--ਮੁੱਖ ਮੰਤਰੀ ਨੇ ਅਹੁੱਦੇ ਤੋਂ ਹਟਾਉਣ ਦੀ ਦਿੱਤੀ ਹਰੀ ਝੰਡੀ
--ਪ੍ਰਸ਼ਾਸਕੀ ਸੁਧਾਰ ਵਿਭਾਗ ਨੇ ਦਸ ਦਿਨਾਂ 'ਚ ਅਸਤੀਫਾ ਦੇਣ ਦੇ ਦਿੱਤੇ ਆਦੇਸ਼
ਜੈ ਸਿੰਘ ਛਿੱਬਰ, ਚੰਡੀਗੜ੍ਹ :
ਅਕਾਲੀ ਭਾਜਪਾ ਗਠਜੋੜ ਸਰਕਾਰ ਵਲੋਂ ਸੂਚਨਾ ਅਧਿਕਾਰ ਐਕਟ, ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਵਿਨੈ ਕਪੂਰ ਮਹਿਰਾ ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨਰ ਨਿਯੁਕਤ ਕਰਨ ਦਾ ਮਾਮਲਾ ਪ੍ਰਕਾਸ਼ 'ਚ ਆਇਆ ਹੈ।
ਅਤਿ ਭਰੋਸੇਯੋਗ ਸੂਤਰਾਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਕਾਇਤ ਨਿਵਾਰਣ, ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਨਿਰਮਲ ਸਿੰਘ ਕਲਸੀ ਨੂੰ ਵਿਨੈ ਕਪੂਰ ਮਹਿਰਾ ਨੂੰ ਅਹੁੱਦੇ ਤੋਂ ਹਟਾਉਣ ਬਾਰੇ ਫਾਈਲ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦਿਲਚਸਪ ਗੱਲ ਇਹ ਹੈ ਕਿ ਜੇਕਰ ਸੂਚਨਾ ਕਮਿਸ਼ਨਰ ਵਿਨੈ ਕਪੂਰ ਮਹਿਰਾ ਨੂੰ ਸਰਕਾਰ ਵਲੋਂ ਅਹੁੱਦੇ ਤੋਂ ਫਾਰਗ ਕੀਤਾ ਜਾਂਦਾ ਹੈ ਤਾਂ ਕਿਸੀ ਸੂਚਨਾ ਕਮਿਸ਼ਨਰ ਨੂੰ ਹਟਾਉਣ ਦੀ ਦੇਸ਼ ਦੀ ਇਹ ਪਹਿਲੀ ਤੇ ਵੱਡੀ ਘਟਨਾ ਹੋਵੇਗੀ।
ਜਾਣਕਾਰੀ ਅਨੁਸਾਰ ਵਿਨੈ ਕਪੂਰ ਮਹਿਰਾ ਅੰਮ੍ਰਿਤਸਰ ਸਾਹਿਬ ਦੇ ਇਕ ਵੱਡੇ ਵਿਦਿਅਕ ਅਦਾਰੇ ਵਿਚ ਤੈਨਾਤ ਸਨ ਅਤੇ ਉਹਨਾਂ ਨੇ ਸਬੰਧਿਤ ਵਿਦਿਅਕ ਅਦਾਰੇ 'ਚ ਬਿਨਾਂ ਅਸਤੀਫਾ ਦਿਤੇ ਸੂਚਨਾ ਕਮਿਸ਼ਨਰ ਦੀ ਪੋਸਟ ਲਈ ਬਿਨੈ ਪੱਤਰ ਦੇ ਦਿੱਤਾ। ਅਕਾਲੀ ਭਾਜਪਾ ਸਰਕਾਰ ਵਲੋਂ ਜਿਥੇ ਸ਼੍ਰੀ ਮਤੀ ਵਿਨੈ ਕਪੂਰ ਮਹਿਰਾ ਦੀ ਨਿਯੁਕਤੀ ਗਲਤ ਕੀਤੀ ਹੈ, ਉਥੇ ਮਿਤੀ 8 ਸਤੰਬਰ 2016 ਨੂੰ ਬਤੌਰ ਕਮਿਸ਼ਨਰ ਸਹੁੰ ਵੀ ਚੁਕਾ ਦਿੱਤੀ।
ਸੂਤਰ ਦੱਸਦੇ ਹਨ ਕਿ ਕੈਪਟਨ ਸਰਕਾਰ ਦੇ ਧਿਆਨ ਵਿਚ ਮਾਮਲਾ ਆਉਣ ਤੋਂ ਬਾਅਦ ਸ਼ਿਕਾਇਤ ਨਿਵਾਰਣ, ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਨਿਰਮਲ ਸਿੰਘ ਕਲਸੀ ਨੇ ਵਿਨੈ ਕਪੂਰ ਮਹਿਰਾ ਨੂੰ ਅਹੁੱਦੇ ਤੋਂ ਹਟਾਉਣ ਬਾਰੇ ਪਿਛਲੇ ਦਿਨ ਫਾਈਲ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ। ਮੁੱਖ ਮੰਤਰੀ ਨੇ ਪ੍ਰਸ਼ਾਸਕੀ ਸੁਧਾਰ ਵਿਭਾਗ ਵਲੋਂ ਭੇਜੀ ਫਾਈਲ ਨੂੰ ਹਰੀ ਝੰਡੀ ਦੇ ਦਿੱਤੀ। ਸ਼ਿਕਾਇਤ ਨਿਵਾਰਣ ਤੇ ਪ੍ਰਸ਼ਾਸਕੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਨਿਰਮਲ ਸਿੰਘ ਕਲਸੀ ਨੇ ਪਿਛਲੇ ਹਫ਼ਤੇ ਸੂਚਨਾ ਕਮਿਸ਼ਨਰ ਵਿਨੈ ਕਪੂਰ ਮਹਿਰਾ ਨੂੰ ਪੱਤਰ ਜਾਰੀ ਕੀਤਾ ਹੈ ਕਿ ਉਹ ਦੋਵੇਂ ਵਿਭਾਗਾਂ ਵਿਚੋਂ ਕਿਸੇ ਇਕ ਅਹੁੱਦੇ ਤੋਂ ਅਸਤੀਫਾ ਦੇ ਕੇ ਵਿਭਾਗ ਨੂੰ ਦਸ ਦਿਨਾਂ ਦੇ ਅੰਦਰ ਅੰਦਰ ਸੂਚਿਤ ਕਰਨ। ਵਿਭਾਗ ਦੇ ਇਸ ਆਦੇਸ਼ ਤੋਂ ਸੂਚਨਾ ਕਮਿਸ਼ਨਰ ਧਰਮ ਸੰਕਟ ਵਿੱਚ ਫਸ ਗਈ ਹੈ। ਉਹਨਾਂ ਨੂੰ ਦੋਵਾਂ ਅਹੁੱਦਿਆਂ ਵਿਚੋਂ ਕਿਸੇ ਇਕ ਅਹੁੱਦੇ ਨੂੰ ਚੁਣਨਾ ਪਵੇਗਾ।
ਕੀ ਕਹਿੰਦਾ ਹੈ ਕਾਨੂੰਨ --
ਸੂਚਨਾ ਅਧਿਕਾਰ ਐਕਟ ਦੀ ਧਾਰਾ 13(6) ਅਨੁਸਾਰ ਮੁੱਖ ਸੂਚਨਾ ਕਮਿਸ਼ਨਰ, ਪੰਜਾਬ ਰਾਜ ਸੂਚਨਾ ਕਮਿਸ਼ਨਰ ਦੀ ਪੋਸਟ 'ਤੇ ਸੰਸਦ ਮੈਂਬਰ, ਵਿਧਾਨ ਸਭਾ ਮੈਂਬਰ, ਸਿਆਸੀ ਆਗੂ, ਕਾਰੋਬਾਰੀ ਜਾਂ ਕੋਈ ਹੋਰ ਪੇਸ਼ਾ ਕਰਨ ਵਾਲੇ ਵਿਅਕਤੀ ਦੀ ਬਤੌਰ ਕਮਿਸ਼ਨਰ ਨਿਯੁਕਤੀ ਨਹੀਂ ਕੀਤੀ ਜਾ ਸਕਦੀ। ਸੂਤਰ ਦੱਸਦੇ ਹਨ ਕਿ ਵਿਨੈ ਕਪੂਰ ਮਹਿਰਾ ਨੂੰ ਸੂਚਨਾ ਕਮਿਸ਼ਨਰ ਦੀ ਸਹੁੰ ਚੁੱਕਣ ਤੋਂ ਪਹਿਲਾ ਵਿਦਿਅਕ ਸੰਸਥਾਂ ਤੋਂ ਅਸਤੀਫਾ ਦੇਣਾ ਬਣਦਾ ਸੀ।
--
ਮੇਰੀ ਨਿਯੁਕਤੀ ਸਹੀ-ਵਿਨੈ ਕਪੂਰ ਮਹਿਰਾ
ਸੂਚਨਾ ਕਮਿਸ਼ਨਰ ਵਿਨੈ ਕਪੂਰ ਮਹਿਰਾ ਨੇ ਬਤੌਰ ਸੂਚਨਾ ਕਮਿਸ਼ਨਰ ਨਿਯੁਕਤੀ ਨੂੰ ਸਹੀ ਦੱਸਦਿਆ ਮੰਨਿਆਂ ਕਿ ਉਹ ਅੰਮ੍ਰਿਤਸਰ ਵਿਦਿਅਕ ਅਦਾਰੇ ਵਿਚ ਤੈਨਾਤ ਸਨ। ਉਹਨਾਂ ਕਿਹਾ ਕਿ ਉਹ ਬਿਨਾਂ ਤਨਖਾਹ ਤੋਂ ਛੁੱਟੀ ਲੈ ਕੇ ਬਤੌਰ ਸੂਚਨਾ ਕਮਿਸ਼ਨਰ ਨਿਯੁਕਤ ਹੋਈ ਹੈ ਪਹਿਲਾਂ ਵੀ ਇਸ ਤਰ੍ਹਾਂ ਹੋਰ ਅਧਿਕਾਰੀ, ਮੁਲਾਜ਼ਮ ਦੂਸਰੇ ਵਿਭਾਗਾਂ ਵਿਚ ਤੈਨਾਤ ਹੋਏ ਹਨ।
No comments:
Post a Comment