ਗੁਰੂਹਰਸਹਾਏ ਤੇ ਤਰਨ ਤਾਰਨ 'ਚ ਚੱਲੀ ਗੋਲੀ, ਇੱਕ ਜਖਮੀ, ਦੋਸ਼ੀ ਗ੍ਰਿਫਤਾਰ 1145 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ ਮਸ਼ੀਨਾਂ ਵਿੱਚ ਕੈਦ
ਚੰਡੀਗੜ 4 ਫਰਵਰੀ ( ਜੈ ਸਿੰਘ ਛਿੱਬਰ) : 15 ਵੀਂ ਪੰਜਾਬ ਵਿਧਾਨ ਸਭਾ ਦੇ ਗਠਨ ਲਈ ਅੱਜ 117 ਹਲਕਿਆਂ 'ਚ 72 ਫੀਸਦੀ ਤੋਂ ਵੱਧ ਵੋਟਰਾਂ ਨੇ ਸੂਬੇ ਦੀ ਤਕਦੀਰ ਲਿਖਣ ਤੇ ਆਪਣੇ ਭਵਿੱਖ ਲਈ ਵੋਟ ਦੇ ਅਧਿਕਾਰ ਦੀ ਵਰਤੋ ਕਰਦਿਆਂ 1145 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ ਮਸ਼ੀਨਾਂ ਵਿੱਚ ਬੰਦ ਕਰ ਦਿੱਤੀ ਹੈ।
ਗੁਰੂਹਰਸਹਾਏ ਤੇ ਤਰਨਤਾਰਨ 'ਚ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੇ ਜਖਮੀ ਹੋਣ, ਧੂਰੀ, ਭੁੱਚੋ ਮੰਡੀ, ਕੋਟਕਪੁਰਾ, ਬਾਘਪੁਰਾਣਾ ਵਿਖੇ ਉਮੀਦਵਾਰਾਂ ਤੇ ਸਮਰਥਕਾਂ ਦੇ ਵਿਚਕਾਰ ਹੱਥੋਪਾਈ ਹੋਣ ਦੀਆਂ ਖਬਰਾਂ ਮਿਲੀਆਂ ਹਨ, ਪਰ ਕੁੱਲ ਮਿਲਾਕੇ ਵੋਟਾਂ ਪੈਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ ਗਿਆ ਹੈ। ਕੁੱਝ ਬੂਥਾਂ 'ਤੇ ਈ.ਵੀ.ਐਮ ਮਸ਼ੀਨਾਂ ਖਰਾਬ ਹੋਣ ਅਤੇ ਇੱਕਾ ਦੁੱਕਾ ਬੂਥਾਂ 'ਤੇ ਨਿਸ਼ਚਿਤ ਸਮੇਂ ਤੋਂ ਦੇਰੀ ਨਾਲ ਵੋਟ ਪਾਉਣ ਦਾ ਕੰਮ ਸ਼ੁਰੂ ਕਰਨ ਦੀਆਂ ਕਨਸੋਆ ਵੀ ਹਨ।
ਅੱਜ ਸਖਤ ਸੁਰਖਿਆ ਪ੍ਰਬੰਧਾਂ ਦੇ ਵਿੱਚ ਵੋਟਾਂ ਪੈਣ ਦਾ ਕੰਮ ਸਵੇਰੇ ਅੱਠ ਵਜੇ ਸ਼ੁਰੂ ਹੋ ਗਿਆ। ਭਾਵੇਂ ਕਿ ਵੋਟਾਂ ਪਾਉਣ ਦਾ ਸਮਾਂ ਸ਼ਾਮ 5 ਵਜੇ ਤੱਕ ਦਾ ਸੀ, ਪਰੰਤੂ ਕੁੱਝ ਬੂਥਾਂ 'ਤੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗਣ ਕਾਰਨ ਸੱਤ ਵਜੇ ਤੱਕ ਵੀ ਵੋਟਾਂ ਭੁਗਤਾਉਣ ਦੀਆਂ ਰਿਪੋਰਟਾਂ ਮਿਲੀਆਂ ਹਨ। ਜਾਣਕਾਰੀ ਅਨੁਸਾਰ ਸਵੇਰੇ ਵੋਟਾਂ ਭੁਗਤਾਉਣ ਦੀ ਰਫਤਾਰ ਥੋੜੀ ਮੱੱਧਮ ਚੱਲੀ ਪਰ ਜਿਉਂ ਜਿਉਂ ਦਿਨ ਚੜ•ਦਾ ਗਿਆ ਵੋਟਰਾਂ ਵਲੋਂ ਘਰੋਂ ਨਿਕਲਕੇ ਬੂਥਾਂ ਤੱਕ ਪਹੁੰਚਣ ਦਾ ਰੁਝਾਨ ਵੱਧਦਾ ਦੇਖਿਆ ਗਿਆ। ਸੱਭ ਤੋਂ ਵੱਡੀ ਗੱਲ ਹੈ ਕਿ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਲੋਕਾਂ 'ਚ ਵੋਟਾਂ ਪਾਉਣ ਲਈ ਕਾਫੀ ਦਿਲਚਸਪੀ ਦੇਖਣ ਨੂੰ ਮਿਲੀ। ਨੌਜਵਾਨਾਂ, ਔਰਤਾਂ, ਬਜੁਰਗਾਂ ਵਲੋਂ ਬਹੁਤ ਉਤਸ਼ਾਹ ਨਾਲ ਆਪਣੀ ਵੋਟ ਦਾ ਭੁਗਤਾਨ ਕੀਤਾ ਗਿਆ।
ਧੂਰੀ ਤੋਂ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਵਿਚਕਾਰ ਹੱਥੋਪਾਈ ਹੋਈ। ਇਸੀ ਤਰ•ਾਂ ਭੁਚੋ ਮੰਡੀ ਤੇ ਕੋਟਕਪੁਰਾ 'ਚ ਕਾਂਗਰਸ ਤੇ ਅਕਾਲੀ ਦਲ ਦੇ ਸਮਰਥਕਾਂ ਵਿੱਚ ਹੱਥੋਪਾਈ, ਬਾਘਾਪੁਰਾਣਾ ਵਿੱਚ ਅਕਾਲੀ ਦਲ ਤੇ ਆਪ ਦੇ ਸਮਰਥਕਾਂ ਦੇ ਵਿਚ ਹੱਥੋਪਾਈ ਹੋਣ ਦੀਆਂ ਖਬਰਾਂ ਮਿਲੀਆਂ ਹਨ। ਪਰ ਕਿਸੇ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
ਦੇਰ ਸ਼ਾਮੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਚੋਣ ਅਧਿਕਾਰੀ ਸ੍ਰੀ ਵੀ.ਕੇ ਸਿੰਘ ਅਤੇ ਏ.ਡੀ.ਜੀ.ਪੀ ਸ੍ਰੀ ਵੀ.ਕੇ ਭਾਵੜਾ ਨੇ ਦੱਸਿਆਂ ਗੁਰੂ ਹਰ ਸਹਾਏ ਬੂਥ ਦੇ ਬਾਹਰ ਗੋਲੀ ਚੱਲਣ ਅਤੇ ਤਰਨ ਤਾਰਨ 'ਚ ਗੋਲੀ ਚੱਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਤਰਨ ਤਾਰਨ 'ਚ ਗੋਲੀ ਚੱਲਣ ਨਾਲ ਜਗਜੀਤ ਸਿੰਘ ਨਾਮਕ ਵਿਅਕਤੀ ਜਖਮੀ ਹੋਇਆ ਹੈ ਅਤੇ ਦੋਸ਼ੀ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂਕਿ ਗੁਰੂ ਹਰਸਹਾਏ ਬੂਥ ਦੇ ਬਾਹਰ ਵਿਅਕਤੀ ਗੋਲੀ ਚਲਾਕੇ ਫਰਾਰ ਹੋ ਗਿਆ ਇਸ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਸ੍ਰੀ ਭਾਵੜਾ ਨੇ ਦਸਿੱਆਂ ਕਿ ਗੋਲੀ ਚੱਲਣ ਤੇ ਮਾਰਕੁੱਟ ਦੀਆਂ ਘਟਨਾਵਾਂ ਸਬੰਧੀ ਕੇਸ ਦਰਜ ਕੀਤੇ ਗਏ ਹਨ। ਸ੍ਰੀ ਵੀ.ਕੇ ਸਿੰਘ ਨੇ ਅਮਨ ਸ਼ਾਂਤੀ ਨਾਲ ਵੋਟਾਂ ਪੈਣ 'ਤੇ ਵੋਟਰਾਂ ਅਤੇ ਚੋਣ ਅਮਲੇ ਨੂੰ ਵਧਾਈ ਦਿੱਤੀ ਹੈ. ਉਹਨਾਂ ਦੱਸਿਆਂ ਕਿ 3524 ਪੋਲਿੰਗ ਬੂਥਾਂ 'ਤੇ ਵੈਬ ਕੈਮਰੇ ਲਾਏ ਗਏ ਸਨ ਅਤੇ ਚੋਣ ਪ੍ਰੀਕ੍ਰਿਆਂ ਨੂੰ ਨੇਪਰੇ ਚਾੜਨ ਲਈ 1,27,210 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ।
No comments:
Post a Comment