ਵਰਕਰਾਂ ਤੋਂ ਫੀਡਬੈਕ ਲੈ ਕੇ ਸਰਕਾਰ ਤੱਕ ਪਹੁੰਚਾਈ ਜਾਵੇਗੀ
ਨਿਗਮ ਤੇ ਕੌਂਸਲ ਚੋਣਾਂ 'ਤੇ ਕਾਂਗਰਸ ਦਾ ਫੋਕਸ
ਚੰਡੀਗੜ• 12 ਮਈ ( ਜੈ ਸਿੰਘ ਛਿੱਬਰ) : ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਇਕ ਨੁਕਾਤੀ ਏਜੰਡੇ ਅਨੁਸਾਰ ਪੰਜਾਬ 'ਚ ਨਵੀਂ ਲੀਡਰਸ਼ਿਪ ਉਭਾਰਨ ਦੇ ਮਕਸਦ ਵਜੋਂ ਨੌਜਵਾਨਾਂ ਨੂੰ ਸੰਗਠਨ ਵਿੱਚ ਵਧੇਰੇ ਮੌਕਾ ਦਿੱਤਾ ਜਾਵੇਗਾ। ਅੱਜ ਕਾਂਗਰਸ ਭਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਆਦੇਸ਼ ਹੈ ਕਿ ਪਾਰਟੀ ਢਾਂਚੇ ਵਿੱਚ ਨੌਜਵਾਨਾਂ ਨੂੰ ਢੁਕਵਾਂ ਸਥਾਨ ਦਿਤਾ ਜਾਵੇ ਤਾਂ ਜੋ ਪਾਰਟੀ ਵਿੱਚ ਵੱਡੇ ਆਗੂ ਪੈਦਾ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਪਾਰਟੀ ਇਕ ਦਰਖਤ ਦੀ ਤਰ•ਾਂ ਤੇ ਵਰਕਰ ਇਸਦਾ ਫਲ ਹਨ। ਉਹਨਾਂ ਕਿਹਾ ਕਿ ਅਕਾਲੀ ਰਾਜ 'ਚ ਸਰਕਾਰ ਦੇ ਕੁੱਝ ਪਿੱਠੂਆਂ ਵਲੋਂ ਰਾਜਭਾਗ ਦਾ ਆਨੰਦ ਲਿਆ ਗਿਆ ਹੈ, ਪਰ ਕਾਂਗਰਸ 'ਚ ਹਰ ਆਦਮੀ ਦੀ ਸੁਣਵਾਈ ਹੋਵੇਗੀ। ਪਿਛਲੀ ਸਰਕਾਰ ਦੌਰਾਨ ਉਚ ਅਹੁੱਦਿਆਂ 'ਤੇ ਬਿਰਾਜਮਾਨ ਅਧਿਕਾਰੀਆਂ ਨੂੰ ਮੌਜੂਦਾ ਸਰਕਾਰ ਵਲੋਂ ਫਿਰ ਵਧੀਆਂ ਪੋਸਟਾਂ ਤੇ ਤੈਨਾਤੀ ਕਰਨ 'ਤੇ ਵਰਕਰਾਂ ਤੇ ਕਾਂਗਰਸੀ ਆਗੂਆਂ ਵਿੱਚ ਪਾਏ ਜਾ ਰਹੇ ਰੋਸ ਦੇ ਜਵਾਬ ਵਿੱਚ ਸ੍ਰੀ ਜਾਖੜ ਨੇ ਕਿਹਾ ਕਿ ਜ਼ਿੰਮੇਵਾਰੀ ਤੋਂ ਕੋਈ ਅਧਿਕਾਰੀ ਭੱਜ ਨਹੀਂ ਸਕਦਾ। ਉਹਨਾਂ ਕਿਹਾ ਕਿ ਉਹ ਸਰਕਾਰ ਤੇ ਪਾਰਟੀ ਵਿਚਕਾਰ ਪੁਲ ਦਾ ਕੰਮ ਕਰਨਗੇ ਅਤੇ ਵਰਕਰਾਂ ਤੋ ਫੀਡਬੈਕ ਲੈ ਕੇ ਸਰਕਾਰ ਤੱਕ ਪਹੁੰਚਾਈ ਜਾਵੇਗੀ ਤਾਂ ਜੋ ਚੋਣਾਂ ਦੌਰਾਨ ਕੀਤੇ ਗਏ ਸਾਰੇ ਵਾਅਦਿਆਂ ਨੂੰ ਅਮਲੀ ਰੂਪ ਦਿੱਤਾ ਜਾ ਸਕੇ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਕਾਨੂੰਨ ਅਨੁਸਾਰ ਕੰਮ ਕਰਨ ਦੀ ਨਸੀਹਤ ਦਿੱਤੀ ਹੈ, ਇਸਦਾ ਮਤਲਬ ਇਹ ਨਹੀਂ ਕਿ ਅਧਿਕਾਰੀ ਵਰਕਰਾਂ ਦੀ ਸੁਣਵਾਈ ਨਾ ਕਰਨ। ਉਹਨਾਂ ਕਿਹਾ ਕਿ ਲੋਕਾਂ ਦੀ ਸਮੱਸਿਆਵਾਂ, ਮੁਸ਼ਕਲਾਂ ਸੁਣਨ ਲਈ ਕਾਂਗਰਸ ਭਵਨ 'ਚ ਮੰਤਰੀਆਂ ਦੀ ਡਿਊਟੀ ਲਗਾਉਣ 'ਤੇ ਵਿਚਾਰ ਕੀਤੀ ਜਾ ਰਹੀ ਹੈ ਕਿਉਂਕਿ ਆਮ ਲੋਕਾਂ ਦਾ ਸਕੱਤਰੇਤ 'ਚ ਜਾਣਾ ਮੁਸ਼ਕਲ ਹੈ। ਸ੍ਰੀ ਜਾਖੜ ਨੇ ਕਿਹਾ ਕਿ ਉਹਨਾਂ ਦਾ ਅਗਲੇ ਕੁੱਝ ਮਹੀਨਿਆਂ 'ਚ ਨਗਰ ਨਿਗਮਾਂ ਤੇ ਮਿਊੰਸਪਲ ਕਮੇਟੀਆਂ ਦੀ ਹੋਣ ਵਾਲੀਆਂ ਚੋਣਾਂ 'ਤੇ ਫੋਕਸ ਹੈ। ਬਲਾਕ ਤੇ ਬੂਥ ਪੱਧਰ 'ਤੇ ਪਾਰਟੀ ਨੂੰ ਮਜਬੂਤ ਕੀਤਾ ਜਾਵੇਗਾ ਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਪੂਰੀ ਫੀਡਬੈਕ ਲਈ ਜਾਵੇਗੀ। ਭਾਜਪਾ ਦੇ ਸਕੱਤਰ ਵੀਨੀਤ ਜੋਸ਼ੀ ਵਲੋਂ ਆਪ ਦੇ ਗਿਆਰਾ ਵਿਧਾਇਕਾਂ ਨਾਲ ਸੰਪਰਕ 'ਚ ਹੋਣ ਦੇ ਸਵਾਲ ਦੇ ਜਵਾਬ ਵਿੱਚ ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਨੇ ਰਾਜਨੀਤੀ ਨੂੰ ਵਪਾਰ ਬਣਾ ਦਿੱਤਾ ਹੈ। ਗੋਆ ਤੇ ਦੂਸਰੇ ਰਾਜਾਂ 'ਚ ਪਿਛਲੇ ਸਮੇਂ ਦੌਰਾਨ ਹੋਈ ਚੋਣਾਂ ਦੌਰਾਨ 'ਚ ਭਾਜਪਾ ਨੇ ਖਰੀਦੋ ਫਰੋਖਤ ਕੀਤੀ ਹੈ। ਗੁਰਦਾਸਪੁਰ ਲੋਕ ਸਭਾ ਉਪ ਚੋਣ ਬਾਰੇ ਕਿਹਾ ਕਿ ਸਮਾਂ ਆਉਣ 'ਤੇ ਢੁਕਵਾਂ ਉਮੀਦਵਾਰ ਘੋਸ਼ਿਤ ਕੀਤਾ ਜਾਵੇਗਾ।
No comments:
Post a Comment