Monday, 6 February 2017

ਸ੍ਰੋਮਣੀ ਕਮੇਟੀ ਦਾ ਫੈਸਲਾ ਸੱਪ ਲੰਘਣ ਤੋਂ ਲਕੀਰ ਪਿੱਟਣ ਵਾਲਾ

ਪ੍ਰੇਮੀਆਂ ਤੋਂ ਵੋਟਾਂ ਲੈਣ ਦਾ ਮਾਮਲਾ----
ਦਿੱਲੀ ਕਮੇਟੀ ਦੀਆਂ ਚੋਣਾਂ 'ਚ ਸਿੱਖ ਵੋਟਾਂ ਲੈਣ ਲਈ ਦਿੱਤੇ ਸ੍ਰੋਮਣੀ ਕਮੇਟੀ ਨੇ ਜਾਂਚ ਦੇ ਆਦੇਸ

ਚੰਡੀਗੜ 6 ਫਰਵਰੀ ( ਜੈ ਸਿੰਘ ਛਿੱਬਰ) : ਅਕਾਲੀ ਆਗੂਆਂ ਵਲੋਂ “ਪ੍ਰੇਮੀਆਂ” ਦੀਆਂ ਵੋਟਾਂ ਲੈਣ ਲਈ ਡੇਰਾ ਸਿਰਸਾ ਦੀ ਯਾਤਰਾ ਕਰਨ ਦੇ ਮਾਮਲੇਂ ਦੀ ਅਕਾਲ ਤਖਤ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੋਟਾਂ ਨਿਕਲਣ ਤੋਂ ਬਾਅਦ ਜਾਂਚ ਦੇ ਆਦੇਸ਼ ਪੰਥਕ ਆਗੂਆਂ ਤੇ ਸਿੱਖਾਂ ਨੂੰ ਹਜ਼ਮ ਨਹੀਂ ਹੋ ਰਹੇ। ਪੰਥਕ ਆਗੂਆ ਕਹਿਣਾ ਹੈ ਕਿ ਅਕਾਲ ਤਖਤ ਅਤੇ ਸ੍ਰੋਮਣੀ ਕਮੇਟੀ ਦਾ ਫੈਸਲਾ ਪੰਜਾਬੀ ਦੀ ਕਹਾਵਤ “ਸੱਪ ਲੰਘਣ ਤੋਂ ਲਕੀਰ ਪਿਟਣਾ” ਵਾਲਾ ਹੈ।
ਸਿੱਖ ਰਾਜਨੀਤੀ ਨਾਲ ਸਬੰਧ ਰੱਖਣ ਵਾਲੇ ਆਗੂਆਂ ਦਾ ਮੰਨਣਾ ਹੈ ਕਿ ਇਹ ਫੈਸਲਾ ਦਿੱਲੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸੰਦਰਭ 'ਚ ਲਿਆ ਗਿਆ ਹੈ ਤਾਂ ਜੋ ਸਿੱਖਾਂ ਦੀਆਂ ਵੋਟਾਂ ਅਕਾਲੀ ਦਲ ਦੇ ਹੱਕ 'ਚ ਭੁਗਤਾਈਆ ਜਾ ਸਕਣ। ਪੰਥਕ ਧਿਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ 'ਚ “ਡੇਰਾ ਪ੍ਰੇਮ” ਦਿਖਾਉਂਦਿਆਂ “ਪ੍ਰੇਮੀਆਂ ” ਦੀਆਂ ਵੋਟਾਂ ਵਟੋਰ ਲਈਆਂ ਹਨ। ਹੁਣ ਦਿੱਲੀ 'ਚ ਸਿੱਖਾਂ ਦੀਆਂ ਵੋਟਾਂ ਵਟੋਰਨ ਲਈ ਜਾਂਚ ਦਾ ਪੱਤਾ ਖੇਡਿਆ ਗਿਆ ਹੈ।
ਕੇਂਦਰੀ ਸਿੰਘ ਸਭਾ ਦੇ ਆਗੂ ਗੁਰਪ੍ਰੀਤ ਸਿੰਘ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਪੰਜਾਬ ਦੀਆਂ ਵੋਟਾਂ ਨਿਕਲਣ ਤੋਂ ਬਾਦ ਅਜਿਹਾ ਫੈਸਲਾ ਲੈਣਾ ਸਿੱਖਾਂ, ਪੰਥ ਦਰਦੀਆਂ ਨੂੰ ਮੁਰਖ ਬਨਾਉਣ ਵਾਲਾ ਹੈ, ਕਿਉਂਕਿ ਅਕਾਲੀ ਦਲ ਅਜਿਹੇ ਫੈਸਲੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਲਾਭ ਲੈਣਾ ਚਾਹੁੰਦਾ ਹੈ। ਉਕਤ ਪੰਥਕ ਆਗੂਆਂ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਵਲੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਵਲੋਂ ਉਹੀ ਜਾਂਚ ਕੀਤੀ ਜਾਵੇਗੀ ਜਿਸ ਤਰ•ਾਂ ਪਹਿਲਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਰਦਾਸ ਮਾਮਲੇਂ 'ਚ ਕੀਤੀ ਗਈ ਸੀ। ਸ੍ਰ ਕਿਸ਼ਨਪੁਰਾ ਨੇ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਤੋਂ ਬਰਖਾਸਤ ਕਰਨਾ ਚਾਹੀਦਾ ਹੈ। ਉਹਨਾਂ ਦੁਨੀਆਂ ਭਰ ਦੀਆਂ ਪੰਥਕ ਜਥੇਬੰਦੀਆਂ, ਕੇਂਦਰੀ ਸਿੰਘ ਸਭਾਵਾਂ ਦੀ ਸਾਂਝੀ ਮੀਟਿੰਗ ਬੁਲਾਕੇ ਅਕਾਲੀ ਦਲ ਨੂੰ ਬਾਦਲਾਂ ਤੋਂ ਮੁਕਤ ਕਰਵਾਉਣ ਦਾ ਫੈਸਲਾ ਲੈਣਾ ਚਾਹੀਦਾ ਹੈ। ਸ੍ਰ ਕਿਸ਼ਨਪੁਰਾ ਨੇ ਕਿਹਾ ਕਿ ਅਕਾਲੀ ਦਲ ਖਾਸਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾਂ ਸਿੱਖਾਂ ਦੇ ਸਰਵ ਉਚ ਅਸਥਾਨ ਅਕਾਲ ਤਖਤ ਸਾਹਿਬ ਨੂੰ ਆਪਣੇ ਸਿਆਸੀ ਮੰਤਵ ਲਈ ਵਰਤਿਆ ਹੈ। ਉਹਨਾਂ ਕਿਹਾ ਕਿ ਜਿਸ ਦਿਨ ਅਕਾਲੀ ਆਗੂਆਂ ਵਲੋਂ ਡੇਰੇ ਤੋਂ ਵੋਟ ਮੰਗਣ ਲਈ ਡੇਰੇ ਜਾਣ ਦੀਆਂ ਖਬਰਾਂ ਸੋਸ਼ਲ ਮੀਡੀਆਂ 'ਤੇ ਅਖਬਾਰਾਂ ਵਿੱਚ ਰਿਪੋਰਟਾਂ ਨਸ਼ਰ ਹੋ ਗਈਆਂ ਸਨ, ਉਸਤੋਂ ਤੁਰੰਤ ਬਾਦ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ  ਨੂੰ ਉਚਿਤ ਫੈਸਲਾ ਲੈਣਾ ਚਾਹੀਦਾ ਸੀ।

No comments:

Post a Comment