Tuesday, 28 January 2020

ਜੇ ਲੋੜ ਪਈ ਤਾਂ ਵਜ਼ੀਰੀ ਵੀ ਛੱਡ ਦਿੱਤੀ ਜਾਵੇਗੀ : ਭੂੰਦੜ


--ਦੇਸ਼ ਵਿਚ ਘੱਟ ਗਿਣਤੀ ਡਰੇ ਹੋਏ ਮਹਿਸੂਸ ਕਰ ਰਹੇ ਹਨ 
--ਦਿੱਲੀ ਚੋਣ ਸਮਝੌਤਾ ਟੁੱਟਣ ਤੋਂ ਬਾਅਦ ਅਕਾਲੀ ਭਾਜਪਾ ਖਿਲਾਫ਼ ਬੋਲਣ ਲੱਗੇ 
ਜੈ ਸਿੰਘ ਛਿੱਬਰ,
 ਚੰਡੀਗੜ੍ਹ, 
ਸੀਟਾਂ ਦੀ ਵੰਡ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਚੋਣ ਸਮਝੌਤਾ ਟੁੱਟ ਜਾਣ ਤੋਂ ਬਾਅਦ ਅਕਾਲੀ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ਼ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੁੰਦੜ ਦਾ ਕਹਿਣਾ ਹੈ ਕਿ ਕਿ ਦੇਸ਼ ਵਿਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ, ਦੇਸ਼ 'ਤੇ ਰਾਜ ਕਰਨ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ। ਭੂੰਦੜ ਦਾ ਕਹਿਣਾ ਹੈ ਕਿ ਪੰਜਾਬ ਅਤੇ ਘੱਟ ਗਿਣਤੀਆਂ ਦੇ ਹਿਤ ਲਈ ਅਕਾਲੀ ਦਲ ਕਿਸੀ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ ਅਤੇ ਵਜ਼ੀਰੀ ਕੋਈ ਮਾਅਨੇ ਨਹੀਂ ਰੱਖਦੀ, ਜੇਕਰ ਲੋੜ ਪਈ ਤਾਂ ਕੁਰਸੀ ਵੀ ਛੱਡ ਦਿੱਤੀ ਜਾਵੇਗੀ। 
ਇਕ ਨਿੱਜੀ ਟੀ.ਵੀ ਨਾਲ ਕੀਤੀ ਇੰਟਰਵਿਊ ਦੌਰਾਨ ਬਲਵਿੰਦਰ ਸਿੰਘ ਭੂੰਦੜ ਨੇ ਨਾਗਰਿਕਤਾ ਸੋਧ ਐਕਟ (ਸੀ.ਏ.ਏ) ਦੇ ਹੱਕ ਵਿਚ ਵੋਟ ਪਾਉਣ 'ਤੇ ਦਲੀਲ ਦਿੰਦਿਆਂ ਕਿਹਾ ਕਿ ਦੂਸਰੇ ਦੇਸ਼ਾਂ ਪਾਕਿਸਤਾਨ, ਅਫਗਾਨੀਸਤਾਨ, ਬੰਗਲਾ ਦੇਸ਼ ਵਿਚ ਵਸਦੇ ਸਿੱਖਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਲਈ ਅਕਾਲੀ ਦਲ ਨੇ ਸੀ.ਏ.ਏ ਦੇ ਹੱਕ ਵਿਚ ਵੋਟ ਪਾਈ ਹੈ। ਜੇਕਰ ਅਕਾਲੀ ਦਲ ਹੱਕ ਵਿਚ ਵੋਟ ਨਾ ਪਾਉਂਦਾ ਤਾਂ ਇਸ ਦਾ ਮਤਲਬ ਸਿੱਖਾਂ ਨੂੰ ਨਾਗਰਿਕਤਾ ਦੇਣ ਦਾ ਵਿਰੋਧ ਕਰਨਾ ਸੀ। ਉਨ੍ਹਾਂ ਕਿਹਾ ਕਿ ਦੋ ਵੋਟਾਂ ਨਾਲ ਸਰਕਾਰ ਵਲੋਂ ਲਿਆਂਦੇ ਮਤੇ ਨੂੰ ਕੋਈ ਫਰਕ ਨਹੀਂ ਪੈਣਾ ਸੀ। ਪਰ, ਅਕਾਲੀ ਦਲ ਮੁਸਲਮਾਨਾਂ ਨੂੰ ਨਾਗਰਿਕਤਾ ਸੋਧ ਐਕਟ ਵਿਚ ਸ਼ਾਮਲ ਕਰਨ ਦੀ ਮੰਗ ਅਤੇ ਦਲੀਲ 'ਤੇ ਕਾਇਮ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਵੀ ਸਿੱਖਾਂ ਨੂੰ ਬਣਦੇ ਹੱਕ ਦਿਵਾਉਣ ਲਈ ਹੀ ਅਕਾਲੀ ਦਲ ਧਾਰਾ 370 ਦੇ ਹੱਕ ਵਿਚ ਭੁਗਤਿਆ ਸੀ। ਇਕ ਸਵਾਲ ਦੇ ਜਵਾਬ ਵਿਚ ਭੂੰਦੜ ਨੇ ਕਿਹਾ ਕਿ ਦਿੱਲੀ ਵਿਚ ਸੀਟਾਂ ਦੀ ਲੈਣ ਦੇਣ ਨੂੰ ਲੈ ਕੇ ਕੋਈ ਰੌਲਾ ਨਹੀਂ ਸੀ ਭਾਜਪਾ ਆਗੂ ਸੀਟਾਂ ਵੱਧ ਦੇਣ ਨੂੰ ਤਿਆਰ ਸਨ, ਪਰ ਅਕਾਲੀ ਦਲ ਸੀ.ਏ.ਏ ਦੇ ਆਪਣੇ ਸਟੈਂਡ 'ਤੇ ਕਾਇਮ ਹੈ। 
ਉਨ੍ਹਾਂ ਕਿਹਾ ਕਿ ਅਕਾਲੀ ਦਲ ਲਈ ਪੰਜਾਬ ਅਤੇ ਘੱਟ ਗਿਣਤੀਆਂ ਦੇ ਹਿਤ ਅੱਗੇ ਵਜ਼ੀਰੀ ਕੋਈ ਮਾਅਨੇ ਨਹੀਂ ਰੱਖਦੀ ਅਤੇ ਜੇਕਰ ਲੋੜ ਪਈ ਤਾਂ ਵਜ਼ੀਰੀ ਵੀ ਛੱਡ ਦਿੱਤੀ ਜਾਵੇਗੀ। 
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸਤਲੁਜ ਯਮਨਾ ਲਿੰਕ ਨਹਿਰ ਦੇ ਵਿਰੋਧ ਵਿਚ ਮੋਰਚਾ ਲਾਇਆ ਸੀ ਤੇ ਹੁਣ ਫਿਰ ਰਿਪੇਅਰੀਅਨ ਕਾਨੂੰਨ ਮੁਤਾਬਿਕ ਪਾਣੀ ਦਾ ਮਸਲਾ ਹੱਲ ਕਰਨ ਲਈ ਪੰਜਾਬ ਦੀਆਂ ਸਾਰੀਆਂ ਧਿਰਾਂ ਇਕਜੁਟ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਦੋਂ ਸਾਰੀਆਂ ਧਿਰਾਂ ਅਕਾਲੀ ਦਲ ਦੀ ਮੰਗ ਨਾਲ ਸਹਿਮਤ ਹੋ ਕੇ ਇਕਜੁੱਟ ਹੋ ਜਾਂਦੀਆਂ ਸਨ ਤਾਂ ਤਤਕਾਲੀ ਪ੍ਰਧਾਨ ਮੰਤਰੀ ਨਹਿਰ 'ਤੇ ਟੱਕ ਲਾਉਣ ਨਾ ਆਉਂਦੀ ਅਤੇ ਪਾਣੀ ਦੇ ਮੁੱਦੇ 'ਤੇ ਅਜੋਕੀ ਸਥਿਤੀ ਦਾ ਸਾਹਮਣਾ ਨਾ ਕਰਨਾ ਪੈਂਦਾ। ਭੂੰਦੜ ਨੇ ਕਿਹਾ ਕਿ ਸ਼ਹੀਦਾਂ,  ਬੱਬਰ ਅਕਾਲੀਆਂ ਦੀ ਕੁਰਬਾਨੀ ਦੀ ਬਦੌਲਤ ਦੇਸ਼ ਅਜਾਦ ਹੋਇਆ ਸੀ ਅਤੇ ਭਾਰਤ ਸੈਕੂਲਰ ਦੇਸ਼ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀਆਂ  ਨੂੰ ਕੋਈ ਸਰਕਾਰ ਡਰਾ ਨਹੀਂ ਸਕੀ ਅਤੇ ਨਾ ਹੀ ਅਕਾਲੀ ਕਿਸੇ ਤੋਂ ਡਰਦੇ ਹਨ।  
ਆਰ.ਐਸ.ਐਸ ਮੁਖੀ ਭਾਗਵੰਤ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸਵਾਲ 'ਤੇ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਨੇ ਇਸ ਬਿਆਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਕਿਹਾ ਕਿ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ, ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਬਿਆਨ ਸਮੁੱਚੀ ਕੌਮ ਦਾ ਬਿਆਨ ਹੈ।  ਉਨ੍ਹਾਂ ਕਿਹਾ ਕਿ ਦੇਸ਼ ਵਿਚ ਘੱਟ ਗਿਣਤੀ ਲੋਕ ਡਰੇ ਹੋਏ ਮਹਿਸੂਸ ਕਰ ਰਹੇ ਹਨ।
ਭਾਜਪਾ ਵਲੋਂ ਪੰਜਾਬ ਵਿਚ ਵੱਧ ਸੀਟਾਂ ਦੀ ਮੰਗ ਕਰਨ ਵਾਲੇ ਬਿਆਨਾਂ 'ਤੇ ਭੂੰਦੜ ਦਾ ਕਹਿਣਾ ਹੈ ਕਿ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਕੋਈ ਜੋ ਮਰਜ਼ੀ ਕਹਿ ਸਕਦਾ ਹੈ, ਪਰ ਜਦੋਂ ਮੌਕਾ ਆਏਗਾ ਉਦੋਂ ਦੇਖਿਆ ਜਾਵੇਗਾ।  ਭੂੰਦੜ ਨੇ ਕਿਹਾ ਕਿ ਭਾਰਤ ਬਹੁਭਾਸ਼ੀ, ਬਹੁ ਧਰਮੀ ਦੇਸ਼ ਹੈ, ਇਸ ਲਈ ਦੇਸ਼ ਨੂੰ ਹੋਰ ਅੱਗੇ ਲਿਜਾਣ ਲਈ ਸਾਨੂੰ ਸੱਭ ਦਾ ਸਾਥ ਸਭ ਦਾ ਵਿਕਾਸ ਚਾਹੀਦਾ ਹੈ। 
ਅਕਾਲੀ ਦਲ ਤੋਂ ਵੱਖ ਹੋ ਕੇ ਅਕਾਲੀ ਲੀਡਰਸ਼ਿਪ ਦੀ ਨੁਕਤਾਚਿਨੀ ਕਰਨ ਵਾਲਿਆਂ ਦਾ ਨਾਮ ਲਏ ਬਗੈਰ ਉਨ੍ਹਾਂ ਕਿਹਾ ਕਿ ਅੱਜ ਪਾਰਟੀ ਖਿਲਾਫ਼ ਬੋਲਣ ਵਾਲੇ ਕਦੇ ਸਾਰੇ ਫੈਸਲਿਆਂ ਨਾਲ ਸਹਿਮਤ ਹੁੰਦੇ ਰਹੇ ਹਨ ਅਤੇ ਉਨ੍ਹਾਂ ਸਾਰਿਆਂ ਨੇ ਐਮ.ਪੀ, ਵਿਧਾਇਕ, ਮੰਤਰੀ ਦੇ ਰੂਪ ਵਿਚ ਪਾਰਟੀ ਵਲੋਂ ਦਿੱਤਾ ਫ਼ਲ ਖਾਧਾ ਹੈ। ਉਨ੍ਹਾਂ ਪਾਰਟੀ ਛੱਡਣ ਵਾਲਿਆਂ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਐਨਾਂ ਸਮਾਂ ਪ੍ਰਕਾਸ਼ ਸਿੰਘ ਬਾਦਲ ਦਾ ਸਾਥ ਦਿੱਤਾ ਹੈ ਤਾਂ ਹੁਣ ਨੁਕਤਾਚਿਨੀ ਤੋਂ ਬਚਣਾ ਚਾਹੀਦਾ ਹੈ।

No comments:

Post a Comment