Sunday, 1 January 2017

ਸਿਆਸਤ ਦੇ ਕਲਾਕਾਰ --- ਵੋਟਰਾਂ ਨੂੰ ਭਰਮਾਉਣ ਲਈ ਸਿਆਸੀ ਪਾਰਟੀਆਂ ਨੇ ਕਲਾਕਾਰਾਂ ਨੂੰ ਬਣਾਇਆ ਸਿਆਸਤਦਾਨ


ਸਦੀਕ ਵਿਧਾਇਕ ਤੇ ਭਗਵੰਤ ਮਾਨ ਬਣ ਚੁੱਕੇ ਹਨ ਸਾਂਸਦ 
ਭਾਜਪਾ ਹੰਸ ਰਾਜ ਹੰਸ ਤੇ ਮਿਸ ਪੂਜਾ 'ਤੇ ਦਾਅ ਖੇਡਣ ਦੀ ਤਿਆਰੀ 'ਚ 
ਚੰਡੀਗੜ, 1 ਜਨਵਰੀ ( ਜੈ ਸਿੰਘ ਛਿੱਬਰ) : ਪੰਜਾਬ ਦੇ ਕਲਾਕਾਰਾਂ, ਗਾਇਕਾਂ 'ਤੇ ਵੀ ਸਿਆਸਤ ਦਾ ਰੰਗ ਚੜ ਗਿਆ ਹੈ। ਕੋਈ ਸਮਾਂ ਸੀ ਜਦੋਂ ਗਾਇਕ, ਕਲਾਕਾਰ ਸਿਆਸਤ, ਮਜਹਬ ਤੋਂ ਦੂਰ ਰਹਿੰਦੇ ਸਨ ਤੇ ਸਿਰਫ ਕਲਾ ਨੂੰ ਪਿਆਰ ਕਰਦੇ ਸਨ। ਪਰ, ਸਿਆਸੀ ਪਾਰਟੀਆਂ ਵਲੋਂ ਨਾਮੀ ਗਾਇਕਾਂ, ਕਲਾਕਾਰਾਂ, ਗੀਤਕਾਰਾਂ ਦੀ ਲੋਕ ਪ੍ਰਿਯਤਾ ਦਾ ਫਾਇਦਾ ਉਠਾਉਣ ਨਾਲ ਪਾਰਟੀਆਂ 'ਚ ਸ਼ਾਮਲ ਕਰਨ ਤੋਂ ਬਾਅਦ ਕਲਾਕਾਰਾਂ ਦਾ ਨਾਮ ਸਿਆਸੀ ਪਾਰਟੀਆਂ ਨਾਲ ਜੁੜਕੇ ਰਹਿ ਗਿਆ ਹੈ। 
ਪੰਜਾਬ ਦੀਆਂ ਲੱਗਭੱਗ ਸਾਰੀਆਂ ਸਿਆਸੀ ਪਾਰਟੀਆਂ 'ਚ ਕਲਾਕਾਰਾਂ ਨੇ ਐਂਟਰੀ ਮਾਰੀ ਹੈ। ਲੋਕ ਗਾਇਕ ਵਜੋਂ ਜਾਣੇ ਜਾਂਦੇ ਮਹੁੰਮਦ ਸਦੀਕ ਪੰਜਾਬ ਵਿਧਾਨ ਸਭਾ ਅਤੇ ਕਮੇਡੀਅਨ ਭਗਵੰਤ ਮਾਨ ਲੋਕ ਸਭਾ 'ਚ ਪੁੱਜ ਚੁੱਕੇ ਹਨ। ਇਹਨਾਂ ਦੋਵੇਂ ਕਲਾਕਾਰਾਂ ਵਲੋਂ ਸਿਆਸਤ 'ਚ ਵੀ ਆਪਣੀ ਪੈਂਠ ਬਨਾਉਣ ਤੋਂ ਬਾਅਦ ਹੋਰਨਾਂ ਕਲਾਕਾਰਾਂ ਨੇ ਸਿਆਸਤ ਵਲ ਰੁਖ ਕੀਤਾ ਹੈ। 
ਰਾਜ ਗਾਇਕ ਵਜੋਂ ਜਾਣੇ ਜਾਂਦੇ ਹੰਸ ਰਾਜ ਹੰਸ, ਨੋਜਵਾਨ ਮੁੰਡੇ ਕੁੜੀਆਂ ਦੀ  ਚਹੇਤੀ ਗਾਇਕਾਂ ਮਿਸ ਪੂਜਾ ਤੇ ਰਣਜੀਤ ਮਣੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਕੇ ਕਲਾਕਾਰ ਦੇ ਨਾਲ ਨਾਲ ਭਾਜਪਾਈ ਬਣ ਚੁੱਕੇ ਹਨ। 
ਜਦੋਂਕਿ ਮਹੁੰਮਦ ਸਦੀਕ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਨਾਲ ਜੁੜੇ ਹੋਏ ਹਨ। ਇਸਤੋਂ ਇਲਾਵਾ ਮਸ਼ਹੂਰ ਗਾਇਕ ਬਲਕਾਰ ਸਿੱਧੂ, ਗਾਇਕਾ ਸਤਵਿੰਦਰ ਬਿੱਟੀ ਨੇ  ਵੀ ਕਾਂਗਰਸ ਦਾ ਹੱਥ ਫੜਿਆ ਹੋਇਆ ਹੈ। 
ਉਘੇ ਕਮੇਡੀਅਨ ਭਗਵੰਤ ਮਾਨ ਜਿਥੇ ਮੈਂਬਰ ਪਾਰਲੀਮੈਂਟ ਬਣ ਚੁਕੇ ਹਨ, ਉਥੇ ਆਪ ਦੇ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਸਟਾਰ ਪ੍ਰਚਾਰਕ ਹਨ। ਇਸੀ ਤਰ•ਾਂ ਕਮੇਡੀਅਨ ਗੁਰਪ੍ਰੀਤ ਸਿੰਘ ਘੁੱਗੀ (ਵੜੈਚ) ਨੂੰ ਆਪ ਨੇ ਕਨਵੀਨਰ ਬਣਾਇਆ ਹੋਇਆ ਹੈ। ਜਦਕਿ ਦੇਵ ਮਾਨ ਨੂੰ ਨਾਭਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸੀ ਤਰ•ਾਂ ਉਘੇ ਗੀਤਕਾਰ ਬਚਨ ਬੇਦਿਲ ਨੇ ਕਮਲ ਦੇ ਨਾਲ ਨਾਲ ਝਾੜੂ ਵੀ ਚੁੱਕਿਆ ਹੋਇਆ ਹੈ। ਜੱਸੀ ਜਸਰਾਜ ਨੇ ਵੀ ਝਾੜੂ ਚੁੱਕਿਆ ਹੋਇਆ ਹੈ, ਇਹ ਗੱਲ ਵੱਖਰੀ ਹੈ ਕਿ ਉਹ ਆਪ ਲੀਡਰਸ਼ਿਪ ਤੋਂ ਨਰਾਜ ਚੱਲ ਰਹੇ ਹਨ। 
ਕਲਾਕਾਰਾਂ ਨੂੰ ਨਾਲ ਜੋੜਨ 'ਚ ਅਕਾਲੀ ਦਲ ਵੀ ਪਿੱਛੇ ਨਹੀਂ ਰਿਹਾ। ਉਹ ਵੀ ਸਮਾਂ ਸੀ ਜਦੋਂ ਅਕਾਲੀ ਦਲ 'ਚ ਢਾਡੀਆਂ ਨੂੰ ਵੱਧ ਮਹੱਤਤਾਂ ਦਿੱਤੀ ਜਾਂਦੀ ਸੀ, ਪਰ ਬਦਲਦੇ ਹਲਾਤਾਂ ਮੁਤਾਬਕ ਅਕਾਲੀ ਦਲ ਨੇ ਵੀ ਗਾਇਕਾਂ,ਕਲਾਕਾਰਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ ਹੈ। ਪਿਛਲੇ ਦਸ ਸਾਲਾਂ ਤੋਂ ਸੱਤਾ ਦਾ ਸੁਖ ਭੋਗ ਰਹੇ ਅਕਾਲੀ ਦਲ ਨੇ ਉਘੀ ਐਂਕਰ ਸਤਿੰਦਰ ਸੱਤੀ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ। ਇਸੀ ਤਰ•ਾਂ ਲੰਬੀ ਹੇਕ ਤੇ ਦਮਦਾਰ ਅਵਾਜ਼ ਦੀ ਮਾਲਕ ਸੁਖੀ ਬਰਾੜ ਨੂੰ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸੱਭਿਆਚਾਰਕ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਸਾਹਿਤ ਤੇ ਕਲਾ ਨਾਲ ਜੁੜੇ ਇਹ ਕਲਾਕਾਰ ਤਾਂ ਉਹ ਹਨ ਜਿਹੜੇ ਸਿੱਧੇ ਤੌਰ 'ਤੇ ਪਾਰਟੀਆਂ 'ਚ ਸ਼ਾਮਲ ਹੋ ਚੁੱਕੇ ਹਨ ਜਦੋਂ ਕਿ ਕੁੱਝ ਅਜਿਹੇ ਵੀ ਹਨ ਜੋ ਪਰਦੇ ਪਿਛੇ ਆਪਣੀ ਕਲ•ਾ ਦੇ ਜੌਹਰ ਦਿਖਾ ਰਹੇ ਹਨ। 
ਕਲਾਕਾਰਾਂ ਨੂੰ ਪਾਰਟੀਆਂ 'ਚ ਸ਼ਾਮਲ ਕਰਨ ਬਾਰੇ ਉਘੇ ਪੱਤਰਕਾਰ ਮਨਜੀਤ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਭਾਰਤੀ ਵੋਟਰ ਵਲੋਂ ਨੀਤੀਆਂ, ਏਜੰਡੇ ਜਾਂ ਮੁੱਦਿਆਂ ਦੀ ਬਜਾਏ ਚੇਹਰਾ ਦੇਖਕੇ ਵੋਟ ਦਾ ਇਸਤੇਮਾਲ ਕਰ ਰਿਹਾ ਹੈ। ਜਿਸ ਕਰਕੇ ਵੋਟ ਬੈਂਕ ਨੂੰ ਕੈਸ਼ ਕਰਨ ਲਈ ਰਾਜਨੀਤਿਕ ਪਾਰਟੀਆਂ ਵਲੋਂ ਜਾਣੇ ਪਹਿਚਾਣੇ ਚੇਹਰੇ ਤੇ ਸੈਲੀਬ੍ਰੇਟੀਆਂ ਨੂੰ ਪਾਰਟੀਆਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਸ੍ਰੀ ਟਿਵਾਣਾ ਦਾ ਮੰਨਣਾ ਹੈ ਕਿ ਲੋਕੀ ਜਾਂ ਕਲ•ਾ ਪ੍ਰੇਮੀ ਕਿਸੇ ਗਾਇਕ ਜਾਂ ਕਲਾਕਾਰ ਦਾ ਸਤਿਕਾਰ ਕਲਾਕਾਰ ਵਜੋਂ ਕਰਦੇ ਹਨ ਪਰ ਜਦੋਂ ਕੋਈ ਕਲਾਕਾਰ ਕਿਸੇ ਪਾਰਟੀ ਦਾ ਹੱਥ ਠੋਕਾ ਬਣਕੇ ਰਹਿ ਜਾਂਦਾ ਹੈ। ਇਹ ਅਸਿੱਧੇ ਰੂਪ ਵਿੱਚ ਲੋਕਾਂ ਨਾਲ ਧੋਖਾ ਹੈ। ਉਹਨਾਂ ਕਿਹਾ ਕਿ ਪੱਤਰਕਾਰ, ਕਮੇਡੀਅਨ ਅਤੇ ਸਾਹਿਤਕਾਰ ਸਿੱਧੇ ਅਸਿੱਧੇ ਤੌਰ 'ਤੇ ਸਿਆਸਤਦਾਨਾਂ 'ਤੇ ਵਿਅੰਗ ਕਰਦੇ ਹੋਏ ਸਮਾਜਕ ਬੁਰਾਈਆਂ ਅਤੇ ਪ੍ਰਸ਼ਾਸਨਿਕ ਸਿਸਟਮ ਦੀਆਂ ਉਣਤਾਈਆਂ ਨੂੰ ਉਜਾਗਰ ਕਰਦੇ ਹਨ। ਉਹਨਾਂ ਦਾ ਸਿਆਸਤ ਨਾਲ ਜੁੜਨਾ ਕਿਸੇ ਹੱਦ ਤਕ ਜਾਇਜ਼ ਵੀ ਮੰਨਿਆਂ ਜਾ ਸਕਦਾ ਹੈ, ਪਰੰਤੂ ਫਿਲਮੀ ਸਿਤਾਰਿਆਂ ਤੇ ਗਾਇਕਾਂ, ਕਲਾਕਾਰਾਂ ਨੂੰ ਸਿਆਸਤ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੁੰਦੀ। ਪਰ ਬਦਲਦੇ ਹਲਾਤਾਂ ਨੇ ਕਲਾਲਾਕਾਂ ਨੂੰ ਸਿਆਸਤ ਦੇ ਕਲਾਕਾਰ ਵੀ ਬਣਾ ਦਿੱਤਾ ਹੈ। 

No comments:

Post a Comment