Thursday, 22 June 2017

ਮਾਰਸ਼ਲਾਂ ਨੇ ਘੜੀਸ ਕੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਬਾਹਰ ਕੱਢਿਆ, ਪੱਗਾ ਉਤਰੀਆਂ

ਵਿਧਾਨ ਸਭਾ ਦਾ ਬਜਟ ਸੈਸ਼ਨ –
-
- ਆਪ ਦੀ ਮਹਿਲਾ ਵਿਧਾਇਕ ਸਮੇਤ ਦੋ ਜਖਮੀ, ਹਸਪਤਾਲ ਦਾਖਲ
ਆਪ,ਅਕਾਲੀ ਦਲ, ਭਾਜਪਾ ਸਮੇਤ ਸਮੁੱਚੀ ਵਿਰੋਧੀ ਧਿਰ ਸਦਨ ਤੋਂ ਬਾਹਰ ਕੱਢੀ ਸੱਤਾ ਧਿਰ ਨੇ ਵਿਰੋਧੀ ਧਿਰ ਖਿਲਾਫ ਕੀਤਾ ਨਿੰਦਾ ਪ੍ਰਸਤਾਵ ਪਾਸ
ਜੈ ਸਿੰਘ ਛਿੱਬਰ
ਚੰਡੀਗੜ 22 ਜੂਨ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਸੱਤਵਾ ਦਿਨ ਵੀਰਵਾਰ ਇਤਿਹਾਸ ਦੇ ਕਾਲੇ ਪੰਨਿਆਂ 'ਚ ਦਰਜ ਹੋ ਗਿਆ। ਸਦਨ ਦੇ ਛੇ ਦਹਾਕਿਆਂ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਕਿ ਸਮੁੱਚੀ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਮਾਰਸ਼ਲਾਂ, ਸੁਰੱਖਿਆ ਅਮਲੇਂ ਵਲੋਂ  ਘੜੀਸ ਘੜੀਸ ਕੇ ਬਾਹਰ ਕੱਢਿਆ ਗਿਆ। ਧੱਕੀ ਮੁਕੀ, ਖਿੱਚ ਧੂਹ ਨਾਲ ਜਿਥੇ ਅੰਮ੍ਰਿਤਧਾਰੀ ਸਿੱਖ ਵਿਧਾਇਕਾਂ ਦੀਆਂ ਦਸਤਾਰਾਂ ਉਤਰ ਗਈਆਂ ਉਥੇ ਬੀਬੀਆਂ ਦੀਆਂ ਚੁੰਨੀਆਂ ਵੀ ਲੱਥ ਗਈਆਂ। ਇਸ ਖਿਚ ਧੂਹ, ਜਬਰਦਸਤੀ ਤੇ ਕੁਟਾਪੇ ਨਾਲ ਆਪ ਦੀ ਮਹਿਲਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਤੇ ਮਨਜੀਤ ਸਿੰਘ ਵਿਧਾਇਕ ਜਖਮੀ ਹੋ ਗਏ। ਜਿਹਨਾਂ ਨੂੰ ਸੈਕਟਰ 16 ਹਸਪਤਾਲ ਦਾਖਲ ਕਰਵਾਇਆ ਗਿਆ।
ਅੱਜ ਸਵੇਰੇ ਪ੍ਰਸ਼ਨਕਾਲ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਆਗੂ ਐਚ.ਐਸ ਫੁਲਕਾ ਅਤੇ ਕੰਵਰ ਸੰਧੂ ਨੇ ਆਪ ਦੇ ਵਿਧਾਇਕ ਸੁਖਪਾਲ ਸਿੰਘ ਖੈਹਰਾ ਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਰਮਜੀਤ ਸਿੰਘ ਬੈਂਸ ਨੂੰ ਵਿਧਾਨ ਸਭਾ ਪਰਿਸਰ ਤੋਂ ਬਾਹਰ ਰੋਕਣ 'ਤੇ ਇਤਰਾਜ ਕਰਦਿਆਂ  ਅੰਦਰ ਆਉਣ ਦੀ ਆਗਿਆ ਦੀ ਮੰਗ ਕੀਤੀ। ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ ਨੇਮ ਕੀਤੇ ਦੋਵੇਂ ਵਿਧਾਇਕਾਂ ਨੂੰ ਅੰਦਰ ਪ੍ਰਵੇਸ਼ ਕਰਨ ਦੀ ਪ੍ਰਵਾਨਗੀ ਨਾ ਦੇਣ ਦੇ ਰੋਸ ਵਜੋਂ ਆਪ ਦੇ ਵਿਧਾਇਕਾਂ ਨੇ ਵਿਰੋਧ  ਕਰਦਿਆਂ ਸਪੀਕਰ ਤੇ ਸਰਕਾਰ ਖਿਲਾਫ ਵੈਲ 'ਚ ਆ ਕੇ ਨਾਹਰੇਬਾਜੀ ਸ਼ੁਰੂ ਕਰ ਦਿੱਤੀ। ਸਦਨ 'ਚ ਖੂਬ ਹੰਗਾਮਾ ਹੋਇਆ ਅਤੇ ਸਪੀਕਰ ਨੇ ਸਦਨ 15 ਮਿੰਟ ਲਈ ਮੁਲਤਵੀ ਕਰ ਦਿੱਤਾ। ਦੂਜੀ ਵਾਰ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਫਿਰ ਹਮਲਾਵਰ ਰੁਖ ਅਖਤਿਆਰ ਕਰਦਿਆਂ ਦੋਵੇਂ ਵਿਧਾਇਕਾਂ ਨੂੰ ਅੰਦਰ ਬਲਾਉਣ ਲਈ ਨਾਹਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ। ਸਦਨ ਦੀ ਕਾਰਵਾਈ ਨਾ ਚੱਲਣ ਕਾਰਨ ਸਪੀਕਰ ਨੇ ਆਪ ਦੇ ਸਮੂਹ ਵਿਧਾਇਕਾਂ ਨੂੰ ਨੇਮ ਕਰ ਦਿੱਤਾ ਅਤੇ ਮਾਰਸ਼ਲਾਂ ਰਾਹੀਂ ਪਰਿਸਰ ਤੋਂ ਬਾਹਰ ਕੱਢਣ ਦੇ ਹੁਕਮ ਦਿੰਦਿਆਂ ਸਦਨ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ।
ਇਸ ਦੌਰਾਨ ਮਾਰਸ਼ਲਾਂ ਨੇ ਆਪ ਦੇ ਵਿਧਾਇਕਾਂ ਨੂੰ ਸਦਨ ਤੋਂ ਚੁੱਕਕੇ, ਘੜੀਸ ਕੇ ਬਾਹਰ ਕੱਢ ਦਿੱਤਾ ਧੱਕਾ ਮੁੱਕੀ ਦੌਰਾਨ ਵਿਧਾਇਕ ਪਰਮਲ ਸਿੰਘ ਖਾਲਸਾ ਦੀ ਪੱਗ ਉਤਰ ਗਈ। ਕੁਝ ਦੇਰ ਬਾਅਦ ਆਪ ਦੇ ਸਾਰੇ ਵਿਧਾਇਕ ਅਕਾਲੀ ਦਲ ਦੇ ਵਿਧਾਇਕ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਅੰਦਰ ਪ੍ਰਵੇਸ਼ ਕਰ ਗਏ। ਇਸਤੋਂ ਸਦਨ ਦਾ ਮਾਹੌਲ ਵਿਗੜ ਗਿਆ। ਸਪੀਕਰ ਨੇ ਇਸੀ ਦੌਰਾਨ ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕਾਂ ਨੂੰ ਵੀ ਨੇਮ ਕਰਦਿਆਂ ਇਹਨਾਂ ਨੂੰ ਵੀ ਐਂਸੰਬਰੀ ਪਰਿਸਰ ਤੋਂ ਬਾਹਰ ਕੱਢਣ ਦੇ ਹੁਕਮ ਦਿੱਤੇ। ਮਾਰਸ਼ਲਾਂ ਨੇ ਖਿੱਚ ਧੂਹ, ਘੜੀਸ ਘੜੀਸ ਕੇ ਆਪ ਦੇ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੱਢਿਆ। ਇਸੀ ਦੌਰਾਨ ਵਿਧਾਇਕ ਜੈ ਕਿਸ਼ਨ ਰੋੜੀ, ਕੁਲਵੰਤ ਸਿੰਘ, ਮਨਜੀਤ ਸਿੰਘ ਦੀਆਂ ਵੀ ਦਸਤਾਰਾਂ ਉਤਰ ਗਈਆਂ। ਆਪ ਦੀਆਂ ਤਿੰਨੇ ਮਹਿਲਾ ਵਿਧਾਇਕਾਂ ਪ੍ਰੋ ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ ਤੇ ਸਰਬਜੀਤ ਕੌਰ ਅਤੇ ਵਿਧਾਇਕ ਅਮਨ ਅਰੋੜਾ ਨੇ ਮਨੁੱਖੀ ਚੈਨ (ਕੜੀ) ਬਣਾ ਲਈ। ਖਿਚ ਧੂਹ ਦੌਰਾਨ ਜਿਥੇ ਸਦਨ ਦੇ ਅੰਦਰ ਬੈਂਚ ਡਿੱਗ ਗਏ ਉਥੇ ਆਪ ਦੀ ਮਹਿਲਾ ਵਿਧਾਇਕ ਸਰਬਜੀਤ ਕੌਰ ਦੀ ਬਾਂਹ 'ਤੇ ਗਹਿਰੀ ਸੱਟ ਵੱਜ ਗਈ। ਖਿਚਧੂਹ ਨਾਲ ਕਈ ਵਿਧਾਇਕਾਂ ਦੇ  ਕੱਪੜੇ ਫੱਟ ਗਏ, ਵਾਲ ਖਿਲਰ ਗਏ ਤੇ ਪੱਗਾਂ ਉਤਰ ਗਈਆਂ। ਵਿਧਾਨ ਸਭਾ 'ਚ ਚੀਕ ਚਿਹਾੜਾ ਮਚ ਗਿਆ। ਸਦਨ ਦੇ ਬਾਹਰ ਵੀ ਮਾਰਸ਼ਲਾਂ, ਸਰੁੱਖਿਆ ਗਾਰਡਾਂ ਦੀ ਵਿਧਾਇਕਾਂ ਨਾਲ ਖਿਚਧੂਹ ਹੋ ਗਈ। ਗਰਮੋ-ਗਰਮੀ, ਹਾਲੋ ਬੇਹਾਲ ਹੋਏ ਕਈ ਵਿਧਾਇਕ ਬਾਹਰ ਫਰਸ਼ 'ਤੇ ਡਿੱਗ ਪਏ। ਇਸਤੋਂ ਬਾਦ ਮਾਰਸ਼ਲਾਂ ਨੇ ਅਕਾਲੀ ਭਾਜਪਾ ਦੇ ਵਿਧਾਇਕਾਂ ਨੂੰ ਵੀ ਬਾਹਰ ਕੱਢ ਦਿੱਤਾ। ਪੰਜਾਬ ਵਿਧਾਨ ਸਭਾ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਸਮੁੱਚੀ ਵਿਰੋਧੀ ਧਿਰ ਨੂੰ ਸਦਨ ਹੀ ਨਹੀਂ ਬਲਕਿ ਵਿਧਾਨ ਸਭਾ ਪਰਿਸਰ ਤੋਂ ਹੀ ਬਾਹਰ ਕੱਢਿਆ ਗਿਆ ਹੋਵੇ।
ਇਸਤੋਂ ਬਾਅਦ ਸਦਨ ਦੇ ਅੰਦਰ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾਂ ਵਲੋਂ ਆਪ, ਅਕਾਲੀ ਦਲ, ਭਾਜਪਾ ਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਖਿਲਾਫ ਪੇਸ਼ ਨਿੰਦਾ ਪ੍ਰਸਤਾਵ ਪਾਸ ਕੀਤਾ। ਜਿਕਰਯੋਗ ਹੈ ਕਿ ਮੰਦਭਾਗੀ ਘਟਨਾਂ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਦਨ 'ਚ ਮੌਜੂਦ ਸਨ। ਬਾਅਦ 'ਚ ਸਦਨ ਦੀ ਕਾਰਵਾਈ ਦੌਰਾਨ ਸੱਤਾ ਧਿਰ ਦੇ ਵਿਧਾਇਕਾਂ ਨੇ ਵਿਰੋਧੀ ਧਿਰ ਦੀ ਗੈਰ ਹਾਜ਼ਰੀ 'ਚ ਬਜਟ 'ਤੇ ਬਹਿਸ ਕੀਤੀ ਤੇ ਪਿਛਲੀ ਸਰਕਾਰ ਨੂੰ ਰੱਜਕੇ ਕੋਸਿਆ।

No comments:

Post a Comment