Tuesday, 15 December 2020

ਕਿਸਾਨੀ ਘੋਲ : ਕਾਪੀਆਂ ਪੈੱਨਾਂ ਦੇ ਨਾਲ ਵਿਦਿਆਰਥਣਾਂ ਚੁੱਕੇ ਕਿਸਾਨੀ ਝੰਡੇ

ਜੈ ਸਿੰਘ ਛਿੱਬਰ ਚੰਡੀਗੜ੍ਹ ਕਿਸਾਨ ਸੰਘਰਸ਼ ਪੰਜਾਬ ਦੀ ਨਵੀਂ ਇਬਾਰਤ ਲਿਖ ਰਿਹਾ। ਧਰਮ, ਨਸਲ, ਜਾਤ, ਫਿਰਕਿਆ ਦੇ ਵਰਗ ਵੰਡ ਨੂੰ ਭੁੱਲਕੇ ਹਰ ਵਰਗ ਕਿਸਾਨ ਅੰਦੋਲਨ ਦੇ ਸਮਰਥਨ ਦਾ ਹੋਕਾ ਦੇ ਰਿਹਾ। ਕਿਸਾਨੀ ਘੋਲ ਨੇ ਨੌਜਵਾਨ ਪੀੜ੍ਹੀ 'ਚ ਨਵੀਂ ਚੇਤਨਾ ਪੈਦਾ ਕੀਤੀ ਹੈ ਅਤੇ ਸਾਰੀਆਂ ਮਿੱਥਾਂ ਤੋੜ ਦਿੱਤੀਆਂ ਹਨ। ਕਾਪੀਆਂ, ਪੈੱਨ ਚੁੱਕਣ ਵਾਲੇ ਵਿਦਿਆਰਥੀਆਂ ਦੇ ਹੱਥਾਂ ਵਿਚ ਕਿਸਾਨੀ ਝੰਡੇ ਹਨ। ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰ ਰਹੀਆਂ ਲੜਕੀਆਂ ਨੂੰ ਕਿਸਾਨ ਅੰਦੋਲਨ ਨੇ ਵੱਡਾ ਹਲੂਣਾ ਦਿੱਤਾ ਹੈ। ਚਾਰ ਦੀਵਾਰੀ ਤੱਕ ਸੀਮਤ ਰਹਿਣ ਵਾਲੀਆਂ ਲੜਕੀਆਂ ਜਨਤਕ ਸੰਘਰਸ਼ 'ਚ ਕੁੱਦਣ ਲੱਗੀਆਂ ਹਨ। ਸਰਕਾਰੀ ਹਾਈ ਸਕੂਲ ਕਰਮਗੜ੍ਹ ਦੀ ਸੱਤਵੀਂ ਜਮਤ ਦੀ ਵਿਦਿਆਰਥਣ ਗਗਨਦੀਪ ਕੌਰ ਆਪਣੀ ਮਾਤਾ ਅਮਨਦੀਪ ਕੌਰ ਨਾਲ ਸੰਘਰਸ਼ ਦੀ ਪਹਿਲੀ ਕਤਾਰ ਵਿਚ ਸ਼ੁਮਾਰ ਰਹਿੰਦੀ ਹੈ। ਇਸੇ ਸਕੂਲ ਦੀ ਸੱਤਵੀਂ ਜਮਤ ਦੀ ਇੱਕ ਹੋਰ ਵਿਦਿਆਰਥਣ ਗੁਰਬੀਰ ਕੌਰ ਵੀ ਆਪਣੀ ਦਾਦੀ ਸੁਰਜੀਤ ਕੌਰ ਨਾਲ ਸੰਘਰਸ਼ ਵਿਚੋਂ ਆਉਣਾ ਨਹੀਂ ਖੁੰਝਦੀ। ਗਗਨਦੀਪ ਤੇ ਗੁਰਬੀਰ ਕੌਰ ਦਾ ਕਹਿਣਾ ਹੈ ਕਿਸਾਨ ਸੰਘਰਸ਼ ਨੌਜਵਾਨਾਂ ਦੇ ਭਵਿੱਖ ਦੀ ਲੜਾਈ ਹੈ। ਸੱਤਵੀਂ ਜਮਾਤ ਵਿਚ ਪੜ੍ਹਦੀ ਸਵਨਪ੍ਰੀਤ ਕੌਰ ਵੀ ਆਪਣੇ ਦਾਦੇ ਮੁਖਤਿਆਰ ਸਿੰਘ ਦੇ ਮੋਢੇ ਨਾਲ ਮੋਢਾ ਡਾਹ ਕੇ 74 ਦਿਨਾਂ ਤੋਂ ਚੱਲ ਰਹੇ ਮੋਰਚੇ ਦੀ ਗਵਾਹ ਬਣੀ ਹੋਈ ਹੈ। ਚੌਥੀ ਜਮਾਤ ਵਿਚ ਪੜ੍ਹਦੀ ਹਰਮਨਪ੍ਰੀਤ ਕੌਰ ਵੀ ਆਪਣੀ ਮਾਂ ਅਮਨਦੀਪ ਕੌਰ ਨਾਲ ਧਰਨਿਆਂ, ਪ੍ਰਦਰਸ਼ਨ ਵਿਚ ਮੂਹਰੇ ਹੋ ਕੇ ਪਹੁੰਚ ਰਹੀ ਹੈ। ਹਰਮਨਪ੍ਰੀਤ ਕਹਿੰਦੀ ਹੈ ਕਿ ਸਕੂਲੀ ਵਿਦਿਆ ਬਹੁਤ ਜਰੂਰੀ ਹੈ ਪਰ ਜ਼ਬਰ ਜ਼ੁਲਮ ਨਾਲ ਟੱਕਰ ਲੈਣ ਲਈ ਮਾਪਿਆਂ ਦੇ ਕਦਮ ਨਾਲ ਕਦਮ ਮਿਲਾਕੇ ਤੁਰਨਾ ਸਮੇਂ ਦੀ ਜਰੂਰਤ ਹੈ। ਬਾਬਾ ਗਾਂਧਾ ਪਬਲਿਕ ਸਕੂਲ ਦੀ ਚੌਥੀ ਜਮਾਤ ਦੀ ਵਿਦਿਆਰਥਣ ਪ੍ਰਭਨੂਰ ਕੌਰ ਆਪਣੀ ਦਾਦੀ ਮਲਕੀਤ ਕੌਰ ਦੀ ਉਂਗਲ ਫੜ੍ਹ ਕਿਸਾਨ ਅੰਦੋਲਨ 'ਚ ਹਾਜ਼ਰੀ ਲਗਾ ਰਹੀ ਹੈ। ਇਸੀ ਤਰ੍ਹਾਂ ਸੱਤ ਸਾਲ ਦਾ ਅਮਨਿੰਦਰ ਸਿੰਘ ਵੀ ਹਰ ਐਤਵਾਰ ਆਪਣੀ ਦਾਦੀ ਜਸਪਾਲ ਕੌਰ ਜੋ ਖੁਦ ਬੀਕੇਯੂ ਏਕਤਾ ਡਕੌਂਦਾ ਦੀ ਇਕਾਈ ਕਰਮਗੜ੍ਹ ਦੀ ਪ੍ਰਧਾਨ ਹੈ, ਨਾਲ ਆਉਣੋਂ ਨਹੀਂ ਖੁੰਝਦਾ। ਜਵਾਨੀ ਦੀ ਦਹਿਲੀਜ 'ਤੇ ਮੁੱਢਲੇ ਕਦਮ ਰੱਖਣ ਵਾਲੇ ਇਨ੍ਹਾਂ ਸਕੂਲੀ ਵਿਦਿਆਰਥਣਾਂ/ਵਿਦਿਆਰਥੀਆਂ ਦੀ ਕਤਾਰ ਨਿੱਤ ਦਿਨ ਲੰਮੇਰੀ ਹੋ ਰਹੀ ਹੈ। ਕਿਸਾਨ ਸੰਘਰਸ਼ ਨੇ ਨੌਜਵਾਨਾਂ ਦੀ ਜਗਿਆਸਾ ਵਧਾ ਦਿੱਤੀ ਹੈ। ਜਦੋਂ ਵਿਦਿਆਰਥਣਾਂ ਬਾਂਹਾਂ ਖੜ੍ਹੀਆਂ ਕਰਕੇ ਪੰਡਾਲ ਵਿਚ ਜੋਸ਼ੀਲੇ ਗੁੰਜਾਊ ਨਾਹਰੇ ਲਗਾਉਂਦੀਆਂ ਹਨ ਤਾਂ ਹਾਜਰੀਨ ਅੰਦਰ ਰੋਹ ਦੀ ਜਵਾਲਾ ਭਰ ਦਿੰਦੀਆਂ ਹਨ। ਨੌਜਵਾਨ ਆਗੂਆਂ ਹਰਪ੍ਰੀਤ, ਹਰਸਾ ਸਿੰਘ ਅਤੇ ਜਗਮੀਤ ਦੱਸਦੇ ਹਨ ਕਿ ਕਿਸਾਨ ਅੰਦੋਲਨ ਨੇ ਨੌਜਵਾਨਾਂ ਅੰਦਰ ਨਵੀਂ ਊਰਜਾ ਭਰੀ ਹੈ। ਘਰਾਂ ਦੀਆਂ ਹੱਦਾਂ ਤੱਕ ਸੀਮਤ ਰਹਿਣ ਵਾਲੇ ਵਿਦਿਆਰਥੀ, ਵਿਦਿਆਰਥਣਾਂ ਧਰਨਿਆਂ ਵਿਚ ਪੁੱਜਕੇ ਹਾਕਮਾਂ ਨੂੰ ਵੰਗਾਰਨ ਲੱਗੇ ਹਨ। ਨੌਜਵਾਨ ਆਗੂ ਰਣਦੀਪ ਸੰਗਤਪੁਰਾ ਦਾ ਕਹਿਣਾ ਹੈ ਕਿ ਕਿਸਾਨੀ ਘੋਲ ਨਾਲ ਨਵੀਂ ਲੀਡਰਸ਼ਿਪ ਪੈਦਾ ਹੋਣ ਲੱਗੀ ਹੈ। ਨੌਜਵਾਨ, ਵਿਦਿਆਰਥੀ ਖੁੱਦ ਕਿਸਾਨੀ ਘੋਲ ਵਿਚ ਕੁੱਦ ਰਹੇ ਹਨ। ਧਰਨਿਆਂ, ਮੁਜ਼ਾਹਰਿਆਂ ਵਿਚ ਨਾਅਰੇ ਲਾਉਣ ਵਾਲਿਆਂ ਵਿਦਿਆਰਥੀਆਂ ਵਿਚ ਨਵੀਂ ਚੇਤਨਾ ਪੈਦੀ ਹੋਈ ਹੈ ਅਤੇ ਇਹ ਹਾਕਮਾਂ ਅਤੇ ਸਿਆਸੀ ਚਾਲਾਂ ਨੂੰ ਨੇੜ੍ਹੇ ਤੋਂ ਸਮਝਣ ਲੱਗੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅੰਦਰ ਊਰਜਾ ਦਾ ਬਹੁਤ ਜਿਆਦਾ ਸੋਮਾ ਹੁੰਦਾ ਹੈ, ਜੇਕਰ ਨੌਜਵਾਨਾਂ ਨੂੰ ਸਹੀ ਦਿਸ਼ਾ ਮਿਲ ਜਾਵੇ ਤਾਂ ਉਹ ਸਮਾਜਿਕ ਤਬਦੀਲੀ ਦੀ ਚੇਤੰਨ ਲਹਿਰ ਵਿਚ ਅਹਿਮ ਯੋਗਦਾਨ ਪਾਉਂਦੇ ਹਨ।। ਉਨ੍ਹਾਂ ਉਮੀਦ ਜਤਾਈ ਕਿ ਇਹੀ ਨੌਜਵਾਨ ਵੱਡੇ ਹੋਕੇ ਸਮਾਜਿਕ ਤਬਦੀਲੀ ਲਈ ਚੱਲ ਰਹੀ ਜੱਦੋਜੋਹਿਦ ਦਾ ਹਿੱਸਾ ਬਨਣਗੇ।

No comments:

Post a Comment