ਮੁੱਖ ਮੰਤਰੀ ਤੋਂ ਮੰਤਰੀਆਂ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਰੋਕਣ ਦੀ ਕੀਤੀ ਮੰਗ
ਡਾ. ਚੀਮਾ ਨੇ ਚੰਨੀ ਨੂੰ ਘਟੀਆ ਹਥਕੰਡੇ ਵਰਤਣ ਤੋਂ ਗੁਰੇਜ ਕਰਨ ਲਈ ਕਿਹਾ
ਚੰਡੀਗੜ 26 ਅਪ੍ਰੈਲ ( ਜੈ ਸਿੰਘ ਛਿੱਬਰ) : ਅਕਾਲੀ ਦਲ ਨੇ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੱਲਾ ਅਤੇ ਹੋਰ ਕੌਸਲਰਾਂ ਦੇ ਖਿਲਾਫ ਪੁਲਿਸ ਵਲੋਂ ਚੋਰੀ ਦਾ ਮਾਮਲਾ ਦਰਜ ਕਰਨ ਨੂੰ ਲੋਕ ਤੰਤਰ ਦਾ ਕਤਲ ਦੱਸਿਆ ਹੈ। ਪਾਰਟੀ ਦੇ ਬੁਲਾਰੇ ਤੇ ਸਕੱਤਰ ਡਾ ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸੂਬੇ ਦੀ ਸੱਤਾ ਪਰਿਵਰਤਨ ਤੋਂ ਬਾਅਦ ਚੁਣੇ ਨੁਮਾਇੰਦਿਆਂ ਨੂੰ ਜਬਰਨ ਕੁਰਸੀ ਤੋਂ ਲਾਹੁਣ ਲਈ ਅਜਿਹੇ ਘਟੀਆਂ ਹੱਥਕੰਡੇ ਵਰਤਣ ਤੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਜਿਹੀ ਧੱਕੇਸ਼ਾਹੀ ਕਰਨ ਤੋਂ ਰੋਕਣ ਦੇ ਆਦੇਸ਼ ਕਰਨ ਦੀ ਮੰਗ ਕੀਤੀ ਹੈ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਸ. ਚੰਨੀ ਵਲੋਂ ਟੇਡੇ ਹਥਕੰਡੇ ਵਰਤਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਚੁਣੇ ਹੋਏ ਕੌਂਸਲਰਾਂ ਨੂੰ ਪ੍ਰੇਸ਼ਾਨ ਕਰਕੇ ਉਹਨਾਂ ਨੂੰ ਆਪਣੇ ਵੱਲ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ। ਪਰ 24 ਅਪ੍ਰੈਲ ਨੂੰ ਪ੍ਰਧਾਨ ਵਿਰੁੱਧ ਰੱਖੇ ਗਏ ਬੇਵਿਸ਼ਵਾਸੀ ਦੇ ਮਤੇ ਦੇ ਫੇਲ ਹੋ ਜਾਣ ਕਰਕੇ ਬੁਖਲਾਹਟ ਵਿੱਚ ਆ ਕੇ ਚੰਨੀ ਵਲੋਂ ਪ੍ਰਧਾਨ ਅਤੇ ਹੋਰ ਅਣਪਛਾਤੇ 20 ਵਿਅਕਤੀਆਂ ਖਿਲਾਫ ਕਾਰਵਾਈ ਰਜਿਸਟਰ ਚੋਰੀ ਕਰਨ ਦਾ ਝੂਠਾ ਇਲਜ਼ਾਮ ਲਾ ਕੇ ਉਹਨਾ ਵਿਰੁੱਧ ਝੂਠਾ ਪਰਚਾ ਮੋਰਿੰਡਾ ਥਾਣੇ ਵਿੱਚ ਦਰਜ ਕਰਵਾਇਆ ਗਿਆ। ਡਾ. ਚੀਮਾ ਨੇ ਕਿਹਾ ਕਿ ਸ. ਚੰਨੀ ਅਤੇ ਕਾਂਗਰਸ ਸਰਕਾਰ ਦਾ ਇਹ ਵਤੀਰਾ ਕਦੇ ਵੀ ਸਹਿਣ ਨਹੀਂ ਕੀਤਾ ਜਾ ਸਕਦਾ ਅਤੇ ਇਸਦਾ ਹਰ ਤਰੀਕੇ ਮੁੰਹ ਤੋੜਵਾਂ ਜੁਆਬ ਦਿੱਤਾ ਜਾਵੇਗਾ।
ਡਾ. ਚੀਮਾ ਵਲੋਂ ਇਸ ਜਿਆਦਤੀ ਦੇ ਮੂੰਹ ਬੋਲਦੇ ਸਾਰੇ ਤੱਥ ਅਤੇ ਐਫ.ਆਈ.ਆਰ ਦੀਆਂ ਕਾਪੀਆਂ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਪਾਰਟੀ ਦੇ 8 ਕੋਂਸਲਰਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਸ. ਚਰਨਜੀਤ ਸਿੰਘ ਬਰਾੜ ਅਤੇ ਸ.ਅਜਮੇਰ ਸਿੰਘ ਖੇੜਾ ਦੀ ਹਾਜਰੀ ਵਿੱਚ ਮੀਡੀਆ ਨੂੰ ਜਾਰੀ ਕੀਤੀਆਂ ਗਈਆਂ ਅਤੇ ਇਸ ਸਬੰਧੀ ਰੋਪੜ ਜਿਲੇ ਦੇ ਡਿਪਟੀ ਕਮਿਸ਼ਨਰ ਨਾਲ ਟੈਲੀਫੋਨ ਤੇ ਵੀ ਗੱਲ ਕਰਕੇ ਤੁਰੰਤ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰਾਂ ਅਤੇ ਹੋਰ ਆਗੂਆਂ ਨੂੰ ਪੜਤਾਲ ਉਪਰੰਤ ਇਨਸਾਫ ਦੇਣ ਦੀ ਅਪੀਲ ਕੀਤੀ। ਡਾ. ਚੀਮਾ ਨੇ ਕਿਹਾ ਕਿ ਇਹ ਕਿੰਨੀ ਵੱਡੀ ਹਨੇਰਗਰਦੀ ਹੈ ਕਿਹ ਇੱਕ ਪਾਸੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਦੀ ਮੰਗ ਤੇ ਸਾਡੇ ਪ੍ਰਧਾਨ ਵਲੋਂ ਲੋਕੰਤਤਰੀ ਪ੍ਰੰਪਰਾਵਾਂ ਦੀ ਪਾਲਣਾ ਕਰਦੇ ਹੋਏ ਹਾਊੁਸ ਵਿੱਚ ਵਿਸਵਾਸ਼ ਹਾਸਲ ਕਰਨ ਲਈ 24 ਅਪ੍ਰੈਲ ਨੂੰ ਸਵੇਰੇ 11 ਵਜੇ ਮੀਟਿੰਗ ਬੁਲਾਈ ਗਈ ਪਰ ਆਪਣਾ ਮਕਸਦ ਪੂਰਾ ਹੁੰਦਾ ਨਾ ਵੇਖ ਕੇ ਹਲਕਾ ਵਿਧਾਇਕ ਅਤੇ ਮੰਤਰੀ ਵਲੋਂ ਹਾਊਸ ਦੇ ਫੈਸਲੇ ਨੂੰ ਸਵਿਕਾਰ ਕਰਨ ਦੀ ਥਾਂ ਉਲਟਾ ਕਮੇਟੀ ਦੇ ਪ੍ਰਧਾਨ ਖਿਲਾਫ ਖਰਚਾ ਦਰਜ ਕਰਾਉਣ ਦਾ ਆਦੇਸ਼ ਜਾਰੀ ਕਰ ਦਿੱਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਧੱਕੇਸ਼ਾਹੀ ਵਿਰੁੱਧ ਸੰਘਰਸ਼ ਕਰੇਗਾ ਅਤੇ ਇਸ ਸਬੰਧੀ ਅਗਲਾ ਪ੍ਰੋਗਰਾਮ ਪਾਰਟੀ ਲੀਡਰਸ਼ਿਪ ਨਾਲ ਸਲਾਹ ਕਰਕੇ ਫਿਰ ਜਾਰੀ ਕੀਤਾ ਜਾਵੇਗਾ। ਉਹਨਾ ਨੇ ਪ੍ਰਧਾਨ ਅਤੇ ਬਾਕੀ ਆਗੂਆਂ ਖਿਲਾਫ ਦਰਜ ਕੀਤਾ ਗਿਆ ਪਰਚਾ ਵਾਪਸ ਲੈਣ ਦੀ ਮੰਗ ਕੀਤੀ।
No comments:
Post a Comment