Thursday, 5 May 2016

ਖੇਤੀ ਨੂੰ ਸਨਅਤੀ ਦਰਜ਼ਾ ਦੇਣ ਲਈ ਪੰਜਾਬ ਨੇ ਕੇਂਦਰ ਕੋਲ ਆਪਣਾ ਕੇਸ ਪੇਸ਼ ਕੀਤਾ


ਕਣਕ ਦਾ ਮੁੱਲ 2040 ਰੁਪਏ ਦੇਣ ਦੀ ਸਿਫਾਰਸ਼, ਦੂਸਰੇ ਸੂਬਿਆਂ ਨੇ ਵੀ ਕੀਤੀ ਪੰਜਾਬ ਦਾ ਸਮਰਥਨ
ਚੰਡੀਗੜ•, 5 ਮਈ (ਜੈ ਸਿੰਘ ਛਿੱਬਰ) : ਕਿਸਾਨਾਂ ਨੂੰ ਆਤਮ ਹੱਤਿਆਂ ਤੋਂ ਰੋਕਣ ਅਤੇ ਦੇਸ਼ ਵਿੱਚ ਫੂਡ ਸਕਿਊਰਟੀ ਮਿਸ਼ਨ ਨੂੰ ਕਾਮਯਾਬ ਕਰਨ ਲਈ ਪੰਜਾਬ ਸਰਕਾਰ ਨੇ ਖ਼ੇਤੀ ਨੂੰ ਸਨਅਤ ਦਾ ਦਰਜਾ ਦਿਵਾਉਣ ਲਈ ਆਪਣਾ ਕੇਸ ਕੇਂਦਰ ਸਰਕਾਰ ਕੋਲ ਪੇਸ਼ ਕਰ ਦਿੱਤਾ ਹੈ। ਵੱਖ ਵੱਖ ਸੂਬਿਆਂ ਦੇ ਖੇਤੀ ਅਧਿਕਾਰੀਆਂ ਦੀ ਬੀਤੇ ਕੱਲ• ਦਿੱਲੀ ਵਿਖੇ ਜਿਣਸਾਂ ਦੀਆਂ ਕੀਮਤਾਂ ਤੈਅ ਕਰਨ ਲਈ ਹੋਈ ਮੀਟਿੰਗ ਵਿੱਚ ਵੱਖ ਵੱਖ ਸੂਬਿਆਂ ਨੇ ਪੰਜਾਬ ਦੇ ਇਸ ਕੇਸ ਦਾ ਸਮਰਥਨ ਕੀਤਾ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਜਿਣਸਾਂ ਦਾ ਰੇਟ ਨਿਸ਼ਚਿਤ ਕਰਨ ਲਈ ਕਣਕ ਦਾ ਘੱਟੋਂ-ਘੱਟ ਸਮਰਥਨ ਮੁੱਲ 2040 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਸਿਫਾਰਸ਼ ਕੀਤੀ ਹੈ। ਪੰਜਾਬ ਸਰਕਾਰ ਦੀ ਇਸ ਮੰਗ 'ਤੇ ਹੋਰ ਸੂਬਿਆਂ ਦੇ ਖੇਤੀ ਅਧਿਕਾਰੀਆਂ ਨੇ ਵੀ ਸਮੱਰਥਨ ਕੀਤਾ ਹੈ। 
ਦਿੱਲੀ ਵਿਖੇ ਖੇਤੀਬਾੜੀ ਦੇ 'ਕਾਸਟ ਐਂਡ ਪ੍ਰਾਈਸ ਕਮਿਸ਼ਨ' ਦੀ ਮੀਟਿੰਗ ਵਿੱਚ ਪੰਜਾਬ ਵੱਲੋਂ ਪਹਿਲੀ ਵਾਰ ਉਚ ਪੱਧਰੀ ਤਿੰਨ ਮੈਂਬਰੀ ਟੀਮ ਨੇ ਮਜਬੂਤੀ ਨਾਲ ਕਿਸਾਨਾਂ ਦਾ ਪੱਖ ਰੱਖਿਆ ਹੈ। ਟੀਮ 'ਚ ਵਧੀਕ ਮੁੱਖ ਸਕੱਤਰ ਡਾ. ਨਿਰਮਲਜੀਤ ਸਿੰਘ ਕਲਸੀ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਜਸਵੀਰ ਸਿੰਘ ਬੈਂਸ ਅਤੇ ਕੰਸਲਟੈਂਟ ਸਟੈਟ ਰਜਨੀਸ਼ ਮਹਿਤਾ ਸ਼ਾਮਲ ਸਨ। ਇਸਤੋਂ ਪਹਿਲਾਂ ਕਾਸਟ ਐਂਡ ਪ੍ਰਾਈਸ ਕਮਿਸ਼ਨ ਦੀਆਂ ਮੀਟਿੰਗਾਂ 'ਚ ਪੰਜਾਬ ਵੱਲੋਂ ਜੁਆਇੰਟ ਡਾਇਰੈਕਟਰ ਪੱਧਰ ਦਾ ਅਫਸਰ ਹੀ ਜਾਂਦਾ ਰਿਹਾ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਆਰਥਿਕ ਮਾਹਿਰਾਂ ਦੀ ਸਲਾਹ ਨਾਲ ਪੰਜਾਬ ਸਰਕਾਰ ਨੇ ਕੇਸ ਨੂੰ ਤਿਆਰ ਕੀਤਾ ਹੈ। ਵਧੀਕ ਮੁੱਖ ਸਕੱਤਰ ਡਾ. ਨਿਰਮਲਜੀਤ ਸਿੰਘ ਕਲਸੀ ਅਤੇ ਡਾਇਰੈਕਟਰ ਡਾ. ਜਸਵੀਰ ਸਿੰਘ ਬੈਂਸ ਵੱਲੋਂ ਰੱਖੇ ਕੇਸ ਵਿਚ ਕਿਹਾ ਗਿਆ ਕਿ ਦੇਸ਼ ਦੇ ਅਨਾਜ ਭੰਡਾਰ ਵਿਚ 50 ਫੀਸਦੀ ਤੱਕ ਯੋਗਦਾਨ ਪਾਉਣ ਵਾਲਾ ਪੰਜਾਬ ਅੱਜ ਸੰਕਟ ਵਿੱਚ ਹੈ। ਪੰਜਾਬ ਨੇ ਆਪਣੀ ਧਰਤੀ, ਪਾਣੀ, ਵਾਤਾਵਰਣ ਜਹਰੀਲਾ ਬਣਾ ਲਿਆ ਹੈ ਤੇ ਕਿਸਾਨ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਖੇਤੀ ਨੂੰ ਸਨਅਤ ਦਾ ਦਰਜਾ ਦੇ ਕੇ ਸਨਅਤਾਂ ਵਾਂਗ ਹੀ ਸਹੂਲਤਾਂ ਦਿੱਤੀਆ ਜਾਣ ਨਾਲ ਹੀ ਕਿਸਾਨੀ ਬਚ ਸਕਦੀ ਹੈ। ਸਾਲ 1975 ਦੇ ਖੇਤੀ ਸੂਚਕ ਅੰਕ ਦਾ ਵੇਰਵਾ ਦਿੰਦਿਆ ਦੱਸਿਆ ਗਿਆ ਕਿ ਖੇਤੀ ਇਨਪੁਟਸ ਬੀਜ, ਸੰਦ, ਕੀਟਨਾਸ਼ਕ, ਮਸ਼ੀਨਰੀ, ਲੇਬਰ ਚਾਰਜ, ਜਮੀਨ ਦੀ ਠੇਕੇਦਾਰੀ ਦੀਆਂ ਕੀਮਤਾਂ, ਖੇਤੀ ਲਈ ਪਾਣੀ ਲੈਣ ਲਈ ਵਰਤੇ ਜਾਂਦੇ ਡੀਜ਼ਲ ਦੀਆਂ ਕੀਮਤਾਂ ਵਿਚ 500 ਫੀਸਦੀ ਤਕ ਵਾਧਾ ਹੋਇਆ ਹੈ, ਪਰ ਫਸਲਾਂ ਦੀਆਂ ਕੀਮਤਾਂ ਵਿਚ ਵਾਧਾ 20 ਤੋਂ 30 ਫੀਸਦੀ ਵਾਧਾ ਹੀ ਹੋਇਆ ਹੈ। ਇਹ ਵੀ ਦਲੀਲ ਦਿੱਤੀ ਗਈ ਹੈ ਕਿ ਫਸਲੀ ਚੱਕਰ ਵਿਚ ਤਬਦੀਲੀ ਕੋਈ ਕਾਮਯਾਬ ਪ੍ਰਕ੍ਰਿਆ ਨਹੀਂ ਹੈ ਕਿਉਂਕਿ ਫਸਲੀ ਵਿਭਿੰਨਤਾ ਤਹਿਤ ਤਿਆਰ ਫਸਲਾਂ ਦੇ ਨਾ ਤਾਂ ਮੁੱਲ ਠੀਕ ਮਿਲਦੇ ਹਨ ਅਤੇ ਮੰਡੀਕਰਣ ਵੀ ਯਕੀਨੀ ਨਹੀਂ ਹੈ। ਪੰਜਾਬ ਵੱਲੋਂ ਅਗਲੇ ਵਰੇਂ• ਦੀਆਂ ਜਿਣਸਾਂ ਲਈ ਘੱਟੋਂ-ਘੱਟ ਕੀਮਤਾਂ ਦੀ ਸਿਫਾਰਿਸ਼ ਅਨੁਸਾਰ, ਕਣਕ 1525 ਰੁਪਏ ਪ੍ਰਤੀ ਕੁਇੰਟਲ ਤੋਂ 2040 ਰੁਪਏ, ਬਾਜਰਾ 1225 ਰੁਪਏ ਪ੍ਰਤਿ ਕੁਇੰਟਲ ਤੋਂ 1750 ਰੁਪਏ ਪ੍ਰਤਿ ਕੁਇੰਟਲ, ਛੋਲੇਂ 3425 ਰੁਪਏ ਪ੍ਰਤਿ ਕੁਇੰਟਲ ਤੋਂ 3995 ਰੁਪਏ ਪ੍ਰਤਿ ਕੁਇੰਟਲ, ਤੇਲ-ਬੀਜ ਫਸਲਾਂ 3350 ਰੁਪਏ ਪ੍ਰਤਿ ਕੁਇੰਟਲ ਤੋਂ 3850 ਰੁਪਏ ਪ੍ਰਤਿ ਕੁਇੰਟਲ ਦੀ ਸਿਫਾਰਿਸ਼ ਕੀਤੀ ਗਈ। ਇਹ ਮੀਟਿੰਗ ਦੀ ਦਿਲਚਸਪ ਗੱਲ ਇਹ ਵੀ ਰਹੀ ਕਿ ਸਾਰੇ ਹੀ ਸੂਬਿਆ ਨੇ ਪੰਜਾਬ ਦੀਆਂ ਸਿਫਾਰਿਸ਼ਾਂ ਦੀ ਖੁੱਲ ਕੇ ਹਮਾਇਤ ਕੀਤੀ।

No comments:

Post a Comment