Wednesday, 1 August 2018

ਇਕ ਡੀਸੀ ਜਿਹਨੇ ਜੱਜ ਦਾ ਡੀਜੇ ਬੰਦ ਕਰਵਾਤਾ ...

..

ਦੁਨੀਆਂ ਚਲਤੀ ਹੈ ਜਮਾਨੇ ਕੇ ਸਾਥ ਸਾਥ, ਮਰਦ ਵੋ ਜੋ ਜਮਾਨੇ ਕੋ ਬਦਲ ਦੇਤਾ ਹੈ ਦੀ ਕਹਾਵਤ ਤੁਸੀਂ ਅਕਸਰ ਸੁਣਦੇ ਹੋ। ਅੱਜ ਇਕ ਮਰਦ ਨਹੀਂ , ਔਰਤ ਦੀ ਬਹਾਦਰੀ ਦੀ ਗੱਲ ਕਰ ਰਿਹੈ, ਜਿਸਨੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਬਲਕਿ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਹਰ “ਸ਼ੈਅ” ਦਾ ਡੱਟ ਕੇ ਮੁਕਾਬਲਾ ਕੀਤਾ।
ਜਿਲ੍ਹੇ ਵਿਚ ਨਾਜ਼ਾਇਜ ਮਾਇਨਿੰਗ ਹੀ ਬੰਦ ਨਹੀਂ  ਕਰਵਾਈ ਬਲਕਿ ਇਕ ਜੱਜ ਦੇ ਘਰ ਰਾਤ ਨੂੰ ਵੱਜਦੈ ਡੀਜੇ ਵੀ ਬੰਦ ਕਰਵਾ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਸਿਆਸਤਦਾਨਾਂ ਨੇ ਸ਼ੁਰੂ ਸ਼ੁਰੂ ਵਿਚ ਡੀਸੀ ਦੇ ਕੰਮ ਵਿਚ ਦਖਲ ਅੰਦਾਜੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਪਾਣੀ ਨਹੀਂ ਚੜ ਸਕਿਆ। ਚਰਚਾ ਹੈ ਕਿ ਡੇਢ ਸਾਲ ਸਿਆਸੀ ਨੇਤਾਵਾਂ ਨੇ ਡੀਸੀ ਦੇ ਦਫ਼ਤਰ ਵਿਚ ਜਾਣਾ ਤਾਂ ਕੀ ਤੱਕਣਾ ਹੀ ਬੰਦ ਕਰ ਦਿੱਤਾ ਸੀ। ਮਨਮਰਜ਼ੀ ਨਾਲ ਕੰਮ ਨਾ ਕਰਵਾਉਣ ਕਰਕੇ ਕਈ “ਵੱਡੇ ਸਾਹਿਬ” ਬਹੁਤ ਔਖੇ ਅਤੇ ਜਿਲ੍ਹੇ ਦੇ ਲੋਕ ਬਹੁਤ ਖੁਸ਼ ਸਨ।
ਚਰਚਾ ਹੈ ਕਿ ਜਿਲ੍ਹਾ ਤੇ ਸੈਸ਼ਨ ਜੱਜ ਦੇ ਬੇਟੇ ਦਾ ਵਿਆਹ ਸੀ। ਰਾਤੀਂ ਦਸ ਵਜੇ ਤੋਂ ਬਾਅਦ ਵੀ ਜੱਜ ਸਾਹਿਬ ਦੇ ਘਰ ਉਚੀ ਅਵਾਜ਼ ਵਿਚ ਡੀਜੇ ਵੱਜਦਾ ਰਿਹਾ, ਕਈ ਵੱਡੇ ਅਧਿਕਾਰੀ ਰਾਤ ਦੀ ਰੰਗੀਨ ਮਹਿਫ਼ਲ ਵਿਚ ਚੁਸਕੀਆਂ ਲੈ ਰਹੇ ਸਨ।  ਲੋਕ ਡੀਸੀ ਸਾਹਿਬ ਨੂੰ ਕਾਨੂੰਨ ਦੀਆਂ ਧੱਜੀਆਂ ਉਡਣ 'ਤੇ ਫੋਨ ਕਰਦੇ ਰਹੇ। ਚਰਚਾ ਹੈ ਕਿ ਡੀਸੀ ਦੇ ਆਦੇਸ਼ 'ਤੇ ਪੁਲਿਸ ਅਧਿਕਾਰੀਆਂ ਨੇ ਇਕ ਸਿਪਾਹੀ ਨੂੰ ਡੀਜੇ ਬੰਦ ਕਰਵਾਉਣ ਲਈ ਭੇਜ ਦਿੱਤਾ। ਪਰ ਜੱਜ ਸਾਹਿਬ ਦੇ ਘਰ ਵੱਜਦੈ ਡੀਜੇ ਕਿਸਦੀ ਹਿੰਮਤ ਬੰਦ ਕਰਵਾ ਦੇ। ਉਸਤੋਂ ਬਾਦ ਇਕ ਥਾਣੇਦਾਰ ਗਿਆ ਤਾਂ ਉਸਨੂੰ ਉਥੇ ਹੀ ਬਿਠਾ ਲਿਆ ਗਿਆ। ਆਖਿਰ ਡੀਸੀ ਸਾਹਿਬ ਨੇ ਇਕ ਮਹਿਲਾ ਐਸ.ਡੀ.ਐਮ ਨੂੰ ਭੇਜਿਆ ਜਿਨ੍ਹਾਂ ਜੱਜ ਦੇ ਘਰ ਵੱਜਦੈ ਡੀਜੇ ਬੰਦ ਕਰਵਾ ਦਿੱਤਾ। ਚਰਚਾ ਹੈ ਕਿ ਡੀਜੇ ਬੰਦ ਹੋਣ ਤੋਂ ਬਾਅਦ ਕਈਆਂ ਦੇ ਗਿਲਾਸ ਹੱਥ ਵਿਚ ਫੜੇ ਰਹਿ ਗਏ ਤੇ ਕਈ ਖਿਸਕ ਗਏ।
ਚਰਚਾ ਹੈ ਕਿ ਪਿਛਲੇ ਦਿਨਾਂ ਦੌਰਾਨ ਕੌੜਾ ਘੁੱਟ ਭਰਨ ਵਾਲੇ ਵੱਡੇ ਸਾਹਿਬ ਅੱਜਕੱਲ੍ਹ ਖੁਸ਼ ਹਨ ਅਤੇ ਅਮਨ ਪਸੰਦ, ਕਾਨੂੰਨ ਵਿਚ ਵਿਸ਼ਵਾਸ਼ ਰੱਖਣ ਵਾਲੇ ਆਮ ਲੋਕੀ ਦੁਖੀ ਹਨ।
ਨੌਕਰੀ ਦੇ ਸਫ਼ਰ ਦੌਰਾਨ ਬਦਲੀਆਂ ਤੇ ਤਾਇਨਾਤੀਆਂ ਇਕ ਪ੍ਰਸ਼ਾਸਨਿਕ ਪ੍ਰੀਕ੍ਰਿਆ ਹੈ। ਪਰ ਲੋਕ ਹਮੇਸ਼ਾਂ ਉਹਨਾਂ ਪੈੜਾਂ ਨੂੰ  ਯਾਦ ਰੱਖਦੇ ਹਨ ਜੋ ਨਵੀਂਆਂ ਪੈਂਦੀਆਂ ਨੇ.....ਜਿਲ੍ਹੇ ਦੇ ਲੋਕ ਪੰਜਾਬ ਦੀ ਉਸ ਬਹਾਦਰ ਧੀ ਵਲੋਂ ਪਾਈਆਂ ਨਵੀਂਆ ਪੀੜਤਾਂ, ਪੈੜਾਂ ਨੂੰ ਹਮੇਸ਼ਾ ਯਾਦ ਰੱਖਣਗੇ।
ਚਰਚਾ ਹੈ ਕਿ ਪੰਜਾਬ ਦੀ ਇਹ ਹੋਣਹਾਰ ਧੀ ਪਟਵਾਰੀ ਦੀ ਬਦਲੀ ਲ਼ਈ ਵੀ ਸਿਆਸੀ ਦਖਲ ਅੰਦਾਜ਼ੀ ਤੋਂ ਦੁਖੀ ਹੈ ਅਤੇ ਆਪਣੇ ਪਿੱਤਰੀ ਰਾਜ ਨੂੰ ਵਹੀਰਾ ਘੱਤਣ ਨੂੰ ਸੋਚ ਰਹੀ ਹੈ ...ਜਦਕਿ ਪੰਜਾਬ ਦੀ ਦਸ਼ਾ ਤੇ ਦਿਸ਼ਾ ਬਦਲਣ ਲਈ ਅਜਿਹੇ ਅਧਿਕਾਰੀਆਂ ਦੀ ਜਰੂਰਤ ਹੈ ...
ਜੈ ਸਿੰਘ ਛਿੱਬਰ

No comments:

Post a Comment