ਸਿਹਤ ਵਿਭਾਗ ਦੀ ਸਿਹਤ ਸੰਭਾਲਣ ਲਈ ਜਿਆਣੀ ਨੇ ਦਿੱਤੇ ਸਿੱਧੂ ਨੂੰ ਅਧਿਕਾਰ
ਚੰਡੀਗੜ /7 ਅਕਤੂਬਰ/ ਜੈ ਸਿੰਘ ਛਿੱਬਰ
ਭਾਜਪਾ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਤੋਂ ਸਿਹਤ ਵਿਭਾਗ ਖੁੱਸ ਜਾਣ ਤੋਂ ਸਿਹਤ ਵਿਭਾਗ ਦੀ ਮੁੱਖ ਸੰਸਦੀ ਸਕੱਤਰ ਡਾ ਨਵਜੋਤ ਸਿਧੂ ਕਾਫੀ ਖੁਸ਼ ਹੈ। ਆਮ ਤੌਰ 'ਤੇ ਸਿਵਲ ਸਕੱਤਰੇਤ ਵਿੱਚ ਸਥਿਤ ਆਪਣੇ ਦਫ਼ਤਰ ਵਿੱਚ ਬਹੁਤ ਘੱਟ ਆਉਣ ਵਾਲੀ ਡਾ ਨਵਜੋਤ ਸਿੱਧੂ ਅੱਜ ਸਿਵਲ ਸਕੱਤਰੇਤ ਵਿੱਚ ਪੂਰੀ ਖੁਸ਼ ਨਜ਼ਰ ਆ ਰਹੀ ਸੀ ਅਤੇ ਉਹਨਾਂ ਬਕਾਇਦਾ ਨਵੇਂ ਬਣੇ ਸਿਹਤ ਮੰਤਰੀ ਸੁਰਜੀਤ ਜਿਆਣੀ ਦੇ ਅਹੁੱਦਾ ਸੰਭਾਲਣ ਮਗਰੋਂ ਲੱਡੂ ਨਾਲ ਮੂੰਹ ਮਿੱਠਾ ਕਰਵਾਇਆ। ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਿਹਤ ਵਿਭਾਗ ਦੇ ਮੰਤਰੀ ਸੁਰਜੀਤ ਜਿਆਣੀ ਨੇ ਸ੍ਰੀ ਮਤੀ ਸਿੱਧੂ ਨੂੰ ਪੂਰੇ ਅਧਿਕਾਰ ਦੇਣ ਦਾ ਭਰੋਸਾ ਦਿੰਦਿਆ ਸਿਹਤ ਵਿਭਾਗ ਦੀ ਸਿਹਤ ਚੰਗੀ ਕਰਨ ਲਈ ਕਿਸੇ ਵੀ ਜਗ•ਾ ਛਾਪਾਮਾਰੀ ਕਰਨ ਦੇ ਅਧਿਕਾਰ ਦੇ ਦਿੱਤੇ। ਇਹੀ ਨਹੀਂ ਸ੍ਰੀ ਮਤੀ ਸਿੱਧੂ ਨੇ ਵੀ ਸਿਹਤ ਮੰਤਰੀ ਜਿਆਣੀ ਨੂੰ ਲੱਗਦੇ ਹੱਥ ਵਿਸ਼ਵਾਸ ਦੁਆਇਆ ਕਿ ਉਹ ਵਿਭਾਗ ਨੂੰ ਚੁਸਤ ਦਰੁਸਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਵਰਨਣਯੋਗ ਗੱਲ ਇਹ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਤੇ ਸਾਂਸਦ ਨਵਜੋਤ ਸਿੱਧੂ ਦੀ ਧਰਮ ਪਤਨੀ ਜੋ ਕਿ ਅੰਮ੍ਰਿਤਸਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ ਦਾ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨਾਲ ਹਸਪਤਾਲਾਂ ਵਿੱਚ ਛਾਪਾਮਾਰੀ ਕਰਨ ਨੂੰ ਲੈ ਕੇ ਵਿਵਾਦ ਛਿੜ ਗਿਆ ਸੀ। ਜਿੱਥੇ ਮਿਤਲ ਨੇ ਸ੍ਰੀ ਮਤੀ ਸਿੱਧੂ ਕੋਲ ਛਾਪਾਮਾਰੀ ਬਾਰੇ ਅਧਿਕਾਰ ਨਾ ਹੋਣ ਦੀ ਗੱਲ ਕਹਿ ਕੇ ਨਵਾਂ ਵਿਵਾਦ ਛੇੜ ਦਿੱਤਾ ਸੀ। ਡਾ ਸਿੱਧੂ ਨੇ ਰੂਪਨਗਰ ਵਿਖੇ ਇੱਕ ਸਰਕਾਰੀ ਡਾਕਟਰ ਨੂੰ ਆਪਣੀ ਬੇਟੀ ਦੇ ਨਾਂਅ ਤੇ ਚੱਲ ਰਹੇ ਪ੍ਰਾਈਵੇਟ ਹਸਪਤਾਲ ਵਿੱਚ ਰੰਗੇ ਹੱਥ ਪ੍ਰੈਕਟਿਸ ਕਰਦਿਆਂ ਪਕੜਿਆ ਸੀ। ਇਸ ਘਟਨਾਂ ਤੋਂ ਬਾਦ ਦੋਵਾਂ ਵਿੱਚ ਕਾਫੀ ਮਤਭੇਦ ਪੈਦਾ ਹੋ ਗਏ ਸਨ। ਹੁਣ ਭਾਜਪਾ ਨਾਲ ਸੰਬੰਧਿਤ ਮੰਤਰੀਆਂ ਦੇ ਵਿਭਾਗਾਂ ਵਿੱਚ ਰੱਦੋਬਦਲ ਹੋਣ ਨਾਲ ਸਿਹਤ ਵਿਭਾਗ ਸੁਰਜੀਤ ਜਿਆਣੀ ਨੂੰ ਮਿਲ ਗਿਆ ਹੈ। ਸਿਹਤ ਮੰਤਰੀ ਤੇ ਮੁੱਖ ਸੰਸਦੀ ਸਕੱਤਰ (ਸਿਹਤ ਵਿਭਾਗ) ਡਾ ਨਵਜੋਤ ਸਿੱਧੂ ਦੇ ਵਿਚਕਾਰ ਕਦੋਂ ਤੱਕ ਨੇੜ•ਤਾ ਬਣੀ ਰਹੇਗੀ ਇਹ ਤਾਂ ਸਮਾਂ ਦੱਸੇਗਾ ਪਰੰਤੂ ਅੱਜ ਡਾ ਸਿੱਧੂ ਖੁਸ਼ ਸੀ।

No comments:
Post a Comment