Sunday, 11 February 2018

50 ਸਾਲ ਤੋਂ ਘੱਟ ਉਮਰ ਦਾ ਅਧਿਆਪਕ ਲੜਕੀਆਂ ਦੇ ਸਕੂਲ ਵਿਚ ਨਹੀਂ ਹੋਵੇਗਾ ਤੈਨਾਤ


---ਸਿੱਖਿਆ ਵਿਭਾਗ ਨੇ ਸਕੂਲਾਂ ਨੂੰ 5 ਜੋਨਾਂ ਵਿਚ ਵੰਡਿਆ 
-- ਅਧਿਆਪਕ ਨੂੰ ਸੱਤ ਸਾਲ ਇਕ ਜੋਨ ਵਿਚ ਪੜਾਉਣਾ ਪਵੇਗਾ ਲਾਜ਼ਮੀ 
--- ਬਦਲੀ ਕਰਵਾਉਣ ਲਈ 200 ਅੰਕ ਕੀਤੇ ਨਿਰਧਾਰਿਤ 
1 ਅਪਰੈਲ ਤੋਂ ਲਾਗੂ ਹੋਵੇਗੀ ਨਵੀਂ ਟਰਾਂਸਫਰ ਪਾਲਸੀ 

ਜੈ ਸਿੰਘ ਛਿੱਬਰ, ਚੰਡੀਗੜ੍ਹ : 
50 ਸਾਲ ਤੋਂ ਘੱਟ ਉਮਰ ਦੇ ਪੁਰਸ਼ ਅਧਿਆਪਕ ਨੂੰ ਲੜਕੀਆਂ ਦੇ ਸਕੂਲ ਵਿਚ ਤੈਨਾਤ ਨਹੀਂ ਕੀਤਾ ਜਾਵੇਗਾ। ਬਦਲੀ ਕਰਵਾਉਣ ਲਈ ਜਿਥੇ ਅਧਿਆਪਕ ਨੂੰ ਸੱਤ ਸਾਲ ਤੱਕ ਇਕ ਜੋਨ ਵਿਚ ਪੜਾਉਣਾ ਲਾਜ਼ਮੀ ਹੋਵੇਗਾ, ਉਥੇ ਵਿਭਾਗ ਵਲੋਂ ਤੈਅ ਕੀਤੇ ਗਏ 200 ਪੁਆਇੰਟ ਵਿਚੋਂ ਘੱਟੋ ਘੱਟ 85 ਅੰਕ ਲੈਣ ਵਾਲੇ ਅਧਿਆਪਕ ਦੀ ਭਰਤੀ ਨੂੰ ਪਹਿਲ ਦਿੱਤੀ ਜਾਵੇਗੀ। ਮਹਿਲਾ ਅਧਿਆਪਕ ਨੂੰ 50 ਪੁਆਇੰਟ ਘੱਟੋ ਘੱਟ ਲੈਣੇ ਪੈਣਗੇ। ਸਿੱਖਿਆ ਵਿਭਾਗ ਵਲੋਂ ਬਣਾਈ ਗਈ “ਟੀਚਰ ਟਰਾਂਸਫਰ ਪਾਲਸੀ 2018 ” ਵਿਦਿਅਕ ਵਰ੍ਹੇ 2018-19 ਲਈ 1 ਅਪ੍ਰੈਲ 2018 ਤੋਂ ਲਾਗੂ ਹੋ ਜਾਵੇਗੀ। 
ਸਿੱਖਿਆ ਵਿਭਾਗ ਵਲੋਂ ਇਹ ਫੈਸਲਾ ਅਧਿਆਪਕਾਂ ਦੀ ਬਦਲੀ ਵਿਚ ਪਾਰਦਰਸ਼ਤਾ ਲਿਆਉਣ ਅਤੇ ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ “ਟੀਚਰ ਟਰਾਂਸਫਰ ਪਾਲਸੀ 2018 ” ਡਰਾਫਟ ਕੀਤੀ ਗਈ  ਹੈ। 
ਨਵੀਂ ਬਣੀ ਟਰਾਂਸਫਰ ਪਾਲਸੀ ਅਨੁਸਾਰ ਜਿਲ੍ਹਾ ਕੇਡਰ ਤੇ ਪੰਜਾਬ ਕੇਡਰ ਦੇ ਸਾਰੇ ਅਧਿਆਪਕਾਂ ਈਟੀਟੀ, ਮਾਸਟਰ ਕਾਡਰ, ਲੈਕਚਰਾਰ, ਸੀ ਐਂਡ ਵੀ, ਵੋਕੇਸ਼ਨਲ ਮਾਸਟਰ, ਪ੍ਰਿੰਸੀਪਲ, ਹੈਡਮਾਸਟਰ ਨੂੰ ਸਥਿਤੀ ਅਨੁਸਾਰ ਪੰਜਾਬ ਦੇ ਕਿਸੀ ਵੀ ਸਕੂਲ ਵਿਚ ਬਦਲਿਆ ਜਾ ਸਕੇਗਾ। ਜਦੋਕਿ ਨਾਨ ਟੀਚਿੰਗ ਸਟਾਫ ਜਿਵੇਂ  ਕਲਰਕ, ਬੀਡੀਪੀਈਓ ਜਾਂ ਜਿਲ੍ਹਾ ਸਿੱਖਿਆ ਅਧਿਕਾਰੀ 'ਤੇ ਇਹ ਪਾਲਸੀ ਲਾਗੂ ਨਹੀਂ ਹੋਵੇਗੀ। ਵੱਡੀ ਗੱਲ ਇਹ ਹੈ ਕਿ ਜੇਕਰ ਕੋਈ ਅਧਿਆਪਕ ਬਦਲੀ ਕਰਵਾਉਣ ਲਈ ਕਿਸੇ ਤਰ੍ਹਾਂ ਦਾ ਦਬਾਅ ਬਣਾਏਗਾ ਤਾਂ ਉਸਦੇ ਖਿਲਾਫ ਵਿਭਾਗੀ ਅਤੇ ਸਰਵਿਸ ਰੂਲ ਮੁਤਾਬਕ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਇਸੀ ਤਰ੍ਹਾਂ ਅਧਿਆਪਕ ਦੀ ਕਿਸੇ ਵੀ ਤਰ੍ਹਾਂ ਨਾਲ ਸਬੰਧਿਤ ਸ਼ਿਕਾਇਤ ਦਾ ਨਿਪਟਾਰਾ 15 ਦਿਨਾਂ ਦੇ ਅੰਦਰ ਅੰਦਰ ਕੀਤਾ ਜਾਵੇਗਾ। 

ਸਕੂਲਾਂ ਨੂੰ ਪੰਜ ਜੋਨਾਂ ਵਿਚ ਵੰਡਿਆ :-
ਪਾਲਸੀ ਅਨੁਸਾਰ ਸਕੂਲਾਂ ਨੂੰ ਪੰਜ ਜੋਨਾਂ ਵਿਚ ਵੰਡਿਆ ਗਿਆ ਹੈ। ਜੋਨ ਇਕ ਵਿਚ ਜਿਲ੍ਹਾ ਪੱਧਰ ਸਥਿਤ ਨਗਰ ਕੌਂਸਲ, ਨਗਰ ਨਿਗਮ ਦੀ ਹਦੂਦ ਵਿਚ ਆਉਣ ਵਾਲੇ ਸਕੂਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜੋਨ ਦੋ ਵਿਚ ਜਿਲ੍ਹਾ ਪੱਧਰ ਸਥਿਤ ਨਗਰ ਕੌਂਸਲ ਦੀ ਹੱਦ (ਜਿੱਥੇ ਕੌਸਲ ਦੀ ਹੱਦ ਖਤਮ ਹੁੰਦੀ ਹੈ) ਤੋਂ 10 ਕਿਲੋਮੀਟਰ ਦੇ ਘੇਰੇ ਵਿਚ ਆਉਣ ਵਾਲੇ ਸਕੂਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸੀ ਤਰ੍ਹਾਂ ਜੋਨ ਤਿੰਨ ਵਿਚ ਤਹਿਸੀਲ ਪੱਧਰ 'ਤੇ ਸਥਿਤ ਨਗਰ ਕੌਂਸਲ ਦੀ ਹੱਦ ਤੋਂ ਪੰਜ ਕਿਲੋਮੀਟਰ ਦੇ ਘੇਰੇ ਵਿਚ ਆਉਣ ਵਾਲੇ ਸਕੂਲ, ਜੋਨ ਚਾਰ ਵਿਚ ਰਾਸ਼ਟਰੀ ਤੇ ਰਾਜ ਮਾਰਗਾਂ ਦੇ 250 ਮੀਟਰ ਦੇ ਘੇਰੇ ਵਿਚ ਆਉਣ ਵਾਲੇ ਸਕੂਲ ਸ਼ਾਮਲ ਹਨ। ਜਦਕਿ ਜੋਨ ਬਾਕੀ ਬਚਦੇ ਸਕੂਲਾਂ ਨੂੰ ਜੋਨ ਪੰਜ ਵਿਚ ਸ਼ਾਮਲ ਕੀਤਾ ਗਿਆ ਹੈ। 

ਇਕ ਵਾਰ ਹੋਵੇਗੀ ਬਦਲੀ :-
ਨਵੀਂ ਪਾਲਸੀ ਅਨੁਸਾਰ 200 ਪੁਆਇੰਟ ਵਿਚੋ 
85 ਅੰਕ ਲੈਣ ਵਾਲੇ ਅਧਿਆਪਕ ਨੂੰ ਪਹਿਲ ਦਿੱਤੀ ਜਾਵੇਗੀ। ਜਦੋਂ ਕਿ 50 ਅੰਕ ਲੈਣ ਵਾਲੀ ਮਹਿਲਾ ਜਾਂ ਵਿਸ਼ੇਸ਼ ਕੈਟਾਗਰੀ ਵਾਲੀ ਮਹਿਲਾ ਅਧਿਆਪਕ ਨੂੰ ਬਦਲੀ ਕਰਵਾਉਣ ਲਈ ਪਹਿਲ ਮਿਲੇਗੀ। ਅਧਿਆਪਕ ਨੂੰ ਹਰੇਕ ਸਾਲ 15 ਜਨਵਰੀ ਤੋਂ 15 ਫਰਵਰੀ ਤੱਕ ਆਨ ਲਾਈਨ ਅਪਲਾਈ ਕਰਨਾ ਹੋਵੇਗਾ ਅਤੇ ਮਾਰਚ ਦੇ ਆਖ਼ਰੀ ਹਫ਼ਤੇ ਬਦਲੀਆਂ ਦੇ ਆਦੇਸ਼ ਜਾਰੀ ਕੀਤੇ ਜਾਣਗੇ। 

ਸਕੂਲ ਅਪਗ੍ਰੇਡ ਦਾ ਫੈਸਲਾ ਦਸੰਬਰ 'ਚ ਹੋਵੇਗਾ :-
ਪੰਜਾਬ 'ਚ ਨਵਾਂ ਸਕੂਲ ਖੋਲਣ, ਸਕੂਲ ਨੂੰ ਅਪਗ੍ਰੇਡ ਕਰਨ, ਨਵਾਂ ਵਿਸ਼ਾਂ ਲਾਗੂ ਕਰਨ, ਨਵਾਂ ਸਿਲੇਬਸ ਜਾਂ ਨਵਾਂ ਗਰੁੱਪ ਚਾਲੂ ਕਰਨ ਬਾਰੇ ਫੈਸਲਾ ਸਾਲ ਵਿਚ ਇਕ ਵਾਰ 1 ਦਸੰਬਰ ਤੋਂ 31 ਦਸੰਬਰ ਵਿਚਕਾਰ ਲਿਆ ਜਾਵੇਗਾ। 

No comments:

Post a Comment