Thursday, 7 May 2020

ਨਾ ਸ਼ਹਿਨਾਈ, ਨਾ ਹਲਵਾਈ 320 ਰੁਪਏ 'ਚ ਸ਼ਾਦੀ ਕਰਵਾਈ


ਜੈ ਸਿੰਘ ਛਿੱਬਰ, 
ਚੰਡੀਗੜ•  
ਮਹਿੰਗਾਈ ਦੇ ਇਸ ਦੌਰ ਵਿਚ 320 ਰੁਪਏ 'ਚ ਵੀ ਵਿਆਹ ਹੋ ਸਕਦਾ। ਇਹ ਗੱਲ ਤੁਹਾਨੂੰ ਅਟਪਟੀ ਲੱਗਦੀ ਹੋਵੇਗੀ, ਪਰ ਹੈ ਸੌਲਾਂ ਆਨੇ ਸੱਚ। ਨਾ ਸ਼ਹਿਨਾਈ, ਨਾ ਹਲਵਾਈ, ਨਾ ਆਨੰਦ ਕਾਰਜ਼ , ਨਾ ਫੇਰੇ ਅਤੇ ਬਿਨਾਂ ਅਦਾਲਤੀ ਕਾਰਵਾਈ ਤੋਂ ਯਾਨੀ ਧਾਰਮਿਕ ਤੇ ਸਮਾਜਿਕ ਰਿਵਾਜਾਂ ਤੋਂ ਕੋਹਾਂ ਦੂਰ ਹੋ ਕੇ ਸਿਰਫ਼  ਇਕ ਦੂਜੇ ਨੁੰ ਹਾਰ ਪਾ ਕੇ ਦੋ ਵਿਦਿਆਰਥੀਆਂ ਆਗੂਆਂ ਨੇ ਗ੍ਰਹਿਸਤੀ ਗੱਡੀ ਦਾ ਗੇਅਰ ਪਾਕੇ ਵਿਆਹੁਤਾ ਜੀਵਨ ਦੀ ਨਵੀਂ ਇਬਾਰਤ ਲਿਖੀ ਹੈ। 
ਇਕ ਦੂਜੇ ਦੇ ਜੀਵਨ ਸਾਥੀ ਬਣੇ ਰਣਬੀਰ ਸਿੰਘ ਰੰਧਾਵਾਂ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਹਨ। ਜਦੋਂ ਕਿ ਹਰਦੀਪ ਕੌਰ ਕੋਟਲਾ ਵਿਦਿਆਰਥੀ ਜਥੇਬੰਦੀ ਵਿਚ ਮੀਤ ਪ੍ਰਧਾਨ ਵਜੋਂ ਸੇਵਾ ਨਿਭਾ ਰਹੀ ਹੈ। ਇਹ ਨਾ ਸਮਝਣਾ ਕਿ ਜਥੇਬੰਦੀ ਵਿਚ ਇਕੱਠੇ ਕਾਰਜ਼  ਕਰਦਿਆਂ ਅੱਖਾਂ ਚਾਰ ਹੋ ਗਈਆਂ ਹੋਣੀਆਂ। ਅਜਿਹੀ ਕੋਈ ਗੱਲ ਨਹੀਂ।  
ਦਰਅਸਲ ਸਮਾਜ ਅਤੇ ਨੌਜਵਾਨਾਂ ਲਈ ਪ੍ਰੇਰਨਾਦਾਇਕ ਬਣਿਆ ਇਹ ਜੋੜਾ ਦੇਸ਼ ਭਗਤਾਂ, ਗਦਰੀ ਬਾਬਿਆਂ ਦੇ ਜੀਵਨ, ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ, ਨੌਜਵਾਨਾਂ ਦੇ ਘੋਲਾਂ ਵਿਚ ਮੋਹਰੀ ਰੋਲ ਅਦਾ ਕਰ ਰਿਹਾ ਹੈ। ਰਣਬੀਰ  ਰੰਧਾਵਾ ਪਿੰਡ ਘੁਰੜ  (ਬਰਨਾਲਾ) ਜਿਲ•ੇ ਦਾ ਜੰਮਪਲ ਹੈ ਅਤੇ ਅੱਜ ਕੱਲ• ਰੂਪਨਗਰ ਜਿਲ•ੇ ਦੇ ਪਿੰਡ ਨੂਰਪੁਰਬੇਦੀ ਵਿਖੇ ਰਹਿ ਰਿਹਾ ਹੈ। ਉਹ ਖਾਲਸਾ ਕਾਲਜ ਆਨੰਦਪੁਰ ਸਾਹਿਬ ਵਿਖੇ ਡਬਲ ਐਮ.ਏ  ਪੁਲੀਟੀਕਲ ਸਾਇੰਸ ਦਾ ਵਿਦਿਆਰਥੀ ਹੈ। ਪਿਛੋਕੜ ਖੱਬੇਪੱਖੀ ਵਿਚਾਰਧਾਰਾ ਵਾਲੇ  ਪਰਿਵਾਰ  ਨਾਲ ਸਬੰਧਤ ਹੋਣ ਕਰਕੇ ਦੇਸ਼ ਭਗਤੀ ਅਤੇ ਘੋਲਾਂ 'ਚ ਕੁੱਦਣਾ ਪਰਿਵਾਰਕ ਪਿਛੋਕੜ ਵਿਚੋਂ ਮਿਲਿਆ ਹੈ। ਸਾਲ 2012 ਵਿਚ ਪੀ.ਐਸ.ਯੂ ਨਾਲ  ਜੁੜਿਆਂ ਤਾਂ ਪਾਰਟੀ ਨੇ ਰੂਪਨਗਰ ਜਿਲ•ੇ ਵਿਚ ਵਿਦਿਆਰਥੀ ਜਥੇਬੰਦੀ ਨੂੰ ਸਰਗਰਮ ਦੀ ਜੁੰਮੇਵਾਰੀ ਸੌਂਪ ਦਿੱਤੀ। ਸ਼ਿਵਾਲਕ ਕਾਲਜ ਨੰਗਲ ਵਿਚ ਗ੍ਰੈਜੂਏਟ ਕੀਤੀ ਅਤੇ ਸਰਕਾਰੀ ਕਾਲਜ ਰੂਪਨਗਰ ਤੋਂ ਐਮ.ਏ ਪੰਜਾਬੀ ਕੀਤੀ। 
ਦੂਜੇ ਪਾਸੇ  ਹਰਦੀਪ ਕੌਰ ਕੋਟਲਾ ਮੋਗਾ ਜਿਲ•ੇ ਨਾਲ ਸਬੰਧਿਤ ਹੈ।  ਸਕੂਲੀ ਤੇ ਕਾਲਜ ਦੀ ਪੜ•ਾਈ ਕਰਦਿਆਂ ਗਦਰੀ ਬਾਬਿਆਂ ਦੇ ਜੀਵਨ, ਇਤਿਹਾਸ, ਸੰਘਰਸ਼ ਨੇ ਮਨ 'ਤੇ ਗਹਿਰਾ ਅਸਰ ਪਾਇਆ। ਗਦਰੀ ਬਾਬਿਆਂ ਦੀ ਸ਼ਤਾਬਦੀ ਵਰ•ੇ ਦੌਰਾਨ ਜਥੇਬੰਦੀ ਨਾਲ ਜੁੜ ਗਈ। ਮਾਪਿਆਂ ਦੇ ਵਿਰੋਧ ਦੇ ਬਾਵਜੂਦ ਵਿਦਿਆਰਥੀਆਂ ਲਈ ਸੰਘਰਸ਼ ਵਿਚ ਕੁੱਦੀ ਤੇ ਕਈ ਵਾਰ ਜੇਲ• ਗਈ।  ਦਿਲਚਸਪ ਗੱਲ ਹੈ ਕਿ ਜਿਥੇ ਅੱਜ ਨੌਜਵਾਨ ਪੀੜ•ੀ ਕਈ ਤਰ•ਾਂ ਦੇ ਪਾਪੜ ਵੇਲ• ਕੇ ਵਿਦੇਸ਼ਾਂ ਵਿਚ ਸੈੱਟ ਹੋਣਾ ਚਾਹੁੰਦੀ ਹੈ, ਉਥੇ ਹਰਦੀਪ ਕੌਰ ਦਾ ਸਮੁੱਚਾ ਪਰਿਵਾਰ  ਟਰਾਂਟੋ (ਕਨੈਡਾ) ਵਿਚ ਸਥਾਈ ਤੌਰ 'ਤੇ ਸੈਟ ਹੈ। ਹਰਦੀਪ ਕੌਰ ਨੇ ਪਰਿਵਾਰ ਦੀ ਸੂਚੀ ਵਿਚੋ ਆਪਣਾ ਨਾਮ ਕਢਵਾਕੇ ਕਨੈਡਾ ਜਾਣ ਦੀ ਬਜਾਏ ਰੰਗਲੇ  ਪੰਜਾਬ 'ਚ ਰਹਿਣ ਨੂੰ ਪਹਿਲ ਦਿੱਤੀ ਹੈ। ਹਰਦੀਪ ਨੇ ਪਰਿਵਾਰ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ  ਗਦਰੀ ਬਾਬੇ ਤਾਂ ਅਜ਼ਾਦੀ ਲਈ ਵਿਦੇਸ਼ਾਂ ਵਿਚੋਂ ਭਾਰਤ ਆਏ ਸਨ,  ਪਰ ਉਹ ਕਿਉਂ ਜਾਵੇ।  ਬਾਕੀ ਪੜ•ਾਈ ਦੌਰਾਨ ਉਹ ਵਿਦੇਸ਼ੀ ਤੇ ਔਰਤਾਂ ਦੀ ਸਥਿਤੀ ਬਾਰੇ ਚੰਗੀ ਤਰ•ਾਂ ਵਾਕਿਫ਼  ਸੀ। ਹਰਦੀਪ ਨੇ ਪੰਜਾਬੀ ਤੇ ਇਤਿਹਾਸ ਦੀ ਐਮ.ਏ  ਕੀਤੀ ਹੋਈ ਹੈ  ਅਤੇ ਹੁਣ ਗੁਰੂ ਨਾਨਕ ਦੇਵ  ਯੂਨੀਵਰਸਿਟੀ ਵਿਚ ਟ੍ਰਿਪਲ ਐਮ.ਏ (ਪੁਲੀਟੀਕਲ ਸਾਇੰਸ) ਵਿਚ ਦਾਖਲਾ ਲੈਣ ਦੀ ਇਛੁੱਕ ਹੈ, ਕਿਉਂਕਿ ਪਾਰਟੀ ਨੇ ਅੰਮ੍ਰਿਤਸਰ ਜਿਲ•ੇ ਵਿਚ ਵਿਦਿਆਰਥੀ ਜਥੇਬੰਦੀ ਨੂੰ ਮਜਬੂਤ ਕਰਨ ਦੀ ਡਿਊਟੀ ਲਗਾ ਦਿੱਤੀ ਹੈ।
ਪੰਜਾਬੀ ਜਾਗਰਣ ਨਾਲ  ਗੱਲਬਾਤ ਕਰਦਿਆਂ ਰਣਬੀਰ ਨੇ ਦੱਸਿਆ ਉਹ ਤਾਂ ਵਿਦਿਆਰਥੀ ਜਥੇਬੰਦੀ ਵਿਚ ਕੰਮ ਕਰਦੇ ਸਨ, ਵਿਆਹ ਬਾਰੇ ਤਾਂ ਸੋਚਿਆ ਵੀ ਨਹੀਂ ਸੀ। ਪਾਰਟੀ ਦੇ ਆਗੂਆਂ ਨੇ ਕਰੀਬ ਸਾਲ ਪਹਿਲਾਂ ਦੋਵਾਂ ਨੂੰ ਵਿਆਹ ਕਰਵਾਉਣ ਦੀ ਸਲਾਹ ਦਿੱਤੀ।  ਹਰਦੀਪ ਕੌਰ ਮੋਗਾ ਵਿਖੇ ਅਧਿਆਪਕ ਯੂਨੀਅਨ ਦੇ ਆਗੂ ਨਿਰਭੈਰ ਸਿੰਘ ਢੂੱਡੀਕੇ ਦੇ ਘਰ ਰਹਿ ਰਹੀ ਸੀ। ਦੋਵੇਂ ਪਾਰਟੀ ਦੇ ਕੁੱਲਵਕਤੀ ਕਾਮੇ ਹਨ, ਇਸ ਤਰ•ਾਂ ਪਾਰਟੀ ਆਗੂਆਂ ਦੀ ਸਲਾਹ ਅਤੇ ਇਕ ਵਿਚਾਰਧਾਰਾ ਹੋਣ ਕਾਰਨ ਦੋਵਾਂ ਨੇ ਵਿਆਹ ਬਾਰੇ ਵਿਚਾਰ ਕੀਤੀ। ਦੋਵੇਂ ਦੇ ਵਿਚਾਰ ਮਿਲੇ ਅਤੇ  ਗ੍ਰਹਿਸਤੀ ਗੱਡੀ ਨੂੰ ਇਕੱਠਿਆ ਚਲਾਉਣ ਲਈ ਸਹਿਮਤੀ ਬਣਾਈ। ਇਸ ਤਰ•ਾਂ ਦੋਵਾਂ ਦੇ ਵਿਆਹ ਦੀ ਤਵਾਰੀਖ ਲਿਖੀ  ਗਈ। ਰਣਬੀਰ ਦਾ ਕਹਿਣਾ ਹੈ ਕਿ ਕਰੋਨਾ ਸੰਕਟ ਕਾਰਨ ਸਾਦਾ ਵਿਆਹ ਨਹੀਂ ਕੀਤਾ ਬਲਕਿ ਉਨ•ਾਂ ਪਹਿਲਾਂ ਹੀ ਇਸ ਢੰਗ ਨਾਲ ਵਿਆਹ ਕਰਵਾਉਣ ਬਾਰੇ ਫੈਸਲਾ  ਕੀਤਾ ਹੋਇਆ ਸੀ। ਪਹਿਲਾਂ ਪਿਛਲੇ ਸਾਲ  ਨਵੰਬਰ ਵਿਚ ਵਿਆਹ ਕਰਨ ਲੱਗੇ ਸਨ ਤਾਂ ਫਰੀਦਕੋਟ ਵਿਚ ਵਿਦਿਆਰਥੀ ਘੋਲ ਸ਼ੁਰੂ ਹੋ ਗਿਆ। ਉਸਤੋਂ ਬਾਅਦ ਫਿਰ ਦੇਸ਼ ਵਿਚ ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋ ਗਿਆ। ਇਸ ਤਰ•ਾਂ ਸ਼ੰਘਰਸ਼ ਦੇ ਮੈਦਾਨ ਵਿਚ ਕੁੱਦਣ ਕਾਰਨ ਵਿਆਹ ਵਾਰ ਵਾਰ ਅੱਗੇ ਪੈਂਦਾ ਰਿਹਾ। ਹੁਣ ਕਰੋਨਾ ਵਾਇਰਸ ਕਾਰਨ ਲੋਕ ਹਿਤ  ਸੰਘਰਸ਼ ਨੂੰ ਵਿਰਾਮ ਲੱਗਿਆ ਤਾਂ ਪਾਰਟੀ ਮੈਂਬਰਾਂ ਦੀ ਹਾਜ਼ਰੀ ਵਿਚ ਇਕ ਦੂਜੇ ਨੁੰ ਹਾਰ ਪਹਿਨਾਕੇ ਵਿਆਹ ਕਰ ਲਿਆ। ਰਣਬੀਰ ਅਨੁਸਾਰ ਵਿਆਹ ਦੀਆਂ ਰਸਮਾਂ ਲਈ ਦੋ ਹਾਰ ਤੇ ਲੱਡੂ ਲਿਆਂਦੇ ਗਏ, ਜਿਨ•ਾਂ 'ਤੇ 320  ਰੁਪਏ (ਤਿੰਨ ਸੋ ਵੀਹ ਰੁਪਏ) ਖਰਚਾ ਆਇਆ ਹੈ। ਵਿਦਿਆਰਥੀ ਆਗੂਆਂ ਨੇ ਨੌਜਵਾਨਾਂ ਨੂੰ ਫੋਕੀ ਚਮਕ ਦਮਕ, ਮਹਿੰਗੇ ਖਰਚਿਆਂ ਤੋਂ ਬਚਣ ਸਾਦਾ ਜੀਵਨ ਜਿਊਣ ਦੀ ਸਲਾਹ ਦਿੰਦਿਆਂ ਫਿਰਕੂ ਹਮਲਿਆਂ,  ਨਿੱਜੀਕਰਨ ਦੇ ਖਿਲਾਫ਼ ਹੱਕੀ ਮੰਗਾਂ ਲਈ ਘੋਲ ਕੜਨ ਦਾ ਸੱਦਾ ਦਿੱਤਾ ਹੈ।  

-- 

No comments:

Post a Comment