Tuesday, 3 January 2017

ਅਕਾਲੀ ਦਲ 'ਚ ਜਵਾਈਆਂ ਦੀ ਚੜਾਈ


ਦੂਜੀ ਕਤਾਰ ਦੇ ਆਗੂਆਂ ਦੇ ਪੁੱਤਰਾਂ ਨੂੰ ਵੀ ਟਿਕਟਾਂ ਦਾ ਪ੍ਰਸ਼ਾਦ 
ਚੰਡੀਗੜ 3 ਜਨਵਰੀ ( ਜੈ ਸਿੰਘ ਛਿੱਬਰ) : ਪੰਜਾਬ ਦੀ ਸੱਭ ਤੋਂ ਵੱਡੀ ਖੇਤਰੀ ਪਾਰਟੀ ਅਕਾਲੀ ਦਲ 'ਚ “ਪੁੱਤਰਾਂ ” ਦੇ ਨਾਲ ਨਾਲ ਹੁਣ “ਜਵਾਈਆਂ” ਦੀ ਵੀ ਚੜਾਈ ਹੋ ਗਈ ਹੈ। ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪਰਕਾਸ਼ ਸਿੰਘ  ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਹੁਣ ਰਾਜ ਸਭਾ ਮੈਂਬਰ ਤੇ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਅਤੇ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਤੇ ਵਿਧਾਇਕ ਬੀਬੀ ਜਗੀਰ ਕੌਰ ਨੇ ਵੀ ਆਪਣੇ “ਜਵਾਈ ਰਾਜਾ” ਨੂੰ ਸਿਆਸਤ 'ਚ ਉਤਾਰ ਦਿੱਤਾ ਹੈ। ਇਹ ਗੱਲ ਵੱਖਰੀ ਹੈ ਕਿ ਬੀਬੀ ਜਗੀਰ ਕੌਰ ਨੇ ਕਾਨੂੰਨੀ ਦਾਅਪੇਚਾਂ 'ਚ ਫਸਣ ਕਾਰਨ ਮਜਬੂਰੀ ਵਿੱਚ ਆਪਣੇ ਜਵਾਈ ਨੂੰ ਟਿਕਟ ਦੁਆਈ ਹੈ। 
ਹੁਣ ਤੱਕ ਸ੍ਰ ਬਾਦਲ ਵਿਰੋਧੀ ਆਗੂ ਬਾਦਲ ਪਰਵਾਰ 'ਤੇ ਪਰਵਾਰਵਾਦ ਨੂੰ ਅੱਗੇ ਲਿਆਉਣ ਦੇ ਦੋਸ਼ ਲਾਉਂਦੇ ਰਹੇ ਹਨ। ਸ੍ਰ ਬਾਦਲ ਵਲੋਂ ਆਪਣੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪੱਟੀ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ ਅਤੇ ਉਹ ਇਸ ਵਕਤ ਸਰਕਾਰ 'ਚ ਕੈਬਨਿਟ ਮੰਤਰੀ ਦੇ ਅਹੁੱਦੇ 'ਤੇ ਹਨ। ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ 'ਚ ਵੱਡੇ ਦਮਦਾਰ ਆਗੂ ਵਜੋਂ ਜਾਣੇ ਜਾਂਦੇ ਸੁਖਦੇਵ ਸਿੰਘ ਢੀਂਡਸਾ ਦੇ ਜਵਾਈ ਸਾਬਕਾ ਆਈ.ਏ.ਐਸ ਅਧਿਕਾਰੀ ਤਜਿੰਦਰ ਸਿੰਘ ਸਿਧੂ ਨੂੰ ਹਲਕਾ ਮੋਹਾਲੀ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਜਦੋਂ ਕਿ ਬੀਤੇ ਕੱਲ ਸੋਮਵਾਰ ਨੂੰ ਸ੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ ਨੂੰ ਭੁਲੱਥ ਹਲਕੇ ਤੋਂ ਉਮੀਦਵਾਰ ਘੋਸ਼ਿਤ ਕੀਤਾ ਗਿਆ ਸੀ। ਇਸਤੋਂ ਪਹਿਲਾਂ ਲੰਬਾਂ ਸਮਾਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ 1997 'ਚ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ 'ਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ।  
ਜਿਥੇ ਸ੍ਰ ਬਾਦਲ ਵਲੋਂ ਆਪਣੇ ਫਰਜੰਦ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਵਾਗਡੋਰ ਸੌਪਦਿਆਂ ਉਪ ਮੁੱਖ ਮੰਤਰੀ ਦਾ ਅਹੁੱਦਾ ਦਿੱਤਾ ਹੋਇਆ ਹੈ। ਉਥੇ ਅਕਾਲੀ ਦਲ ਦੇ ਦੂਜੀ ਕਤਾਰ ਦੇ ਆਗੂਆਂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ, ਰਤਨ ਸਿੰਘ ਅਜਨਾਲਾ ਦਾ ਬੇਟਾ ਅਮਰਪਾਲ ਸਿੰਘ  ਬੋਨੀ ਅਜਨਾਲਾ, ਰਣਜੀਤ ਸਿੰਘ ਬ੍ਰਹਮਪੁਰਾ ਦਾ ਬੇਟਾ ਰਵਿੰਦਰ ਸਿੰਘ ਬ੍ਰਹਮਪੁਰਾ, ਜਥੇਦਾਰ ਤੋਤਾ ਸਿੰਘ ਦਾ  ਬੇਟਾ ਮੱਖਣ ਬਰਾੜ, ਬਲਵਿੰਦਰ ਸਿੰਘ ਭੁੰਦੜ , ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੇ ਬੇਟੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਵੀ ਅਕਾਲੀ ਦਲ ਵਲੋਂ ਉਮੀਦਵਾਰ ਐਲਾਨਿਆਂ ਗਿਆ ਹੈ। ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਦੂਜੀ ਕਤਾਰ ਦੇ ਆਗੂਆਂ ਦੇ ਪੁੱਤਰਾਂ ਨੂੰ ਟਿਕਟਾਂ ਦੇ ਕੇ ਇਕ ਤਰ•ਾਂ ਨਾਲ ਉਹਨਾਂ ਦਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੋਲਣ ਤੋਂ ਮੂੰਹ ਬੰਦ ਕਰ ਦਿੱਤਾ ਗਿਆ ਹੈ।  

No comments:

Post a Comment