋਦੀ) ਪਾਕਿਸਤਾਨ ਗਏ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਨਾਰਾਜਗੀ ਪ੍ਰਗਟ ਕਰਨ 'ਤੇ ਕੋਈ ਟਿਪਣੀ ਕਰਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਬੋਲਣ ਦਾ ਅਧਿਕਾਰ ਹੈ। ਕੈਪਟਨ ਉਨ੍ਹਾਂ ਤੋਂ ਵੱੱਡੇ ਹਨ ਤੇ ਉਨ੍ਹਾਂ ਦਾ ਸਨਮਾਨ ਕਰਦੇ ਹਨ।
No comments:
Post a Comment