Wednesday, 25 April 2018

ਜੇਲ੍ ਮੰਤਰੀ ਨੂੰ ਜੇਲ੍ਹ ਵਿਚੋਂ ਆਇਆ ਵਧਾਈ ਦਾ ਫੋਨ


ਜੈ ਸਿੰਘ ਛਿੱਬਰ, 
ਚੰਡੀਗਡ਼੍ਹ : ਜੇਲ੍ਹਾਂ ਵਿਚ ਬੰਦ ਗੈਂਗਸਟਰਾਂ, ਕੈਦੀਆਂ ਦੇ ਹੌਂਸਲੇ ਐਨੇ ਬੁਲੰਦ ਹਨ ਕਿ ਦੋ ਕੈਦੀਆਂ ਨੇ ਨਵੇਂ ਬਣੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੂੰ ਜੇਲ੍ਹ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। 
ਗੈਂਗਸਟਰਾਂ, ਕੈਦੀਆਂ ਵਲੋਂ ਜੇਲ੍ਹਾਂ ਵਿਚ ਮੋਬਾਇਲ ਦੀ ਵਰਤੋਂ, ਫੇਸਬੁੱਕ ਅਕਾਉਂਟ 'ਤੇ ਅਪਡੇਟ ਕਰਨ ਅਤੇ ਵਿਰੋਧੀਆਂ ਨੂੰ ਧਮਕੀਆਂ ਦੇਣ ਦੇ ਮਾਮਲੇ ਨਿੱਤ ਸਾਹਮਣੇ ਆ ਰਹੇ ਹਨ, ਪਰ ਅਤਿ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਕਪੂਰਥਲਾ ਤੋਂ ਜੇਲ੍ਹ ਮੰਤਰੀ ਨੂੰ ਵਧਾਈ ਦਾ ਫੋਨ ਆਉਣਾ ਜੇਲ੍ਹ ਪ੍ਰਸ਼ਾਸਨ ਅਤੇ ਸਰਕਾਰ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲੀਆਂ ਨਿਸ਼ਾਨ ਲਗਾਉਂਦਾ ਹੈ। 
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਦੋ ਕੈਦੀਆਂ ਵਲੋਂ ਫੋਨ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਪੂਰਥਲਾ ਜੇਲ੍ਹ ਵਿਚੋਂ ਫੋਨ ਆਇਆ ਹੈ। ਰੰਧਾਵਾਂ ਨੇ ਕਿਹਾ ਕਿ ਜੇਲ੍ਹਾਂ ਵਿਚ ਮੋਬਾਇਲ ਫੋਨ ਦੀ ਵਰਤੋਂ ਨੂੰ ਰੋਕਣਾ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿਚੋਂ ਇਤਰਾਜ਼ਯੋਗ ਸਮਾਨ ਜਾਂ ਮੋਬਾਇਲ ਮਿਲਣ 'ਤੇ ਕੈਦੀ ਜਾਂ ਹਵਾਲਾਤੀ 'ਤੇ ਕਾਰਵਾਈ ਕਰਨ ਦੀ ਬਜਾਏ ਜੇਲ੍ਹ ਸੁਪਰਡੈਂਟ 'ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਇਸ ਬਾਰੇ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਨੂੰ ਪਹਿਲੀ ਵਾਰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ। ਗੱਲਬਾਤ ਦੌਰਾਨ ਉਨ੍ਹਾਂ ਬੇਬਾਕੀ 'ਚ ਮੰਨਿਆ ਕਿ ਜੇਲ੍ਹਾਂ ਵਿਚ ਗੁੰਡਾਗਰਦੀ ਤੇ ਮੋਬਾਇਲ ਫੋਨ ਚੱਲ ਰਹੇ ਹਨ। ਨਾਭਾ, ਗੁਰਦਾਸਪੁਰ, ਕਪੂਰਥਲਾ ਤੇ ਪਟਿਆਲਾ ਜੇਲ੍ਹ ਨਾਜੁਕ ਜੇਲ੍ਹਾਂ ਹਨ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਬੰਦ ਹਵਾਲਾਤੀਆਂ ਨੂੰ ਅਦਾਲਤਾਂ ਵਿਚ ਪੇਸ਼ ਕਰਨ ਦੀ ਬਜਾਏ ਉਨ੍ਹਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਹਾਈਕੋਰਟ ਨੇ ਪਟਿਆਲਾ ਜੇਲ੍ਹ ਵਿਚ ਅਦਾਲਤ ਲਗਾਉਣ ਦੀ ਆਗਿਆ ਵੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਤਿ ਗੰਭੀਰ ਮਾਮਲਿਆਂ ਵਿਚ ਬੰਦ ਕੈਦੀਆਂ ਨੂੰ ਇਕ ਜੇਲ੍ਹ ਤੋਂ ਦੂਸਰੀ ਜੇਲ੍ਹ ਵਿਚ ਬਦਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। 

ਚਿੱਟੇ ਦੀ ਸਪਲਾਈ ਜਾਰੀ ---
ਪਿਛਲੇ ਲੰਬੇ ਸਮੇਂ ਤੋਂ ਚਿੱਟਾ (ਨਸ਼ਾ) ਖਿਲਾਫ਼ ਖੁਲ੍ਹਕੇ ਬੋਲਣ ਵਾਲੇ ਸੁਖਜਿੰਦਰ ਸਿੰਘ ਰੰਧਾਵਾਂ ਨੇ ਮੰਨਿਆਂ ਕਿ ਚਿੱਟਾ ਖ਼ਤਮ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਛੇ ਹਜ਼ਾਰ ਕਰੋਡ਼ ਦੇ ਡਰੱਗ ਰੈਕਟ ਮਾਮਲੇ ਵਿਚ ਫਸੇ ਜਗਦੀਸ਼ ਭੋਲ਼ਾ ਮਾਮਲੇ ਵਿਚ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖ਼ਰ ਛੇ ਹਜ਼ਾਰ ਕਰੋਡ਼ ਰੁਪਏ ਗਏ ਕਿਥੇ? 

ਕਈ ਵਾਰ ਹੋ ਚੁੱਕੀ ਹੈ ਕੈਦੀਆਂ 'ਚ ਝਡ਼ਪ --
ਸੈਂਟਰਲ ਜੇਲ੍ਹ ਕਪੂਰਥਲਾ 'ਚ ਕਈ ਵਾਰ ਕੈਦੀਆਂ ਵਿਚ ਝਡ਼ਪ ਹੋਣ ਕਾਰਨ ਚਰਚਾ ਵਿਚ ਰਹੀ ਹੈ। ਸਾਲ 2017 ਵਿਚ ਕੁੱਝ ਕੈਦੀਆਂ ਨੇ ਚੱਕੀ ਤੋਡ਼ਕੇ ਲੋਹੇ ਦੀਆਂ ਰਾਡਾਂ ਨਾਲ ਵਿਰੋਧੀ ਗਰੁੱਪ ਦੇ ਕੈਦੀਆਂ 'ਤੇ ਹਮਲਾ ਕੀਤਾ ਸੀ। ਜੇਲ੍ਹ ਦੇ ਅੰਦਰ ਕੈਦੀਆਂ ਵਲੋਂ ਹਡ਼ਦੁੰਗ ਮਚਾਉਣ ਕਾਰਨ ਪੰਜਾਬ ਸਰਕਾਰ ਦੀ ਵੱਡੀ ਕਿਰਕਿਰੀ ਹੋਈ ਸੀ। ਇਸੀ ਤਰ੍ਹਾਂ ਕੁੱਝ ਕੈਦੀਆਂ ਨੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਪੈਂਥੇ 'ਤੇ ਵੀ ੋਗੋਲੀਆਂ ਨਾਲ ਹਮਲਾ ਕੀਤਾ ਸੀ।
ਕਪੂਰਥਲਾ ਜੇਲ੍ਹ ਵਿਚ ਕੈਦੀਆਂ ਨੇ ਮਚਾਇਆ ਸੀ ਉਤ

ਬੀਤੇ ਕੱਲ੍ਹ ਜੇਲ੍ਹ ਵਿਚੋਂ ਫੋਨ ਆਉਣ ਤੋਂ ਬਾਅਦ ਬੁੱਧਵਾਰ ਨੂੰ  ਸਵੇਰੇ ਸੱਤ ਵਜੇ ਪਟਿਆਲਾ ਦੀ ਕੇਂਦਰੀ ਜੇਲ੍ਹ ਦਾ ਅਚਾਨਕ ਨਿਰੀਖਣ ਵੀ ਕੀਤਾ। ਹਾਲਾਂਕਿ ਅੱਜ ਅਚਾਨਕ ਦੌਰੇ ਦੌਰਾਨ ਉਨ੍ਹਾਂ ਨੂੰ ਜੇਲ੍ਹ ਵਿਚੋਂ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ ਪਰ ਉਨ੍ਹਾਂ ਨਾਸ਼ਤਾ ਜੇਲ੍ਹ ਵਿਚ ਕੀਤਾ ਅਤੇ ਭੋਜਨ ( ਦਾਲ-ਰੋਟੀ) ਦੀ ਗੁਣਵੱਤਾ 'ਤੇ ਸਵਾਲ ਉਠਾਏ ਅਤੇ ਰੋਟੀਆਂ ਬਣਾਉਣ ਵਾਲੀ ਮਸ਼ੀਨ ਖਰੀਦਣ ਲਈ ਸੱਤ ਲੱਖ ਰੁਪਏ ਦੀ ਗਰਾਂਟ ਦੇਣ ਦਾ ਫੈਸਲਾ ਕੀਤਾ। 

ਅੱਜ ਜੇਲ੍ਹ ਅਧਿਕਾਰੀਆਂ ਦੀ ਬੁਲਾਈ ਮੀਟਿੰਗ --
ਪਟਿਆਲਾ ਜੇਲ੍ਹ ਦਾ ਦੌਰਾਨ ਕਰਨ ਅਤੇ ਫੋਨ ਆਉਣ ਦੀ ਘਟਨਾਂ ਨੂੰ ਗੰਭੀਰਤਾਂ ਨਾਲ ਲੈਂਦੇ ਹੋਏ ਜੇਲ੍ਹ ਮੰਤਰੀ ਨੇ ਵੀਰਵਾਰ ਨੂੰ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਦੀ ਹੰਗਾਮੀ ਤੇ ਪਲੇਟੀ ਮੀਟਿੰਗ ਬੁਲਾਈ ਹੈ। ਰੰਧਾਵਾਂ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸਪਸ਼ਟ ਆਦੇਸ਼ ਦਿੱਤੇ ਜਾਣਗੇ ਕਿ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

No comments:

Post a Comment