Wednesday, 31 March 2021
ਿਡਪਟੀ ਕਮਿਸ਼ਨਰ ਤੇ ਐਸ.ਐਸ.ਪੀਜ਼ ਨੂੰ ਭਾਜਪਾ ਆਗੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼
--
--ਗ੍ਰਹਿ ਵਿਭਾਗ ਨੇ ਆਈ.ਜੀ, ਡੀ.ਆਈ.ਜੀ, ਡੀਸੀ, ਐਸ.ਐਸ.ਪੀ ਨੂੰ ਜਾਰੀ ਕੀਤਾ ਗੁਪਤ ਪੱਤਰ
--ਅਰੁਣ ਨਾਰੰਗ ਦੀ ਘਟਨਾਂ ਤੋਂ ਬਾਅਦ ਹਰਕਤ ’ਚ ਆਇਆ ਗ੍ਰਹਿ ਵਿਭਾਗ
ਜੈ ਸਿੰਘ ਛਿੱਬਰ,
ਚੰਡੀਗੜ੍ਹ
ਅਬੋਹਰ ਤੋਂ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਦੀ ਕਿਸਾਨਾਂ ਵਲੋਂ ਕੀਤੀ ਗਈ ਮਾਰਕੁੱਟ ਤੋਂ ਬਾਅਦ ਪੁਲਿਸ ਨੇ ਭਾਜਪਾ ਆਗੂਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਗ੍ਰਹਿ ਵਿਭਾਗ ਨੇ ਸੂਬੇ ਦੇ ਸਾਰੀਆਂ ਰੇਜਾਂ ਦੇ ਆਈ.ਜੀ, ਡੀ.ਆਈ.ਜੀ, ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਡਿਊਟੀ ਮਜਿਟਰੇਟ ਨੂੰ ਇਕ ਗੁਪਤ ਪੱਤਰ ( ਪੰਜਾਬੀ ਜਾਗਰਣ ਕੋਲ੍ਹ ਹੈ) ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਉਨ੍ਹਾਂ ਦੇ ਜ਼ਿਲ੍ਹਿਆਂ ਵਿਚ ਭਾਜਪਾ ਆਗੂਆਂ ਦੇ ਦੌਰੇ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਭਾਜਪਾ ਆਗੂਆਂ ਦੀ ਸੁਰੱਖਿਆ ਲਈ ਲੋੜ ਪੈਣ ’ਤੇ ਪੰਜਾਬ ਆਰਮਡ ਪੁਲਿਸ (ਪੀ.ਏ.ਪੀ) ਕਮਾਂਡੋਂ ਜਾਂ ਰਿਜਰਵ ਬਟਾਲੀਅਨ ਦੀ ਲੋੜ ਪੈਣ ’ਤੇ ਡਿਮਾਂਡ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਸੂਤਰ ਦੱਸਦੇ ਹਨ ਕਿ ਗ੍ਰਹਿ ਵਿਭਾਗ ਨੇ ਇਹ ਫੈਸਲਾ ਰਾਜਪਾਲ ਪੰਜਾਬ ਵਲੋਂ ਕੀਤੀ ਗਈ ਝਾੜਝੰਬ ਤੋਂ ਬਾਅਦ ਲਿਆ ਹੈ।
ਵਰਨਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਨਵੇਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੇਸ਼ ਭਰ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਭਾਜਪਾ ਆਗੂਆਂ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਦੀ ਮਾਰਕੁੱਟ ਕਰਨ, ਕੱਪੜੇ ਫਾੜਨ ਦੀ ਘਟਨਾਂ ਤੋਂ ਪਹਿਲਾਂ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾਂ ’ਤੇ ਵੀ ਟੋਲ ਪਲਾਜ਼ਾ ’ਤੇ ਹਮਲਾ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਗਏ ਸਨ। ਦਰਜ਼ਨ ਦੇ ਕਰੀਬ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾ ਚੁੱਕਾ ਹੈ। ਸਾਬਕਾ ਸੰਸਦ ਮੈਂਬਰ ਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਨਵ ਨਿਯੁਕਤ ਚੇਅਰਮੈਨ ਵਿਜੈ ਸਾਂਪਲਾ ਦਾ ਅੰਮਿ੍ਰਤਸਰ ਵਿਖੇ ਘਿਰਾਓ ਕੀਤਾ ਗਿਆ। ਸਾਬਕਾ ਮੰਤਰੀ ਸੁਰਜੀਤ ਜਿਆਣੀ ਸਮੇਤ ਕਈ ਹੋਰਨਾਂ ਆਗੂਆਂ ਦਾ ਨਿਰੰਤਰ ਘਿਰਾਓ ਕੀਤਾ ਜਾ ਚੁੱਕਾ ਹੈ। ਭਾਜਪਾ ਆਗੂਆਂ ਵਲੋਂ ਸੂਬੇ ਵਿਚ ਪ੍ਰੈਸ ਕਾਨਫਰੰਸ ਕਰਕੇ ਅਤੇ ਪਾਰਟੀ ਦੇ ਪ੍ਰੋਗਰਾਮ ਕਰਕੇ ਤਿੰਨ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਜਾ ਰਹੀ ਹੈ। ਜਿਸ ਕਰਕੇ ਕਿਸਾਨਾਂ ਅਤੇ ਭਾਜਪਾ ਆਗੂਆਂ ਵਿਚਕਾਰ ਤਨਾਅ ਵਾਲੀ ਸਥਿਤੀ ਬਣ ਰਹੀ ਹੈ।
ਸੂਤਰ ਦੱਸਦੇ ਹਨ ਕਿ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਭਾਜਪਾ ਦੇ ਪੰਜਾਹ ਦੇ ਕਰੀਬ ਆਗੂਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਜਿਹੜੇ ਆਗੂਆਂ ਨੂੰ ਪਹਿਲਾਂ ਹੀ ਸੁਰੱਖਿਆ ਮੁਹੱਈਆਂ ਕਰਵਾਈ ਗਈ ਹੈ, ਉਨ੍ਹਾਂ ਦੀ ਸੁਰੱਖਿਆ ਵਿਚ ਲੱਗੇ ਗੰਨਮੈਨਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਜਦੋਂ ਕਿ ਕੁੱਝ ਨਵੇਂ ਆਗੂਆਂ ਜਿਹੜੇ ਲਗਾਤਾਰ ਲੋਕਾਂ ਵਿਚ ਜਾ ਰਹੇ ਹਨ, ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਸੂੁਤਰਾਂ ਅਨੁਸਾਰ ਗ੍ਰਹਿ ਵਿਭਾਗ ਨੇ ਸਾਰੇ ਆਈ.ਜੀ., ਡੀਆਈ ਜੀ ਤੇ ਹੋਰਨਾਂ ਪੁਲਿਸ ਅਧਿਕਾਰੀਆਂ ਨੂੰ ਭੇਜੇ ਗੁਪਤ ਪੱਤਰ ਵਿਚ ਕਿਹਾ ਹੈ ਕਿ ਮੁੱਖ ਮੰਤਰੀ ਨੇ ਅਬੋਹਰ ਦੇ ਵਿਧਾਇਕ ਨਾਲ ਵਾਪਰੀ ਘਟਨਾਂ ਨੂੰ ਗੰਭੀਰਤਾ ਨਾਲ ਲਿਆ ਹੈ। ਪੱਤਰ ਵਿਚ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਹਦਾਇਤ ਕੀਤੀ ਹੈ ਕਿ ਭਵਿੱਖ ਵਿਚ ਉਨ੍ਹਾਂ ਦੇ ਜ਼ਿਲ੍ਹਿਆਂ ਵਿਚ ਭਾਜਪਾ ਆਗੂਆਂ ਦੇ ਦੌਰੇ ਸਮੇਂ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਦੋ ਫਿਰਕਿਆਂ ਵਿਚ ਤਨਾਅ ਤੇ ਲੜਾਈ ਝਗੜੇ ਨੂੰ ਰੋਕਣਾ ਯਕੀਨੀ ਬਣਾਇਆ ਜਾਵੇ ਤੇ ਲੋੜ ਪੈਣ ’ਤੇ ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ।
Subscribe to:
Post Comments (Atom)
No comments:
Post a Comment