ਵਿਭਾਗ ਨੇ ਸਰਕਾਰੀ ਕੋਠੀ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਕੀਤੀ ਅਲਾਟ
ਜੈ ਸਿੰਘ ਛਿੱਬਰ , ਚੰਡੀਗੜ੍ਹ :
ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਰੀਬ ਚਾਰ ਮਹੀਨੇ ਪਹਿਲਾਂ 16 ਜਨਵਰੀ ਨੂੰ ਮੰਤਰੀ ਪਦ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਪਰ ਉਹ ਸਰਕਾਰੀ ਕੋਠੀ ਦਾ ਮੋਹ ਨਹੀਂ ਛੱਡ ਰਹੇ। ਆਮ ਰਾਜ ਪ੍ਰਬੰਧ ਵਿਭਾਗ ਵਲੋਂ ਕੋਠੀ ਛੱਡਣ ਲਈ ਭੇਜੇ ਗਏ ਪਹਿਲੇ ਪੱਤਰ / ਨੋਟਿਸ ਦਾ ਰਾਣਾ ਗੁਰਜੀਤ ਸਿੰਘ ਨੇ ਕੋਈ ਜਵਾਬ ਨਹੀਂ ਸੀ ਦਿੱਤਾ। ਪਰ ਹੁਣ ਵਿਭਾਗ ਨੇ ਸੈਕਟਰ 7 ਸਥਿਤ ਸਰਕਾਰੀ ਕੋਠੀ (ਮਕਾਨ) ਨੰਬਰ 69 ਨਵੇਂ ਬਣੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਅਲਾਟ ਕਰ ਦਿੱਤੀ ਹੈ। ਵਿਭਾਗ ਨੇ ਓਮ ਪ੍ਰਕਾਸ਼ ਸੋਨੀ ਨੂੰ ਅਲਾਟ ਕੀਤੀ ਗਈ ਕੋਠੀ, ਰਾਣਾ ਗੁਰਜੀਤ ਸਿੰਘ ਵਲੋਂ ਕੋਠੀ ਖਾਲੀ ਕਰਨ ਦੀ ਸ਼ਰਤ 'ਤੇ ਅਲਾਟ ਕਰ ਦਿੱਤੀ ਹੈ। ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਵਿਭਾਗ ਨੇ ਸਿੱਖਿਆ ਮੰਤਰੀ ਨੂੰ ਕੋਠੀ ਅਲਾਟ ਕਰਨ ਬਾਰੇ ਰਾਣਾ ਗੁਰਜੀਤ ਸਿੰਘ ਨੂੰ ਦੁਬਾਰਾ ਪੱਤਰ ਲਿਖਕੇ ਕੋਠੀ ਖਾਲੀ ਕਰਨ ਨੂੰ ਕਿਹਾ ਹੈ।
ਇਥੇ ਦੱਸਣਾ ਬਣਦਾ ਹੈ ਕਿ ਚੰਡੀਗੜ੍ਹ ਦੇ ਅਤਿ ਮਹੱਤਵਪੂਰਨ ਸੈਕਟਰ ਚਾਰ, ਐਮ.ਐਲ.ਏ ਹੋਸਟਲ ਦੇ ਨੇੜ੍ਹੇ ਉਨ੍ਹਾਂ ਦੀ ਆਪਣੀ ਵੱਡਾ ਬੰਗਲਾ (ਕੋਠੀ) ਹੈ। ਆਪਣੀ ਰਿਹਾਇਸ਼ ਹੋਣ ਦੇ ਬਾਵਜੂਦ ਸਾਬਕਾ ਮੰਤਰੀ ਵਲੋਂ ਸਰਕਾਰੀ ਕੋਠੀ ਦਾ ਮੋਹ ਨਾ ਛੱਡਣਾ ਸਵਾਲ ਪੈਦਾ ਕਰਦਾ ਹੈ ਕਿ ਰਾਜਸੀ ਆਗੂ ਸਰਕਾਰੀ ਸਹੂਲਤਾਂ ਨੂੰ ਛੱਡਣਾ ਨਹੀਂ ਚਾਹੁੰਦੇ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਬਕਾ ਮੰਤਰੀ ਨੂੰ ਇਹ ਕੋਠੀ ਸਿੱਖਿਆ ਮੰਤਰੀ ਨੂੰ ਅਲਾਟ ਕਰਨ ਅਤੇ ਕੋਠੀ ਖਾਲੀ ਕਰਨ ਬਾਰੇ ਦੁਬਾਰਾ ਪੱਤਰ ਲਿਖ ਦਿੱਤਾ ਗਿਆ ਹੈ।
ਇਹ ਹਨ ਨਿਯਮ =--
ਜਾਣਕਾਰੀ ਅਨੁਸਾਰ ਮੰਤਰੀ ਪਦ ਛੱਡਣ ਤੋਂ ਬਾਅਦ ਸਰਕਾਰੀ ਰਿਹਾਇਸ਼ 15 ਦਿਨਾਂ ਤੱਕ ਰੱਖਣ ਦਾ ਪ੍ਰਾਵਧਾਨ ਹੈ। ਸਰਕਾਰੀ ਮੁਲਾਜ਼ਮ ਬਦਲੀ ਹੋਣ ਦੀ ਸੂਰਤ ਵਿਚ ਚਾਰ-ਪੰਜ ਮਹੀਨੇ, ਸੇਵਾ ਮੁਕਤੀ ਤੋਂ ਇਕ ਸਾਲ ਤੱਕ ਸਰਕਾਰੀ ਰਿਹਾਇਸ਼ ਰੱਖ ਸਕਦਾ ਹੈ। ਪਰ ਸਿਆਸੀ ਆਗੂ ਹਮੇਸ਼ਾ ਸਿਆਸੀ ਅਸਰ ਰਸੂਖ ਦੇ ਚੱਲਦੇ ਨਿਯਮਾਂ ਨੂੰ ਅਣਦੇਖਾ ਕਰਕੇ ਸਰਕਾਰੀ ਰਿਹਾਇਸ਼ ਛੱਡਣ ਨੂੰ ਤਿਆਰ ਨਹੀਂ ਹੁੰਦੇ।
ਬੀਬੀ ਭੱਠਲ ਕੋਲ੍ਹ ਵੀ ਹੈ ਸਰਕਾਰੀ ਕੋਠੀ --
ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਸੈਕਟਰ 2 ਸਥਿਤ ਮੰਤਰੀਆਂ ਵਾਲੀ ਵੱਡੀ ਕੋਠੀ ਰੱਖੀ ਹੋਈ ਹੈ। ਸੁਰੱਖਿਆ ਦਾ ਹਵਾਲਾ ਦੇ ਕੇ ਉਹ ਕੋਠੀ ਛੱਡਣ ਨੂੰ ਤਿਆਰ ਨਹੀਂ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਲੈਣ ਲਈ ਬੀਬੀ ਭੱਠਲ ਨੂੰ ਮਾਰਕੀਟ ਕਿਰਾਏ ਦੇ ਹਿਸਾਬ 84 ਲੱਖ ਰੁਪਏ ਜਮ੍ਹਾ ਕਰਵਾਉਣਾ ਪਿਆ ਸੀ। ਪਰ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਕੈਪਟਨ ਸਰਕਾਰ ਨੇ ਬੀਬੀ ਭੱਠਲ ਦੀ ਉਕਤ 84 ਲੱਖ ਰੁਪਏ ਨੂੰ ਵਾਪਸ ਕਰ ਦਿੱਤਾ ਸੀ।
18 ਜਨਵਰੀ ਨੂੰ ਅਸਤੀਫ਼ਾ ਹੋਇਆ ਸੀ ਮੰਜੂਰ ---
ਆਪਣੇ ਰਸੋਈਏ ਅਮਿਤ ਬਹਾਦਰ ਦੇ ਰਾਹੀਂ ਰੇਤ ਦੀਆਂ ਖੱਡਾਂ ਲੈਣ ਦੇ ਮਾਮਲੇ ਵਿਚ ਰਾਣਾ ਗੁਰਜੀਤ ਸਿੰਘ ਬੁਰੀ ਤਰ੍ਹਾਂ ਘਿਰ ਗਏ ਸਨ। ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਸਮੇਤ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਿਆ। ਕੈਪਟਨ ਸਰਕਾਰ ਦੀ ਵੱਡੇ ਪੱਧਰ 'ਤੇ ਬਦਨਾਮੀ ਹੋਣ ਕਾਰਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਣਾ ਗੁਰਜੀਤ ਸਿੰਘ ਤੋਂ ਅਸਤੀਫਾ ਲੈਣ ਦੇ ਆਦੇਸ਼ ਦਿੱਤੇ। ਇਸ ਤਰ੍ਹਾਂ ਰਾਣਾ ਗੁਰਜੀਤ ਸਿੰਘ ਨੇ 16 ਜਨਵਰੀ ਨੂੰ ਆਪਣਾ ਅਸਤੀਫਾ ਦੇ ਦਿੱਤਾ ਸੀ, ਜੋ 18 ਜਨਵਰੀ ਨੂੰ ਮੰਜੂਰ ਹੋ ਗਿਆ ਸੀ।
ਮੈਂ ਅਜੇ ਬਾਹਰ ਹਾਂ --ਰਾਣਾ ਗੁਰਜੀਤ ਸਿੰਘ
ਕਪੂਰਥਲਾਂ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਤੋਂ ਸਰਕਾਰੀ ਕੋਠੀ ਖਾਲੀ ਕਰਨ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਅਜੇ ਉਹ ਬਾਹਰ ਹਨ। ਇਹ ਕਹਿੰਦਿਆਂ ਉਨ੍ਹਾਂ ਫੋਨ ਬੰਦ ਕਰ ਦਿੱਤਾ।
No comments:
Post a Comment