ਧਰਨਾ ਵੀ ਲਗਾ ਦੇਵਾਂਗੇ ਪਰ ਪੁਲਿਸ ਤੋਂ ਡੰਡੇ ਨਾ ਮਰਵਾਇਓ
ਜੈ ਸਿੰਘ ਛਿੱਬਰ
ਚੰਡੀਗੜ੍ਹ
ਅਫ਼ਸਰਸ਼ਾਹੀ ਅਤੇ ਮੰਤਰੀਆਂ ਵਲੋਂ ਕਾਂਗਰਸੀ ਆਗੂਆਂ, ਵਰਕਰਾਂ ਦੀ ਸੁਣਵਾਈ ਨਾ ਕਰਨ ਦੁਖੀ ਕਾਂਗਰਸੀਆਂ ਨੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ਼ ਆਸ਼ਾ ਕੁਮਾਰੀ ਦੀ ਹਾਜ਼ਰੀ ਵਿਚ ਵਰਕਰਾਂ ਦੀ ਅਣਦੇਖੀ ਦਾ ਰੋਣਾ ਰੋਇਆ। ਕਰੀਬ ਚਾਰ ਮਹੀਨਿਆਂ ਬਾਅਦ ਪਾਰਟੀ ਦੀ ਮੁੜ ਤੋਂ ਵਾਗਡੋਰ ਸੰਭਾਲਣ ਤੋਂ ਬਾਅਦ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਪਾਰਟੀ ਦੇ ਜਿਲ੍ਹਾ ਪ੍ਰਧਾਨਾਂ, ਪਾਰਟੀ ਦੇ ਵੱਖ ਵੱਖ ਵਿੰਗਾਂ ਦੇ ਚੇਅਰਮੈਨਾ, ਯੂਥ ਕਾਂਗਰਸ, ਮਹਿਲਾ ਕਾਂਗਰਸ ਦੇ ਪ੍ਰਧਾਨ ਨਾਲ ਮੀਟਿੰਗ ਕੀਤੀ। ਕਰੀਬ ਤਿੰਨ ਘੰਟੇ ਹੋਈ ਮੀਟਿੰਗ ਵਿਚ ਕਾਂਗਰਸੀ ਆਗੂਆਂ ਨੇ ਰੱਜ ਕੇ ਗੁਬਾਰ ਕੱਢਿਆ। ਸੂਤਰ ਦੱਸਦੇ ਹਨ ਕਿ ਆਗੂਆਂ ਨੇ ਕਿਹਾ ਕਿ ਅਫ਼ਸਰਸ਼ਾਹੀ ਵਰਕਰਾਂ, ਆਗੂਆਂ ਦੀ ਅਣਦੇਖੀ ਕਰਦੀ ਹੈ। ਦੂਸਰੇ ਪਾਸੇ ਜ਼ਿਲ੍ਹਿਆਂ ਵਿਚ ਜਦੋਂ ਕੋਈ ਮੰਤਰੀ ਦੌਰੇ 'ਤੇ ਜਾਂਦਾ ਹੈ ਤਾਂ ਉਨ੍ਹਾਂ ਵਲੋਂ ਵੀ ਵਰਕਰਾਂ ਦੀ ਅਣਦੇਖੀ ਕੀਤੀ ਜਾਂਦੀ ਹੈ। ਇਕ ਆਗੂ ਨੇ ਕਿਹਾ ਕਿ ਕਿਸੇ ਮੰਤਰੀ ਦੇ ਜ਼ਿਲ੍ਹੇ ਵਿਚ ਦੌਰਾ ਕਰਨ 'ਤੇ ਮੰਤਰੀ ਦਾ ਜਿਲ੍ਹਾ ਕਾਂਗਰਸ ਭਵਨ ਵਿਚ ਜਾਣ 'ਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਪਹਿਲਾਂ ਜਿਲ੍ਹੇ ਦੇ ਵਰਕਰਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ। ਸੂਤਰ ਦੱਸਦੇ ਹਨ ਕਿ ਇਕ ਆਗੂ ਨੇ ਇਥੋਂ ਤੱਕ ਕਹਿ ਦਿੱਤਾ ਕਿ ਸਰਕਾਰ ਅਤੇ ਅਫ਼ਸਰਸ਼ਾਹੀ ਤੋਂ ਇਸ ਕਦਰ ਦੁਖੀ ਹਨ ਕਿ ਉਨ੍ਹਾਂ ਦਾ ਧਰਨਾ ਲਾਉਣ ਨੂੰ ਦਿਲ ਕਰਦਾ ਹੈ। ਦੱਸਿਆ ਜਾਂਦਾ ਹੈ ਕਿ ਉਕਤ ਆਗੂ ਦੀ ਗੱਲ ਸੁਣਕੇ ਪਾਰਟੀ ਦੇ ਵੱਡੇ ਆਗੂ ਨੇ ਇਥੋਂ ਤੱਕ ਕਹਿ ਦਿੱਤਾ ਕਿ ਜਾਓ ਧਰਨਾ ਹੀ ਲਗਾ ਦਿਓ। ਵੱਡੇ ਆਗੂ ਦੇ ਅਜਿਹੇ ਸ਼ਬਦ ਸੁਣਕੇ ਫਿਰ ਜਿਲ੍ਹੇ ਦਾ ਆਗੂ ਬੋਲਿਆ ਕਿ “ਉਹ ਧਰਨਾ ਤਾਂ ਲਾ ਦੇਣਗੇ ਪਰ ਪੁਲਿਸ ਤੋਂ ਡੰਡੇ ਨਾ ਮਰਵਾਉਣਾ ।” ਇਸੀ ਦੌਰਾਨ ਕਈ ਆਗੂਆਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਗੱਲ ਕਹੀ। ਇਸ ਤਰ੍ਹਾਂ ਇਕ ਆਗੂ ਨੇ ਦਰਦ ਬਿਆਨ ਕਰਦਿਆਂ ਕਿਹਾ ਕਿ ਪਾਰਟੀ ਲਈ ਹਮੇਸ਼ਾਂ ਵਰਕਰ ਕੰਮ ਕਰਦੇ ਹਨ ਪਰ ਅਹੁੱਦੇਦਾਰੀਆਂ ਤੇ ਚੇਅਰਮੈਨੀਆਂ ਉਨ੍ਹਾਂ ਆਗੂਆਂ ਨੂੰ ਦਿੱਤੀ ਜਾਂਦੀ ਹੈ, ਜੋ ਸਰਕਾਰਾਂ ਦੇ ਨਾਲ ਚੱਲਦੇ ਹਨ। ਦੱਸਿਆ ਜਾਂਦਾ ਹੈ ਕਿ ਮੀਟਿੰਗ ਵਿਚ ਇਕ ਅਜਿਹੇ ਆਗੂ ਦਾ ਨਾਮ ਲਿਆ ਗਿਆ ਜੋ ਤਤਕਾਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਭਾਜਪਾ ਦੇ ਮੰਤਰੀ ਨਾਲ ਕਦਮ ਨਾਲ ਕਦਮ ਮਿਲਾਕੇ ਚੱਲਿਆ ਪਰ ਉਸਨੂੰ ਹੁਣ ਚੇਅਰਮੈਨੀ ਦਿੱਤੀ ਜਾ ਰਹੀ ਹੈ। ਆਗੂਆਂ ਨੇ ਦਲ ਬਦਲੂਆਂ ਨੂੰ ਚੇਅਰਮੈਨੀਆਂ ਨਾਲ ਨਾ ਨਿਵਾਜਣ ਦੀ ਮੰਗ ਕੀਤੀ।
No comments:
Post a Comment