ਕੇਂਦਰੀ ਗਰਾਂਟਾਂ ਬਾਰੇ ਵਿੱਤ ਵਿਭਾਗ ਤੋਂ ਪੁੱਛੋ : ਅਕਾਲੀ ਦਲ
ਸਿੱਧੂ ਦੇ ਦੋਸ਼ਾਂ ਦਾ ਡਾ ਚੀਮਾ ਨੇ ਦਿੱਤਾ ਜਵਾਬ
ਚੰਡੀਗੜ 15 ਮਈ ( ਜੈ ਸਿੰਘ ਛਿੱਬਰ) : ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਨਵਜੋਤ ਸਿੱਧੂ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਗਰਾਂਟਾਂ ਬਾਰੇ ਵਿੱਤ ਵਿਭਾਗ ਤੋਂ ਪੁੱਛਣਾ ਚਾਹੀਦਾ ਹੈ ਤੇ ਐਵੇਂ ਸੜਕਾਂ ਤੇ ਤਮਾਸ਼ਾਂ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਚੀਮਾ ਨੇ ਕਿਹਾ ਕਿ ਚੰਗਾ ਹੋਣਾ ਸੀ ਜੇਕਰ ਨਵਜੋਤ ਸਿੱਧੂ ਹਰ ਦੂਜੇ ਦਿਨ ਮੁੰਬਈ ਜਾ ਕੇ ਕਾਮੇਡੀ ਸ਼ੋਅ ਦੀ ਰਿਕਾਰਡਿੰਗ ਕਰਨ ਦੀ ਥਾਂ ਚਾਰ ਦਿਨ ਆਪਣੇ ਦਫਤਰ ਵਿਚ ਬੈਠਾ ਹੁੰਦਾ ਅਤੇ ਉਸ ਨੇ ਸਰਕਾਰ ਦੇ ਕੰਮਕਾਜ ਦੇ ਤਰੀਕੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੁੰਦੀ। ਉਹਨਾਂ ਕਿਹਾ ਕਿ ਜੇ ਤੁਸੀਂ ਅਜਿਹਾ ਕੀਤਾ ਹੁੰਦਾ ਤਾਂ ਤੁਹਾਨੂੰ ਪਤਾ ਲੱਗ ਜਾਣਾ ਸੀ ਕਿ ਕੇਂਦਰ ਵੱਲੋਂ ਸੂਬੇ ਨੂੰ ਮਿਲਣ ਵਾਲੇ ਇੱਕ ਇੱਕ ਪੈਸੇ ਦਾ ਹਿਸਾਬ ਹੁੰਦਾ ਹੈ। ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਲਈ ਕੇਂਦਰ ਤੋ ਮਿਲੀ ਸਾਰੀ ਰਾਸ਼ੀ ਖਜ਼ਾਨੇ ਵਿਚ ਪਈ ਹੈ। ਇਸ ਤਰਾਂਂ ਜਿਹੜੇ ਤੁਸੀ ਏਐਮਆਰਯੂਟੀ ਤਹਿਤ 114 ਕਰੋੜ ਰੁਪਏ ਜਾਰੀ ਹੋਣ ਦੀ ਗੱਲ ਕੀਤੀ ਹੈ, ਉਹ ਵੀ ਵਿੱਤ ਵਿਭਾਗ ਕੋਲ ਪਏ ਹਨ। ਵਿੱਤ ਮੰਤਰਾਲੇ ਵੱਲੋਂ ਪ੍ਰੇਰਕ ਫੰਡ (ਇੰਸੈਂਟਿਵ ਫੰਡ) ਵਜੋਂ ਦਿੱਤੀ ਰਾਸ਼ੀ ਵੀ ਉੱਥੇ ਹੀ ਪਈ ਹੈ। ਤੁਹਾਨੂੰ ਵਿੱਤ ਵਿਭਾਗ ਨੂੰ ਪੁੱਛਣਾ ਚਾਹੀਦਾ ਹੈ ਕਿ ਇਹ ਰਾਸ਼ੀ ਕਦੋਂ ਜਾਰੀ ਕੀਤੀ ਜਾਵੇਗੀ।
ਸਿੱਧੂ ਦੇ ਵਤੀਰੇ ਬਾਰੇ ਗੱਲਬਾਤ ਕਰਦੇ ਹੋਏ ਡਾਕਟਰ ਚੀਮਾ ਨੇ ਕਿਹਾ ਕਿ ਮੈਂ ਕੱਲ• ਸਿੱਧੂ ਵੱਲੋਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਿਰੁੱਧ ਲਾਏ ਗਏ ਬੇਸਿਰ-ਪੈਰ ਦੇ ਦੋਸ਼ਾਂ ਦੇ ਬੜੇ ਦਲੀਲਪੂਰਨ ਜੁਆਬ ਦਿੱਤੇ ਸਨ। ਸਿੱਧੂ ਨੇ ਆਪਣੇ ਦੋਸ਼ਾਂ ਨੂੰ ਸਾਬਿਤ ਕਰਨ ਦੀ ਥਾਂ ਮੇਰਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਇਹ ਤਾਂ 'ਖੋਦਿਆ ਪਹਾੜ ਅਤੇ ਨਿਕਲਿਆ ਚੂਹਾ' ਵਾਲੀ ਗੱਲ ਹੋ ਗਈ ਹੈ। ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਨੇ ਮੇਰੇ ਨਾਲ ਬਹਿਸ ਕਰਨ ਤੋਂ ਟਾਲਾ ਵੱਟ ਕੇ ਖੁਦ ਨੂੰ ਲੋਕਾਂ ਸਾਹਮਣੇ ਹੋਰ ਬਦਨਾਮ ਕਰ ਲਿਆ ਹੈ। ਉਹਨਾਂ ਕਿਹਾ ਕਿ ਮੈਂ ਇੱਕ ਸਾਬਕਾ ਕੈਬਨਿਟ ਮੰਤਰੀ ਹਾਂ ਤੇ ਤੁਹਾਨੂੰ (ਸਿੱਧੂ) ਮੰਤਰੀ ਬਣਿਆਂ ਸਿਰਫ ਦੋ ਮਹੀਨੇ ਹੋਏ ਹਨ। ਆਪਣੇ ਬਰਾਬਰ ਦੇ ਵਿਅਕਤੀ ਯਾਨੀ ਇੱਕ ਸਾਬਕਾ ਕੈਬਨਿਟ ਮੰਤਰੀ ਨਾਲ ਇਸ ਮੁੱਦੇ ਉੱਤੇ ਬਹਿਸ ਕਰਨ ਦੀ ਥਾਂ, ਤੁਸੀਂ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਆਗੂ ਨਾਲ ਬਹਿਸ ਕਰਨਾ ਚਾਹੁੰਦੇ ਹੋ।
No comments:
Post a Comment