ਪਹਿਲੇ ਦਿਨ ਸਦਨ ਵਿਚ ਲੀਰੋ ਲੀਰ ਦਿਖੀ ਆਮ ਆਦਮੀ ਪਾਰਟੀ
ਬਲਾਉਣਾ ਤਾਂ ਦੂਰ ਅੱਖ ਵੀ ਮਿਲਾਉਣੀ ਗਵਾਰਾਂ ਨਾ ਸਮਝੀ
ਜੈ ਸਿੰਘ ਛਿੱਬਰ
ਚੰਡੀਗੜ੍ਹ : ਆਮ ਆਦਮੀ ਦੇ ਹਿਤੈਸ਼ੀ ਕਹਾਉਣ ਵਾਲੇ ਆਗੂ ਸਦਨ ਵਿਚ ਸੀਟਾਂ ਦੀ ਲੜਾਈ ਵਿਚ ਉਲਝਕੇ ਰਹਿ ਗਏ ਹਨ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਆਮ ਆਦਮੀ ਪਾਰਟੀ ਸਦਨ ਦੇ ਅੰਦਰ ਲੀਰੋ ਲੀਰ ਦਿਖਾਈ ਦਿੱਤੀ। ਪਾਰਟੀ ਵਿਧਾਇਕ ਦਲ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਆਪਣੇ ਸਾਥੀ ਵਿਧਾਇਕਾਂ ਨਾਲ ਸਦਨ ਵਿਚ ਪ੍ਰਵੇਸ਼ ਕੀਤਾ। ਪਾਰਟੀ ਦੇ ਵਿਧਾਇਕਾਂ ਵਿਚ ਗੁੱਟਬੰਦੀ ਇਸ ਕਦਰ ਦਿਖਾਈ ਦਿੱਤੀ ਕਿ ਦੋਵੇਂ ਗੁੱਟਾਂ ਦੇ ਵਿਧਾਇਕਾਂ ਨੇ ਇਕ ਦੂਸਰੇ ਨੂੰ ਦੁਆ ਨਮਸਤੇ ਕਰਨੀ ਤਾਂ ਦੂਰ ਬਲਕਿ ਅੱਖ ਵੀ ਮਿਲਾਉਣੀ ਗਵਾਰਾ ਨਾ ਸਮਝੀ। ਸਦਨ ਦੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਖੁਦ ਖਹਿਰਾ ਧੜੇ ਦੇ ਵਿਧਾਇਕਾਂ ਨੂੰ ਮਿਲਣ ਵਿਧਾਇਕ ਲਾਬੀ ਵਿਚ ਪੁੱਜੇ। ਕੁੱਝ ਮਿੰਟਾਂ ਦੀ ਮੁਲਾਕਾਤ ਦੌਰਾਨ ਹਰਪਾਲ ਚੀਮਾ ਨੇ ਰੁੱਸੇ ਵਿਧਾਇਕਾਂ ਨੂੰ ਮਨਾਉਣ ਦਾ ਯਤਨ ਕੀਤਾ।
ਹਾਲਾਂਕਿ ਹਰਪਾਲ ਸਿੰਘ ਚੀਮਾ ਅਤੇ ਸੁਖਪਾਲ ਸਿੰਘ ਖਹਿਰਾ ਵਲੋਂ ਧਾਰਮਿਕ ਗਰੰਥਾਂ ਦੀ ਬੇਅਦਬੀ ਮਾਮਲਿਆਂ ਦੇ ਮੁੱਦੇ 'ਤੇ ਇਕਜੁੱਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਦੋਵੇਂ ਗੁੱਟਾਂ ਦੇ ਵਿਧਾਇਕਾਂ ਦੇ ਰਵੱਈਏ ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਦੋਵੇਂ ਗੁੱਟ ਸਦਨ ਵਿਚ ਆਪੋ ਆਪਣੀ ਡਫ਼ਲੀ ਵਜਾਉਣਗੇ।
ਸੀਟਾਂ ਦੀ ਲੜਾਈ ਨਹੀਂ, ਖਹਿਰਾ ਹੀਰੋ ਬਣਨਾ ਚਾਹੁੰਦਾ : ਚੀਮਾ
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀਟਾਂ ਦੀ ਕੋਈ ਲੜਾਈ ਨਹੀਂ ਹੈ ਅਤੇ ਸੁਖਪਾਲ ਸਿੰਘ ਖਹਿਰਾ ਦੀ ਸੀਟ ਉਨ੍ਹਾਂ ਨੇ ਆਪਣੇ ਨਾਲ ਅੱਗੇ ਲਗਵਾਈ ਹੈ। ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਸਦਨ ਦੇ ਅੰਦਰ ਤੇ ਬਾਹਰ ਹੀਰੋ ਬਣਨਾ ਚਾਹੁੰਦੇ ਹਨ। ਚੀਮਾ ਨੇ ਕਿਹਾ ਕਿ ਉਨ੍ਹਾਂ ਵਲੋਂ ਸਾਰੇ ਵਿਧਾਇਕਾਂ ਨੂੰ ਸਦਨ ਦੇ ਅੰਦਰ ਵੱਖ ਵੱਖ ਮੁੱਦਿਆਂ 'ਤੇ ਬਰਬਾਰ ਸਮਾਂ ਦੇਣ ਦਾ ਭਰੋਸਾ ਦਿੱਤਾ ਗਿਆ ਹੈ, ਪਰ ਖਹਿਰਾ ਤੇ ਉਨ੍ਹਾਂ ਦੇ ਸਾਥੀਆਂ ਨੇ ਵਿਧਾਇਕ ਦਲ ਦੀ ਮੀਟਿੰਗ ਵਿਚ ਸ਼ਮੂਲੀਅਤ ਨਹੀਂ ਕੀਤੀ। ਜਦੋਂ ਕਿ ਖਹਿਰਾ ਦੇ ਵਿਰੋਧੀ ਧਿਰ ਦੇ ਨੇਤਾ ਹੁੰਦੇ ਹੋਏ ਸਾਰੇ ਵਿਧਾਇਕ ਸਮੇਂ ਸਿਰ ਵਿਧਾਇਕ ਦਲ ਦੀ ਮੀਟਿੰਗ ਵਿਚ ਸ਼ਾਮਲ ਹੁੰਦੇ ਰਹੇ ਹਨ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਐਚ.ਐਸ. ਫੁਲਕਾ ਦੋਵੇਂ ਗਰੁੱਪਾਂ ਵਿਚ ਪੁਲ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਲੋਕ ਹਿਤ ਦੇ ਮੁੱਦਿਆਂ ਨੂੰ ਰਲਕੇ ਸਦਨ ਵਿਚ ਉਠਾਇਆ ਜਾਵੇਗਾ। ਭਾਈ ਹਿੰਮਤ ਸਿੰਘ ਵਲੋਂ ਆਪਣੀ ਗਵਾਹੀ ਤੋਂ ਮੁਕਰਨ ਦੇ ਸਵਾਲ ਦੇ ਜਵਾਬ ਵਿਚ ਚੀਮਾ ਨੇ ਕਿਹਾ ਕਿ ਬਾਦਲ ਪਰਿਵਾਰ ਵਲੋਂ ਗਵਾਹਾਂ ਨੂੰ ਡਰਾ ਧਮਕਾ ਕੇ ਮੁਕਰਾਇਆ ਜਾਂਦਾ ਹੈ, ਪਿਛਲੀ ਕੈਪਟਨ ਸਰਕਾਰ ਦੇ ਦੌਰਾਨ ਦਰਜ਼ ਕੀਤੇ ਗਏ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਵੀ ਗਵਾਹ ਕਿਵੇਂ ਮੁਕਰੇ ਸਭ ਜਾਣਦੇ ਹਨ।
ਵਾਕਆਊਟ ਕਰਾਂਗੇ ਲੋਕਾਂ 'ਚ ਕਰਾਂਗੇ ਗੱਲ : ਖਹਿਰਾ
ਆਪ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਸਪਸ਼ਟ ਰੂਪ ਵਿਚ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਦਨ ਵਿਚ ਬੋਲਣ ਨਹੀਂ ਦਿੱਤਾ ਗਿਆ ਤਾਂ ਉਹ ਵਾਕਆਊਟ ਕਰਨਗੇ ਅਤੇ ਬਾਹਰ ਮੀਡੀਆ ਰਾਹੀਂ ਤੇ ਲੋਕਾਂ ਵਿਚ ਜਾ ਕੇ ਆਪਣੀ ਗੱਲ ਰੱਖਣਗੇ। ਖਹਿਰਾ ਨੇ ਕਿਹਾ ਕਿ ਸੀਟ ਦਾ ਕੋਈ ਰੌਲਾ ਨਹੀਂ ਹੈ ਤੇ ਉਹ ਪਿੱਛੇ ਬੈਠਣਗੇ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆਂ ਵਲੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਲੀਕ ਕਰਵਾਉਣ ਦੇ ਲਗਾਏ ਗਏ ਦੋਸ਼ਾਂ ਦੇ ਜਵਾਬ ਵਿਚ ਖਹਿਰਾ ਨੇ ਕਿਹਾ ਕਿ ਜੇਕਰ ਮਜੀਠੀਆਂ ਇਕ ਸਾਬੂਤ ਦੇ ਦੇਣ ਤਾਂ ਉਹ ਰਾਜਨੀਤੀ ਛੱਡ ਦੇਣਗੇ ਇਥੋਂ ਤੱਕ ਵਿਧਾਇਕ ਪਦ ਤੋਂ ਅਸਤੀਫਾ ਦੇ ਦੇਣਗੇ। ਖਹਿਰਾ ਨੇ ਮਜੀਠੀਆਂ ਦੇ ਦੋਸ਼ ਤੇ ਪ੍ਰਤੀਕ੍ਰਿਆਂ ਕਰਦੇ ਹੋਏ ਕਿਹਾ ਕਿ ਉਹ ਆਪਣੇ ਜੀਜੇ ਜਸਟਿਸ ਮਹਿਤਾਬ ਸਿੰਘ ਗਿੱਲ ਦਾ ਕੋਈ ਪੱਖ਼ ਨਹੀਂ ਪੂਰ ਰਹੇ ਪਰ ਮਜੀਠੀਆਂ ਦੱਸੇ ਕੀ ਉਹ ਆਪਣੇ ਜੀਜੇ ਸੁਖਬੀਰ ਬਾਦਲ ਦਾ ਪੱਖ ਪੂਰਦਾ ਹੈ ਜਾਂ ਨਹੀਂ ? ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਹੁਣ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਦਾ ਸੁਰਾਗ ਲਗਾ ਸਕਦੀ ਹੈ ਤਾਂ ਪਹਿਲਾਂ ਕਿਉਂ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਅਤੇ ਅਕਾਲੀ ਆਗੂ ਧਰਨੇ 'ਤੇ ਬੈਠੇ ਆਗੂਆਂ ਨੂੰ ਆਈ.ਐਸ.ਆਈ ਦਾ ਏਜੰਟ ਦੱਸ ਰਹੇ ਹਨ
No comments:
Post a Comment