26.37 ਲੱਖ ਰੁਪਏ ਚ ਵੇਚੀ ਜ਼ਮੀਨ ਦੇ 1.41ਕਰੋੜ ਰੁਪਏ ਵਾਪਸ ਕੀਤੇ
250 ਰੁਪਏ 'ਚ 1985 ਵਿੱਚ ਵੇਚੀ ਸੀ ਜਮੀਨ
ਅਧਿਕਾਰੀਆਂ ਦੀ ਗਲਤੀ ਕਾਰਨ ਨਾ ਟਾਲਣਯੋਗ ਵਿਆਜ ਦੀ ਕਰਨੀ ਪਈ ਅਦਾਇਗੀ
ਜੈ ਸਿੰਘ ਛਿੱਬਰ ,
ਚੰਡੀਗੜ੍ਹ : 250 ਰੁਪਏ ਪ੍ਰਤੀ ਗਜ ਦੀ ਦਰ ਨਾਲ 26.37 ਲੱਖ ਰੁਪਏ ਦੀ ਵੇਚੀ ਜ਼ਮੀਨ ਦਾ ਖਰੀਦਦਾਰ ਨੂੰ 1.41ਕਰੋੜ ਰੁਪਏ ਵਾਪਸ ਕਰਨ 'ਤੇ ਵੀ ਨਗਰ ਨਿਗਮ ਪਟਿਆਲਾ ਦਾ ਅਜੇ ਖਹਿੜਾ ਨਹੀਂ ਛੁੱਟਿਆ। ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਗਰ ਨਿਗਮ ਦੇ ਅਫਸਰਾਂ ਦੀ ਲਾਪਰਵਾਹੀ ਕਾਰਨ ਨਿਗਮ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੀ ਨਹੀਂ ਹੋਇਆ, ਸਗੋਂ ਪਿਛਲੇ ਤਿੰਨ ਦਹਾਕਿਆਂ ਤੋਂ ਹੁਣ ਤੱਕ ਮਾਮਲਾ ਕਾਨੂੰਨੀ ਉਲਝਣਾ ਚ ਫਸਿਆ ਹੋਇਆ ਹੈ।
ਕੀ ਹੈ ਮਾਮਲਾ .......
ਜਾਣਕਾਰੀ ਅਨੁਸਾਰ ਭਾਰਤ ਸੰਚਾਰ ਨਿਗਮ ਲਿਮਟਿਡ (ਬੀ ਐੱਸ ਐਨ ਐਲ ) ਨੇ 1985 ਵਿੱਚ ਨਗਰ ਨਿਗਮ ਪਟਿਆਲਾ ਤੋਂ 10546 ਵਰਗ ਗਜ਼ ਜ਼ਮੀਨ ਢਾਈ ਸੌ ਰੁਪਏ 250 ਰੁਪਏ ਪ੍ਰਤੀ ਗਜ ਦੀ ਦਰ ਨਾਲ 26.37 ਲੱਖ ਰੁਪਏ ਦੀ ਖਰੀਦੀ। ਪ੍ਰੰਤੂ ਨਗਰ ਨਿਗਮ ਬੀਐਸਐਨਐਲ ਨੂੰ ਕਬਜ਼ਾ ਨਹੀਂ ਦੇ ਸਕਿਆ ਕਿਉਂਕਿ ਇਹ ਥਾਂ ਪਾਰਕ ਬਣਾਉਣ ਲਈ ਰਾਖਵੀਂ ਰੱਖੀ ਗਈ ਸੀ ਨਿਗਮ ਨੇ ਬੀ ਐੱਸ ਐੱਨ ਐਲ ਨੂੰ 11183 ਵਰਗ ਗਜ ਹੋਰ ਥਾਂ ਕਬਜ਼ਾ ਦੇਣ ਦੀ ਕੋਸ਼ਿਸ਼ ਕੀਤੀ ਪਰ ਵਿਭਾਗ ਉੱਥੇ ਵੀ ਕਬਜ਼ਾ ਨਹੀਂ ਦੇ ਸਕਿਆ ਕਿਉਂਕਿ ਉਸ ਖੇਤਰ ਦੇ ਨਿਵਾਸੀਆਂ ਨੇ ਅਲਾਟਮੈਂਟ ਦੇ ਵਿਰੁੱਧ 1988 ਅਦਾਲਤ ਤੋਂ ਸਟੇਅ ਪ੍ਰਾਪਤ ਕਰ ਲਈ ਸੀ । ਦਿਲਚਸਪ ਗੱਲ ਹੈ ਕਿ ਬੀ ਐੱਸ ਐੱਨ ਐੱਲ ਨੇ 637 ਵਰਗ ਗਜ ਵਧ ਜ਼ਮੀਨ ਦੀ 1.59 ਲੱਖ ਰੁਪਏ ਦੀ ਵੱਧ ਅਦਾਇਗੀ ਕਰ ਦਿੱਤੀ। ਅਠਾਰਾਂ ਸਾਲਾਂ ਤੱਕ ਵੀ ਕਬਜਾ ਨਾ ਦੇਣ 'ਤੇ ਬੀਐਸਐਨਐਲ ਨੇ 2003 'ਚ ਪਟਿਆਲਾ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਅਤੇ 2009 ਵਿੱਚ ਅਦਾਲਤ ਨੇ ਛੇ ਪ੍ਰਤੀਸ਼ਤ ਸਾਲਾਨਾ ਵਿਆਜ ਦੀ ਦਰ ਨਾਲ ਵਿਆਜ ਸਮੇਤ ਰਕਮ ਦੇਣ ਦੇ ਹੁਕਮ ਜਾਰੀ ਕਰ ਦਿੱਤੇ। ਇਸ ਤੋਂ ਬਾਅਦ ਵਧੀਕ ਸੈਸ਼ਨ ਜੱਜ ਪਟਿਆਲਾ ਨੇ ਨਿਗਮ ਦੀ ਅਪੀਲ ਰੱਦ ਕਰਦਿਆਂ 10 ਜਨਵਰੀ 2009 ਤਕ 18 ਫ਼ੀਸਦੀ ਸਾਲਾਨਾ ਦਰ ਨਾਲ ਅਦਾਇਗੀ ਕਰਨ ਹੁਕਮ ਜਾਰੀ ਕਰ ਦਿੱਤੇ। ਸਿੱਟੇ ਵੱਜੋਂ 30.9.12 ਤੱਕ 27.96 ਲੱਖ ਦੀ ਮੂਲ ਰਕਮ ਸਮੇਤ 1.74 ਕਰੋੜ ਰੁਪਏ ਦੀ ਕੁੱਲ ਵਸੂਲਣ ਯੋਗ ਰਾਸ਼ੀ ਬਣ ਗਈ। ਜਿਸ ਵਿੱਚੋਂ ਬੀਐਸਐਨਐਲ ਨੂੰ 1.41ਕਰੋੜ ਰੁਪਏ ਵਾਪਸ ਕਰ ਦਿੱਤੇ ਗਏ ਜਦੋਂ ਕਿ 33 ਲੱਖ ਰੁਪਏ ਅਦਾ ਕੀਤੇ ਜਾਣੇ ਸਨ।
ਨਿਗਮ ਦੀ ਗਲਤੀ ਕਾਰਨ ਕਰਨੀ ਪਈ ਅਦਾਇਗੀ ........
ਪੰਜਾਬ ਵਿਧਾਨ ਸਭਾ ਵੱਲੋਂ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਇਕਾਈਆਂ ਸਬੰਧੀ ਗਠਿਤ ਕੀਤੀ ਕਮੇਟੀ ਨੇ ਬਜਟ ਸੈਸ਼ਨ ਦੌਰਾਨ ਪੇਸ਼ ਆਪਣੀ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੀ ਗਲਤੀ ਕਾਰਨ ਨਾ ਟਾਲਣਯੋਗ ਵਿਆਜ ਦੀ ਬੀ ਐੱਸ ਐੱਨ ਐੱਲ ਨੂੰ ਅਦਾਇਗੀ ਕਰਨੀ ਪਈ ਹੈ ਕਿਉਂਕਿ ਜ਼ਮੀਨ ਵੇਚਣ ਤੋਂ ਪਹਿਲਾਂ ਜ਼ਮੀਨ ਦੇ ਸਹੀ ਰੁਤਬੇ ਬਾਰੇ ਪਤਾ ਲਗਾਉਣ ਚ ਨਿਗਮ ਅਸਫ਼ਲ ਰਿਹਾ ਹੈ। ਕਮੇਟੀ ਨੇ ਨਗਰ ਨਿਗਮ ਪਟਿਆਲਾ ਦੀ ਲਾਪਰਵਾਹੀ ਮਹਿਸੂਸ ਕਰਦਿਆਂ ਪੁੱਛਿਆ ਹੈ ਕਿ ਨਿਗਮ ਨੇ ਇਹ ਪੈਸਾ ਕਿਸ ਹੈੱਡ ਵਿੱਚ ਰੱਖਿਆ ਸੀ ਤੇ ਹੁਣ ਤੱਕ ਕਿੰਨਾ ਵਿਆਜ ਮਿਲਿਆ ਤੇ ਇਸ ਨਾਲ ਕੀ ਫਾਇਦਾ ਹੋਇਆ ਇਸ ਦੀ ਪੂਰੀ ਰਿਪੋਰਟ ਮੰਗੀ ਹੈ। ।
No comments:
Post a Comment