Tuesday, 11 April 2017

ਵਕਾਰੀ ਸੀਟਾਂ 'ਤੇ ਲੱਗਣ ਲਈ ਅਧਿਕਾਰੀ ਸਿਆਸੀ ਗੋਟੀਆਂ ਫਿੱਟ ਕਰਨ 'ਚ ਜੁਟੇ


ਖੁੱਡੇ ਲਾਈਨ ਲੱਗਣ ਦੇ ਡਰੋਂ ਰਿਸ਼ਤੇਦਾਰਾਂ, ਦੋਸਤਾਂ ਨਾਲ ਵੀ ਕਰ ਰਹੇ ਨੇ ਪਹੁੰਚ
ਚੰਡੀਗੜ 11 ਅਪ੍ਰੈਲ ( ਜੈ ਸਿੰਘ ਛਿੱਬਰ) : ਅਕਾਲੀ ਭਾਜਪਾ ਸਰਕਾਰ ਦੌਰਾਨ ਕਰੀਬ ਇੱਕ ਦਹਾਕੇ ਤੱਕ ਖੂਬ ਮੌਜਾਂ ਲੁੱਟਣ ਵਾਲੇ ਅਧਿਕਾਰੀ ਹੁਣ ਖੁੱਡੇ ਲਾਈਨ ਲੱਗਣ ਦੇ ਡਰੋਂ ਅਤੇ ਫਿਰ ਤੋਂ ਕਮਾਉ ਸੀਟਾਂ 'ਤੇ ਲੱਗਣ ਲਈ ਲਾਬਿੰਗ ਕਰਨ ਵਿੱਚ ਜੁਟੇ ਹੋਏ ਹਨ। ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਆਈ.ਏ.ਐਸ, ਪੀਸੀਐਸ ਅਧਿਕਾਰੀਆਂ ਵਿੱਚ ਵੀ ਜਿੱਥੇ ਗਰੁੱਪ ਬਣੇ ਹੋਏ ਹਨ, ਉਥੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਜਿਹੜੇ ਵਿਭਾਗਾਂ ਦੇ ਮੁਖੀ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ, ਵਲੋਂ ਨਵੀਂ ਸਰਕਾਰ ਵਿੱਚ ਅਡਜਸਟ ਹੋਣ ਅਤੇ ਵਧੀਆਂ ਸਨਮਾਨਯੋਗ ਤੇ ਕਮਾਊ ਸੀਟਾਂ 'ਤੇ ਲੱਗਣ ਲਈ ਸਿਆਸੀ ਆਗੂਆਂ ਨਾਲ ਰਾਬਤਾ ਰੱਖਕੇ ਸਿਆਸੀ ਗੋਟੀਆਂ ਫਿੱਟ ਕੀਤੀਆਂ ਜਾ ਰਹੀਆਂ ਹਨ। ਦੱਸਿਆਂ ਜਾਂਦਾ ਹੈ ਕਿ ਕਈ ਅਧਿਕਾਰੀਆਂ ਵਲੋਂ ਤਾਂ ਲੰਚ, ਡਿਨਰ ਦੀ ਰਾਜਨੀਤੀ ਵੀ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਕਈਆਂ ਨੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਵਿੱਚ ਸ਼ਾਮਲ ਕਈ ਮਹੱਤਵਪੂਰਨ ਵਿਅਕਤੀਆਂ ਦੇ ਭਰਾਵਾਂ, ਭੈਣਾਂ ਤੇ ਹੋਰ ਰਿਸ਼ਤੇਦਾਰਾਂ ਨਾਲ ਪੁਰਾਣੀ ਸਾਂਝ ਦਾ ਵਾਸਤਾ ਪਾਉਣਾ ਵੀ ਸ਼ੁਰੂ ਕਰ ਦਿੱਤਾ ਹੈ।
ਸਕੱਤਰੇਤ ਦੇ ਗਲਿਆਰਿਆਂ ਵਿੱਚ ਕਈ ਅਧਿਕਾਰੀਆਂ ਵਲੋਂ ਮੁੱਖ ਮੰਤਰੀ ਦੀ ਟੀਮ ਵਿੱਚ ਸ਼ਾਮਲ ਅਸਰ ਰਸੂਖ ਵਿਅਕਤੀਆਂ ਦੇ ਦਫਤਰਾਂ ਵਿੱਚ ਵਾਰ ਵਾਰ ਚੱਕਰ ਲਾਉਣ ਦੀ ਚਰਚਾ ਆਮ ਛਿੜੀ ਹੋਈ ਹੈ। ਇਹਨਾਂ ਅਧਿਕਾਰੀਆਂ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਵਾਸਪਾਤਰਾਂ ਕੋਲ  ਜਾ ਕੇ ਪੁਰਾਣੀ ਸਰਕਾਰ ਦੇ ਦਬਾਅ ਹੇਠ ਕੰਮ ਕੀਤੇ ਜਾਣ ਦੀ ਸਫਾਈ ਵੀ ਦਿੱਤੀ ਜਾ ਰਹੀ ਹੈ ਕਿ ਉਹ ਨਾ ਚਾਹੁੰਦੇ ਹੋਏ ਵੀ ਸਰਕਾਰ ਦੇ ਦਬਾਅ ਹੇਠ ਕੰਮ ਕਰਨ ਨੂੰ ਮਜਬੂਰ ਸਨ।  ਦੂਜੇ ਪਾਸੇ ਇਹਨਾਂ ਅਧਿਕਾਰੀਆਂ ਦੀਆਂ ਮਨਮਾਨੀਆਂ ਕਾਰਨ ਡਿਊਟੀ ਕਾਰਨ ਪਿਸ ਰਹੇ ਮੁਲਾਜ਼ਮਾਂ, ਛੋਟੇ ਅਧਿਕਾਰੀਆਂ ਨੂੰ ਸਿਆਸਤੀ ਖੇਡ ਖੇਡਣ ਦੇ ਮਾਹਿਰ ਇਹਨਾਂ ਅਧਿਕਾਰੀਆਂ ਵਲੋਂ ਤਿਗੜਮਬਾਜ਼ੀ ਲਗਾਕੇ ਫਿਰ ਤੋਂ ਗੋਟੀਆਂ ਫਿੱਟ ਕਰਕੇ ਵਕਾਰੀ ਸੀਟਾਂ 'ਤੇ ਲੱਗਣ ਦਾ ਡਰਾ ਸਤਾ ਰਿਹਾ ਹੈ।
ਕਾਂਗਰਸ ਪਾਰਟੀ ਦੇ ਕਈ ਆਗੂਆਂ ਨੇ ਰੋਜਾਨਾਂ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਉਣਗੇ ਕਿਉਂਕਿ ਇਹਨਾਂ ਅਧਿਕਾਰੀਆਂ ਨੇ ਅਕਾਲੀ ਭਾਜਪਾ ਗਠਜੋੜ ਸਰਕਾਰ ਦੌਰਾਨ ਨਿਯਮ, ਕਾਨੂੰਨ ਛਿੱਕੇ 'ਤੇ ਟੰਗਦਿਆਂ ਮਨਮਾਨੀਆਂ ਕੀਤੀਆਂ ਹਨ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਤੋਂ ਮੰਗ ਕਰਨਗੇ ਕਿ ਅਜਿਹੇ ਮਤਲਬਪ੍ਰਸਤ ਅਧਿਕਾਰੀਆਂ ਨੂੰ ਫਿਰ ਤੋਂ ਵਕਾਰੀ ਸੀਟਾਂ 'ਤੇ ਬਿਠਾਉਣ ਦੀ ਬਜਾਏ ਪਿਛਲੀ ਸਰਕਾਰ ਦੌਰਾਨ ਜਿਹੜੇ ਇਮਾਨਦਾਰੀ ਅਧਿਕਾਰੀਆਂ ਨੂੰ ਖੁੱਡੇ ਲਾਈਨ ਲਗਾਇਆ ਗਿਆ ਸੀ, ਉਹਨਾਂ ਨੂੰ ਚੰਗੀਆਂ ਪੋਸਟਾਂ 'ਤੇ ਲਗਾਉਣ ਦੀ ਮੰਗ ਕਰਨਗੇ।

No comments:

Post a Comment