ਪੰਜਾਬ 'ਚ ਨਹਿਰੀ ਵਿਭਾਗ ਦੇ 212 ਵਿਸ਼ਰਾਮ ਘਰ ਤੇ 167 ਕੋਠੀਆਂ
ਜ਼ਿਆਦਾਤਰ ਰੈਸਟ ਹਾਊਸ ਤੇ ਕੋਠੀਆਂ ਦੀ ਹਾਲਤ ਵੀ ਤਰਸਯੋਗ
ਲੰਬੇ ਸਮੇਂ ਤੋਂ ਨਹੀਂ ਮਿਲਾ ਮੁਰੰਮਤ ਲਈ ਫੰਡ
ਜੈ ਸਿੰਘ ਛਿੱਬਰ,
ਚੰਡੀਗੜ੍ਹ : ਜਿਨ੍ਹਾਂ ਵਿਸ਼ਰਾਮ ਘਰਾਂ ਵਿਚ ਕਦੇ ਸਿਆਸੀ ਆਗੂਆਂ, ਅਫਸਰਾਂ ਜਾਂ ਵੀ.ਆਈ.ਪੀ. ਲੋਕਾਂ ਦੀ ਆਵਾਜ਼ ਗੂੰਜ਼ਦੀ ਰਹੀ ਹੈ, ਉਨ੍ਹਾਂ ਵਿਚ ਹੁਣ ਕਬੂਤਰ ਬੋਲਦੇ ਹਨ। ਸਰਕਾਰ ਦੀ ਨਜ਼ਰ ਸਵੱਲੀ ਨਾ ਹੋਣ ਕਰਕੇ ਅਤੇ ਸਰਕਾਰੀ ਅਧਿਕਾਰੀਆਂ ਦੀ ਉਦਾਸੀਨਤਾ ਕਰਕੇ ਸਿੰਚਾਈ ਵਿਭਾਗ ਖਾਸਕਰਕੇ ਨਹਿਰੀ ਵਿਭਾਗ ਅਧੀਨ ਪੰਜਾਬ 'ਚ 212 ਵਿਸ਼ਰਾਮ ਘਰਾਂ (ਰੈਸਟ ਹਾਊਸ) ਵਿਚੋਂ 141 ਵਿਸ਼ਰਾਮ ਘਰ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਹਨ। ਇਸੀ ਤਰ੍ਹਾਂ 167 ਕੋਠੀਆਂ ਵਿਚੋਂ 42 ਕੋਠੀਆਂ ਵੀ ਖੰਡਰਾਤ ਬਣ ਚੁੱਕੀਆਂ ਹਨ। ਜਦਕਿ ਬਾਕੀ ਵਿਸ਼ਰਾਮ ਘਰਾਂ ਤੇ ਕੋਠੀਆਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ।
ਸਰਕਾਰੀ ਅੰਕੜੇ ਦੱਸਦੇ ਹਨ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਨੇ ਇਨ੍ਹਾਂ ਵਿਸ਼ਰਾਮ ਘਰਾਂ ਅਤੇ ਕੋਠੀਆਂ ਦੀ ਮੁਰੰਮਤ ਲਈ ਗਰਾਂਟ ਜਾਰੀ ਨਹੀਂ ਕੀਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਕੁੱਲ 212 ਵਿਸ਼ਰਾਮ ਘਰਾਂ ਵਿਚੋਂ 141 ਅਤੇ 167 ਕੋਠੀਆਂ ਵਿਚੋਂ 42 ਖੰਡਰ ਬਣ ਚੁੱਕੀਆਂ ਹਨ। ਭਾਵੇਂ ਕਿ ਮੁੱਖ ਮੰਤਰੀ ਨੇ ਲੋੜ ਅਨੁਸਾਰ ਇਨ੍ਹਾਂ ਇਮਾਰਤਾਂ ਦੀ ਮੁਰੰਮਤ /ਮੁੜ ਬਹਾਲੀ ਕਰਨ ਲਈ ਪੜਚੋਲ ਕਰਨ ਦੀ ਹਾਮੀ ਭਰੀ ਹੈ। ਪਰ ਸਰਕਾਰੀ ਰਿਕਾਰਡ ਅਨੁਸਾਰ 2011 ਤੋਂ ਸਰਕਾਰ ਨੇ ਮੁਰੰਮਤ , ਰੱਖ ਰਖਾਵ ਲਈ ਗਰਾਂਟ, ਫੰਡ ਜਾਰੀ ਨਹੀਂ ਕੀਤਾ। ਜਦਕਿ ਹਕੀਕਤ ਹੈ ਕਿ ਸਰਕਾਰ ਨੇ 2011 ਤੋਂ ਪਹਿਲਾਂ ਵੀ ਫੰਡ ਜਾਰੀ ਨਹੀਂ ਕੀਤਾ।
ਸਰਕਾਰੀ ਅੰਕੜੇ ਦੱਸਦੇ ਹਨ ਕਿ ਦੇਵੀਗੜ ਮੰਡਲ ਪਟਿਆਲਾ ਅਧੀਨ 21 ਵਿਸ਼ਰਾਮ ਘਰਾਂ ਵਿਚੋਂ 20 ਖੰਡਰ ਹਾਲਤ ਵਿਚ ਹਨ। ਇਸੀ ਤਰ੍ਹਾਂ ਅਬੋਹਰ ਕੈਨਾਲ ਮੰਡਲ ਅਬੋਹਰ ਅਧੀਨ 19 ਵਿਚੋਂ 18 ਖੰਡਰ ਹਨ। ਸਿੱਧਵਾਂ ਨਹਿਰ ਮੰਡਲ ਲੁਧਿਆਣਾ ਦੇ ਸੱਤ ਵਿਸ਼ਰਾਮ ਘਰਾਂ ਵਿਚੋਂ ਛੇ ਖੰਡਰ, ਰੋਪੜ੍ਹ ਹੈਡ ਵਰਕਸ ਮੰਡਲ ਰੋਪੜ ਅਧੀਨ 9 ਵਿਚੋਂ 7 ਖੰਡਰ ਬਣ ਚੁੱਕੇ ਹਨ। ਨਹਿਰੀ ਵਿਸ਼ਰਾਮ ਘਰ ਰੋਪੜ ਅਤੇ ਸ੍ਰੀ ਚਮਕੌਰ ਸਾਹਿਬ ਸਥਿਤ ਵਿਸ਼ਰਾਮ ਘਰ ਹੀ ਚਾਲੂ ਹਾਲਤ ਵਿਚ ਹਨ। ਬਠਿੰਡਾ ਨਹਿਰ ਮੰਡਲ ਬਠਿੰਡਾ ਅਧੀਨ ਕੁੱਲ 23 ਵਿਚੋਂ 20 ਵਿਸ਼ਰਾਮ ਘਰ ਖੰਡਰ ਬਣੇ ਹੋਏ ਹਨ। ਇਸ ਸਰਕਲ ਅਧੀਨ ਨਹਿਰੀ ਵਿਸ਼ਰਾਮ ਘਰ ਨੰਦਗੜ੍ਹ (ਬਠਿੰਡਾ) 'ਤੇ ਸਰਕਾਰ ਦੀ ਨਜ਼ਰ ਸਵੱਲੀ ਰਹੀ ਹੈ ਅਤੇ ਪੰਜ ਸਾਲ ਲਗਾਤਾਰ ਫੰਡ ਜਾਰੀ ਹੁੰਦੇ ਰਹੇ ਹਨ। ਫਰੀਦਕੋਟ ਨਹਿਰ ਮੰਡਲ ਫਰੀਦਕੋਟ ਦੇ 17 ਵਿਚੋਂ 13 ਖੰਡਰ, ਬਿਸਤ ਦੁਆਬ ਮੰਡਲ ਜਲੰਧਰ ਦੇ 12 ਵਿਚੋਂ 9 ਖੰਡਰ ਹਨ। ਅਪਰ ਬਾਰੀ ਦੁਆਬ ਨਹਿਰ ਹਲਕਾ ਅੰਮ੍ਰਿਤਸਰ ਅਧੀਨ 42 ਵਿਚੋਂ 13 ਖੰਡਰ ਹਨ ਅਤੇ ਤਿੰਨ ਵਰਤਣਯੋਗ ਨਹੀਂ ਹਨ। ਇਸੀ ਤਰ੍ਹਾਂ ਨਹਿਰ ਮੰਡਲ ਆਈ.ਬੀ. ਪਟਿਆਲਾ ਅਧੀਨ ਸਾਰੇ 14 ਵਿਸ਼ਰਾਮ ਘਰ ਵਰਤੋ ਯੋਗ ਨਹੀਂ ਹਨ। ਸੰਗਰੂਰ ਮੰਡਲ ਆਈ.ਬੀ.ਸੰਗਰੁਰ ਅਧੀਨ ਕੁੱਲ 23 ਵਿਚੋਂ 15 ਵਰਤਣਯੋਗ ਨਹੀਂ ਹਨ। ਭਾਖੜਾ ਮੇਨ ਲਾਈਨ ਸਰਕਲ ਪਟਿਆਲਾ ਅਧੀਨ ਕੁੱਲ ਦਸ ਵਿਸ਼ਰਾਮ ਘਰਾਂ ਵਿਚੋਂ ਤਿੰਨ ਖੰਡਰਾਤ ਬਣ ਚੁੱਕੇ ਹਨ।
ਬਾਕਸ
ਸ਼ਾਹਪੁਰਕੰਡੀ ਤੇ ਰਣਜੀਤ ਸਾਗਰ ਰੈਸਟ ਹਾਊਸ 'ਤੇ ਸਰਕਾਰ ਮਿਹਰਬਾਨ--
ਸਰਕਾਰੀ ਰਿਕਾਰਡ ਦੱਸਦਾ ਹੈ ਕਿ ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ ਅਧੀਨ ਰਵੀ ਸਦਨ ਅਤੇ ਰਣਜੀਤ ਸਾਗਰ ਡੈਮ ਪ੍ਰੋਜੈਕਟ ਅਧੀਨ ਵੀ.ਆਈ.ਪੀ.ਰੈਸਟ ਹਾਊਸ 'ਤੇ ਸਰਕਾਰ ਦੀ ਨਜ਼ਰ ਮਿਹਰਬਾਨ ਰਹੀ ਹੈ। ਇਨ੍ਹਾਂ ਦੋਵੇਂ ਵਿਸ਼ਰਾਮ ਘਰਾਂ ਨੂੰ ਸਾਲ 2012-13 ਤੋਂ 2016-17 ਤੱਕ ਲਗਾਤਾਰ ਗਰਾਂਟ ਜਾਰੀ ਹੁੰਦੀ ਰਹੀ ਹੈ ਅਤੇ ਰਵੀ ਸਦਨ ਨੂੰ ਕਰੀਬ 4,35,355 ਰੁਪਏ ਅਤੇ ਵੀ.ਆਈ.ਪੀ ਰੈਸਟ ਹਾਊਸ ਨੂੰ 8,40,000 ਰੁਪਏ ਦੀ ਗਰਾਂਟ ਪਿਛਲੇ ਪੰਜ ਸਾਲਾਂ 'ਚ ਰੀਲੀਜ਼ ਹੋਈ ਹੈ।
No comments:
Post a Comment