ਬੋਰਡ ਦੇ ਅਧਿਕਾਰੀਆਂ ਨੂੰ 13 ਸਵਾਲਾਂ ਦੇ ਜਵਾਬ ਦੀ ਦਿੱਤੀ ਚੁਣੌਤੀ
ਕਿਤਾਬ ਬਾਰੇ 15 ਪੰਨਿਆਂ ਦੀ ਵਿਸਥਾਰਤ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ :
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ ਗੁਰਮੀਤ ਸਿੰਘ ਸਿੱਧੂ ਨੇ 12ਵੀਂ ਦੀ ਇਤਿਹਾਸ ਦੀ ਵਿਵਾਦਤ ਕਿਤਾਬ ਬਾਰੇ ਖੋਜ ਕਮੇਟੀ ਵਲੋਂ ਤਿਆਰ ਕੀਤੀ ਇਕ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਹੈ। ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਦਮਿਕ ਪੱਧਰ 'ਤੇ ਇਹ ਪੁਸਤਕ ਕਿਸੇ ਵੀ ਪੱਖ ਤੋਂ ਮਾਪਦੰਡਾਂ 'ਤੇ ਖਰੀ ਨਹੀਂ ਉਤਰਦੀ। ਉਨ੍ਹਾਂ ਕਿਹਾ ਕਿ ਪੁਸਤਕ ਵਿਚ ਇਤਿਹਾਸ ਨੂੰ ਹਟਾ ਕੇ ਮਿਥਿਹਾਸ ਅਤੇ ਰਾਸ਼ਟਰਵਾਦ ਦੇ ਨਾਮ 'ਤੇ ਪੰਜਾਬ ਦੇ ਇਤਿਹਾਸ ਨੂੰ ਘਟਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਨੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚੋਂ ਪ੍ਰੋਫੈਸਰ ਰੈਂਕ ਦੇ ਪੰਜ ਅਧਿਆਪਕਾਂ ਦੀ ਇਕ ਕਮੇਟੀ ਗਠਿਤ ਕਰਕੇ ਫਿਰ ਤੋਂ ਖਰੜਾ ਤਿਆਰ ਕਰਨ ਦੀ ਦਲੀਲ ਦਿੱਤੀ ਹੈ। ਉਨ੍ਹਾਂ ਕਿਹਾ ਕਿ 12 ਵਿਚ ਕੋਈ ਵੀ ਸਿੱਧੀ ਕਿਤਾਬ ਲਾਗੂ ਨਹੀਂ ਕੀਤੀ ਜਾ ਸਕਦੀ।
ਸਿੱਧੂ ਨੇ ਕਿਤਾਬ ਦੇ ਵੱਖ ਵੱਖ ਪੰਨਿਆਂ 'ਤੇ ਉਕਰੀਆਂ ਗਲਤੀਆਂ ਦਾ ਸਿਧਾਂਤਕ ਪੱਖ, ਧਾਰਮਕ ਭਾਵਨਾਵਾਂ ਨੂੰ ਠੇਸ, ਇਤਿਹਾਸਕ ਤੱਥਾਂ ਨਾਲ ਕੀਤੀ ਗਈ ਛੇੜਛਾੜ, ਅਰਥਾਂ ਦੇ ਅਨਰਥ, ਤਕਨੀਕੀ ਪੱਖ, ਬੋਰਡ ਦੇ ਅਧਿਕਾਰੀਆਂ ਨੂੰ ਚੁਣੌਤੀ ਦਿੰਦਿਆਂ 13ਸਵਾਲਾਂ ਦੇ ਜਵਾਬ, ਵਿਧੀ, ਸਾਰ ਅਤੇ ਸੁਝਾਅ ਬਾਰੇ ਤੱਥਾਂ ਸਮੇਤ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਤਾਬ ਵਿਚ ਕਿਤਾਬ ਦੀ ਛਪਾਈ ਲਈ ਬੋਰਡ ਦੇ ਅਧਿਕਾਰੀ ਜ਼ੁੰਮੇਵਾਰ ਹਨ ਅਤੇ ਅਧਿਕਾਰੀਆਂ ਨੇ ਦਿੱਲੀ ਸਰਕਾਰ ਨੂੰ ਖੁਸ਼ ਕਰਨ ਲਈ ਇਤਿਹਾਸ ਬਦਲਣ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਛਾਪੀਆਂ ਕਿਤਾਬਾਂ ਨਸ਼ਟ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ ਕਿਤਾਬ ਨੂੰ ਪੜ੍ਹ ਕੇ ਇੰਜ ਲੱਗਦਾ ਹੈ ਕਿ ਇਸ ਵਿਚ ਹਿੰਦੂ ਰਾਸ਼ਟਰਵਾਦ ਨੂੰ ਉਭਾਰਿਆ ਗਿਆ ਹੈ ਅਤੇ ਜਾਣਬੁੱਝ ਕੇ ਕੀਤੀਆਂ ਗਲਤੀਆਂ ਸਿੱਖ ਇਤਿਹਾਸ ਨੂੰ ਵਿਗਾੜਨ ਵਾਲੀ ਸਾਜ਼ਿਸ਼ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਖਾਲਸਾ ਰਾਜ ਨੂੰ ਸਹੀ ਤਰ੍ਹਾਂ ਪੇਸ਼ ਨਹੀਂ ਕੀਤਾ ਗਿਆ ਅਤੇ ਸਿੱਖ ਧਰਮ ਵਿਚ ਵਰਜਿਤ ਗੱਲ੍ਹਾਂ ਨੂੰ ਵਧੇਰੇ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਦੀ ਕਿਤਾਬ ਵਿਚ ਵੀ ਵਾਰ ਵਾਰ ਵਿਦਵਾਨਾਂ ਨੇ ਆਖਿਆ ਵਿਦਵਾਨਾਂ ਨੇ ਕਿਹਾ ਕਰਕੇ ਲਿਖਿਆ ਗਿਆ ਹੈ ਜਦਕਿ ਇਤਿਹਾਸ ਲਿਖਦੇ ਸਮੇਂ ਹਮੇਸ਼ਾਂ ਵਿਦਵਾਨਾਂ ਦੇ ਨਾਮ ਦਾ ਜ਼ਿਕਰ ਕੀਤਾ ਜਾਂਦਾ ਹੈ। ।ਉਨ੍ਹਾਂ ਦੱਸਿਆ ਕਿ ਮਹਾਨ ਯੋਧਿਆਂ ਦੀਆਂ ਜਨਮ ਤਰੀਕਾਂ ਵੀ ਕਿਤਾਬ ਵਿੱਚ ਨਹੀਂ ਲਿਖੀਆਂ ਗਈਆਂ ਅਤੇ ਕਿਤਾਬ ਨੂੰ ਲਾਗੂ ਕਰਨ ਤੋਂ ਬਾਅਦ ਗਾਈਡਾਂ ਹੀ ਵਿਦਿਆਰਥੀਆਂ ਦਾ ਸਹਾਰਾ ਬਣਨ ਗੀਆਂ।
ਇਹਨਾਂ 'ਤੇ ਉਠਾਏ ਗੰਭੀਰ ਸਵਾਲ ---
ਉਨ੍ਹਾਂ ਕਿਹਾ ਕਿ ਕਿਤਾਬ ਪੜ੍ਹਕੇ ਬੋਰਡ ਦੇ ਅਧਿਕਾਰੀਆਂ ਨੂੰ ਤੇਰਾਂ ਸਵਾਲਾਂ ਦੇ ਜਵਾਬ ਦੇਣ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਮੰਦਰ ਵਿੱਚ ਜਾ ਕੇ ਕੀਰਤਨ ਦੀਆਂ ਫੋਟੋਆਂ ਖਿੱਚਣ ਲਈ ਵਿਦਿਆਰਥੀਆਂ ਨੂੰ ਕਿਹਾ ਗਿਆ ਹੈ, ਜਦਕਿ ਮੰਦਰ ਵਿੱਚ ਤਾਂ ਭਜਨ ਹੁੰਦਾ ਹੈ। ।ਮਹਾਤਮਾ ਬੁੱਧ ਬਾਰੇ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਪ੍ਰਮਾਤਮਾ ਦਾ ਗਿਆਨ ਹੋ ਗਿਆ ਜਦਕਿ ਬੁੱਧੀਜ਼ਮ ਵਿੱਚ ਕਿਤੇ ਵੀ ਪਰਮਾਤਮਾ ਦਾ ਜ਼ਿਕਰ ਨਹੀਂ ਹੈ। ਇਸੀ ਤਰ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਲੁਧਿਆਣਾ ਦੇ ਜੰਮਪਲ ਅਤੇ ਉਨ੍ਹਾਂ ਦੀ ਮੂਰਤੀ ਲੁਧਿਆਣਾ ਵਿੱਚ ਲਗਾਉਣ ਬਾਰੇ ਦਰਜ਼ ਕੀਤਾ ਗਿਆ ਹੈ। ਜਦੋਂ ਕਿ ਕਰਤਾਰ ਸਿੰਘ ਸਰਾਭਾ , ਪਿੰਡ ਸਰਾਭਾ ਦੇ ਜੰਮਪਲ ਸਨ ਅਤੇ ਸ਼ਹੀਦਾਂ ਦੇ ਬੁੱਤ ਹੀ ਲਗਾਏ ਜਾਂਦੇ ਹਨ ਨਾ ਕਿ ਮੂਰਤੀਆਂ।
ਉਨ੍ਹਾਂ ਕਿਹਾ ਕਿ ਪੁਸਤਕ ਵਿਚ ਮਿਥਿਹਾਸ ਨੂੰ ਇਤਿਹਾਸ ਸਿੱਧ ਕਰਨ ਲਈ ਇਤਿਹਾਸ ਅਤੇ ਇਤਿਹਾਸਕ ਤੱਥਾਂ ਦੀ ਭੰਨ ਤੋੜ ਕੀਤੀ ਗਈ ਹੈ। ਸੈਕੂਲਰ ਰਾਸ਼ਟਰ ਦੀ ਥਾਂ ਤੇ ਹਿੰਦੂਤਵਵਾਦੀ ਰਾਸ਼ਟਰ ਦੀ ਨੀਂਹ ਮਜਬੂਤ ਕਰਨ ਲਈ ਅਤੇ ਸਿੱਖ ਪਛਾਣ ਦੀ ਮੌਲਕਿਤਾ ਨੂੰ ਖਤਮ ਕਰਨ ਦੀ ਸਾਜ਼ਿਸ਼ ਦੇ ਅਧੀਨ ਇਹ ਪੁਸਤਕ ਤਿਆਰ ਕੀਤੀ ਗਈ ਹੈ।
ਸਿੱਖ ਧਰਮ ਨੂੰ ਰਾਮ ਭਗਤੀ ਦਾ ਹਿੱਸਾ ਬਣਾਉਣ ਲਈ ਗੁਰੂ ਨਾਨਕ ਸਾਹਿਬ ਅਤੇ ਗੁਰੂ ਸਾਹਿਬਾਨ ਨੂੰ ਭਗਤੀ ਦੇ ਨਵੇਂ ਰੰਗੋ ਪਾਠ ਵਿਚ ਸ਼ਾਮਲ ਕੀਤਾ ਹੈ ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਉਨ੍ਹਾਂ ਵਲੋਂ ਸਾਜੇ ਖਾਲਸੇ ਦਾ ਜ਼ਿਕਰ ਜਾਣ ਬੁਝ ਕੇ ਨਹੀਂ ਕੀਤਾ ਗਿਆ। ਭਗਤ ਨਾਮਦੇਵ ਜੀ ਦੇ ਗੁਰਦੁਆਰੇ ਨੂੰ ਮੰਦਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਕਿਤਾਬ ਵਿਚ ਘੱਟ ਗਿਣਤੀ ਧਰਮਾਂ ਦਾ ਇਤਿਹਾਸ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਮਹਾਤਮਾ ਬੁੱਧ ਦੀਆਂ ਸਿੱਖਿਆਵਾਂ, ਕੀਰਤਨ, ਭਗਤੀ ਆਦਿ ਸੰਬੰਧੀ ਨਿਰ ਅਧਾਰ ਟਿਪਣੀਆਂ ਕੀਤੀਆਂ ਗਈਆਂ ਹਨ।
ਪੰਜਾਬ ਸਰਕਾਰ ਨੂੰ ਦਿੱਤਾ ਸੁਝਾਅ----
ਕਮੇਟੀ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿਤਾ ਕਿ ਇਤਿਹਾਸ ਦੀ ਇਹ ਪੁਸਤਕ ਤੁਰੰਤ ਵਾਪਸ ਲਈ ਜਾਵੇ ਅਤੇ ਪਹਿਲਾਂ 11ਵੀਂ ਜਮਾਤ ਦੀ ਪਾਠ ਪੁਸਤਕ ਤਿਆਰ ਕੀਤੀ ਜਾਵੇ। ਵਿਦਿਆਰਥੀਆਂ ਦੇ ਹੋ ਰਹੇ ਨੁਕਸਾਨ ਨੂੰ ਧਿਆਨ ਵਿਚ ਰੱਖ ਕੇ ਫਿਲਹਾਲ ਪੁਰਾਣਾ ਸਿਲੇਬਸ ਹੀ ਲਾਗੂ ਕੀਤਾ ਜਾਵੇ। ਇਸੀ ਤਰ੍ਹਾਂ ਗੁਰਗਿਆਨ ਇੰਸਟੀਚਿਊਟ ਦੇ ਸਕੱਤਰ ਡਾ. ਗੁਰਵੀਰ ਸਿੰਘ ਨੇ ਦੱਸਿਆ ਕਿ ਇਸ ਰਿਪੋਰਟ ਨੂੰ ਤਿਆਰ ਕਰਨ ਲਈ ਪਾਠ ਪੁਸਤਕ ਦੇ ਵਿਸ਼ਲੇਸ਼ਣ ਤੋਂ ਇਲਾਵਾ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨਾਂ, ਇਤਿਹਾਸਕਾਰਾਂ, ਸਿੱਖ ਵਿਦਵਾਨਾਂ, ਸਕੂਲ ਲੈਕਚਰਾਰਾਂ ਅਤੇ ਇਤਿਹਾਸ ਪੜ੍ਹਦੇ ਵਿਦਿਆਰਥੀਆਂ ਨਾਲ ਲੰਮੀਆਂ ਮੁਲਾਕਾਤਾਂ ਕਰਕੇ ਤੱਥ ਖੋਜੇ ਗਏ ਹਨ।
No comments:
Post a Comment