Wednesday, 23 September 2020

ਸੱਜੀ ਲੱਤ ਅਤੇ ਬਾਂਹ ਤੋਂ ਵਿਹੂਣਾ ਨਿਰਮਲ ਬਣਿਆ ਕਿਸਾਨ ਧਰਨਿਆਂ ਦੀ ਸ਼ਾਨ

ਤੰਗੀਆਂ,ੁ ਤੁਰਸ਼ੀਆਂ ਦੇ ਬਾਵਜੂਦ ਹੌਂਸਲਾ ਨਹੀਂ ਹਾਰਿਆ ਨਿਰੰਤਰ ਧਰਨੇ ਵਿਚ ਲਗਾ ਰਿਹਾ ਹੈ ਹਾਜ਼ਰੀ ਜੈ ਸਿੰਘ ਛਿੱਬਰ, ਚੰਡੀਗੜ੍ਹ ਕਿਸਾਨ ਨਿਰਮਲ ਸਿੰਘ ਦੇ ਜ਼ਜ਼ਬੇ ਅਤੇ ਹੌਸਲੇ ਨੂੰ ਸਲਾਮ ਹੈ। ਸੱਜੀ ਬਾਂਹ ਅਤੇ ਸੱਜੀ ਲੱਤ ਤੋਂ ਵਿਹੂਣਾ ਹੋਣ ਦੇ ਬਾਵਜੂਦ ਉਹ ਨਿਰੰਤਰ ਕਿਸਾਨ ਧਰਨਿਆਂ ਵਿਚ ਪਹੁੰਚ ਰਿਹਾ। ਪਿੰਡ ਭੈਣੀ ਮਹਿਰਾਜ਼ (ਬਰਨਾਲਾ) ਦਾ ਜੰਮਪਲ ਨਿਰਮਲ ਸਿੰਘ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦਾ ਸਰਗਰਮ ਮੈਂਬਰ ਹੈ। ਛੋਟਾ ਕਿਸਾਨ ਹੋਣ ਕਾਰਨ ਘਰ ਦਾ ਗੁਜ਼ਾਰਾ ਕਰਨ ਲਈ ਉਹ ਟਰੱਕ ਟਰਾਲਾ ਚਲਾਉਂਦਾ ਸੀ ਕਿ ਅਚਾਨਕ ਭਿਆਨਕ ਸੜਕ ਦੁਰਘਟਨਾ ਹੋਈ ਤੇ ਦੋ ਢਾਈ ਘੰਟੇ ਟਰੱਕ ਵਿਚ ਫਸਿਆ ਰਿਹਾ, ਪਰ ਹੌਂਸਲਾ ਨਹੀਂ ਹਾਰਿਆ। ਇਲਾਜ਼ ਦੌਰਾਨ ਪੀ.ਜੀ.ਆਈ ਨੇ ਸੱਜੀ ਲੱਤ ਕੱਟ ਦਿੱਤੀ। ਫਿਰ ਹੌਂਸਲੇ ਨੇ ਉਡਾਨ ਭਰੀ। ਖੇਤੀਬਾੜੀ ਤੇ ਘਰ ਦਾ ਕੰਮਕਾਰ ਕਰਨ ਲੱਗਿਆ ਤਾਂ ਟੋਕਾ ਕਰਦੇ ਦੀ ਸੱਜੀ ਬਾਂਹ ਮਸ਼ੀਨ ਵਿਚ ਫਸ ਗਈ। ਇਸ ਤਰ੍ਹਾਂ ਸੱਜੀ ਬਾਂਹ ਕੂਹਣੀ ਤੱਕ ਕੱਟੀ ਗਈ। ਨਿਰਮਲ ਸਿੰਘ ਤੇ ਉਸਦਾ ਬੇਟਾ ਹਰਬੰਸ ਸਿੰਘ ਦੱਸਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਕੋਲ੍ਹ ਛੇ ਏਕੜ ਭੋਂਇ ਸੀ। ਤਿੰਨ ਭਰਾਵਾਂ 'ਚ ਵੰਡ ਹੋਣ ਕਾਰਨ ਨਿਰਮਲ ਸਿੰਘ ਦੇ ਹਿੱਸੇ ਦੋ ਏਕੜ ਆਈ। ਬੈਂਕ ਦਾ 25 ਲੱਖ ਕਰਜ਼ਾ ਉਤਾਰਨ ਲਈ ਇਕ ਏਕੜ ਨਿਰਮਲ ਸਿੰਘ ਤੇ ਇਕ ਏਕੜ ਦੂਜੇ ਭਰਾ ਨੇ ਵੇਚ ਦਿੱਤਾ। ਨਿਰਮਲ ਸਿੰਘ ਦਾ ਕਹਿਣਾ ਹੈ ਕਿ ਇਕ ਏਕੜ ਦਾ ਮਾਲਕ ਹੋਣ ਕਰਕੇ ਘਰ ਦਾ ਗੁਜਾਰਾ ਚਲਾਉਣ ਲਈ ਉਹ ਟਰੱਕ ਡਰਾਇਵਰ ਬਣ ਗਿਆ। ਟਰੱਕ ਚਲਾਉਂਦੇ ਹੋਏ ਸੜਕ ਹਾਦਸਾ ਹੋਇਆ ਤੇ ਉਸਦੀ ਸੱਜੀ ਲੱਤ ਖ਼ਤਮ ਹੋ ਗਈ। ਉਨ੍ਹਾਂ ਦੱਸਿਆ ਕਿ ਲੱਤ ਦਾ ਇਲਾਜ਼ ਕਰਵਾਉਣ ਲਈ ਭਾਰੀ ਰਕਮ ਖਰਚਣੀ ਪਈ ਅਤੇ ਟਰੱਕ ਵੇਚ ਦਿੱਤਾ। ਉਹ ਦੱਸਦਾ ਕਿ ਕੁੱਝ ਮਹੀਨੇ ਪਹਿਲੇ ਟੋਕਾ ਕਰਦਿਆਂ ਉਸਦੀ ਸੱਜੀ ਬਾਂਹ ਕੱਟੀ ਗਈ। ਨਿਰਮਲ ਸਿੰਘ ਦੱਸਦਾ ਹੈ ਕਿ ਉਸਦਾ ਪਰਿਵਾਰ ਲਗਾਤਾਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ, ਮੁਸ਼ਕਲਾਂ ਦਾ ਸਾਹਮਣਾ ਕਰਦਾ ਆ ਰਿਹਾ ਹੈ। ਬੇਟਾ ਹਰਬੰਸ ਸਿੰਘ ਲੀਵਰ ਦੀ ਬੀਮਾਰੀ ਦਾ ਸਾਹਮਣਾ ਕਰ ਰਿਹਾ ਹੈ। ਨੂੰਹ ਦਾ ਵੀ ਇਕ ਅਪਰੇਸ਼ਨ ਹੋਇਆ ਹੈ। ਬੀਮਾਰੀ ਦਾ ਇਲਾਜ਼ ਕਰਵਾਉਣ ਲਈ ਜ਼ਮੀਨ ਗਹਿਣੇ ਰੱਖਣੀ ਪਈ ਹੈ। ਹੁਣ ਜਦੋਂ ਕੇਂਦਰ ਸਰਕਾਰ ਨੇ ਖੇਤੀ ਸੁਧਾਰ ਦੇ ਨਾਮ 'ਤੇ ਤਿੰਨ ਬਿਲ ਪਾਸ ਕਰ ਦਿੱਤੇ ਹਨ ਅਤੇ ਸੂਬੇ ਭਰ ਵਿਚ ਧਰਨੇ ਲੱਗੇ ਹੋਏ ਤਾਂ ਉਸਨੇ ਹੌਂਸਲੇ ਨੇ ਉਡਾਣ ਭਰੀ ਹੈ। ਉਹ ਰੋਜ਼ਾਨਾ ਧਰਨੇ ਵਿਚ ਪਹੁੰਚ ਰਿਹਾ ਹੈ। ਖੱਬੀ ਬਾਂਹ ਉਚੀ ਚੁੱਕ ਨਾਅਰਾ ਲਾ ਹੁਕਮਰਾਨਾਂ ਨੂੰ ਵੰਗਾਰਦਾ ਹੋਇਆ ਕਹਿੰਦਾ ਹੈ ਕਿ ਜਦੋਂ ਸਮੂਹ ਕਿਸਾਨ ਧਰਨਿਆਂ, ਮੁਜ਼ਾਹਰਿਆ ਵਿਚ ਪੁੱਜ ਰਹੇ ਹਨ ਤਾਂ ਉਹ ਕਿਉਂ ਪਿੱਛੇ ਰਹੇ। ਨਿਰਮਲ ਸਿੰਘ ਦੇ ਬੇਟੇ ਹਰਬੰਸ ਸਿੰਘ ਦੱਸਦਾ ਹੈ ਕਿ ਕੈਪਟਨ ਸਰਕਾਰ ਦੀ ਕਰਜ਼ਾ ਮਾਫ਼ੀ ਸਕੀਮ ਦਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਹਰਬੰਸ ਸਿੰਘ ਦੱਸਦਾ ਹੈ ਕਿ ਪਰਿਵਾਰਕ ਮੈਂਬਰਾਂ ਦਾ ਇਲਾਜ਼ ਕਰਵਾਉਣ ਲਈ ਤਿੰਨ ਲੱਖ ਰੁਪਏ ਦੇ ਕਰੀਬ ਬੈਂਕ ਦਾ ਕਰਜ਼ਾ ਅਤੇ ਕੁੱਝ ਕਰਜ਼ਾ ਜ਼ਮੀਨ ਗਹਿਣੇ ਰੱਖਕੇ ਪ੍ਰਾਈਵੇਟ ਵਿਅਕਤੀ ਤੋਂ ਲਿਆ ਹੈ। ਬੇਸ਼ੱਕ ਕਰਜ਼ੇ ਅਤੇ ਮੁਸ਼ਕਲਾਂ ਨਾਲ ਪਰਿਵਾਰ ਦੋ ਚਾਰ ਹੋ ਰਿਹਾ ਹੈ, ਪਰ ਪਰਿਵਾਰ ਦੇ ਹੌਸਲੇ ਬੁਲੰਦ ਹਨ। ਬੇਰੁੱਜ਼ਗਾਰ ਟੈਟ ਪਾਸ ਅਧਿਆਪਕ ਯੂਨੀਅਨ ਦੇ ਆਗੂ ਰਣਦੀਪ ਸੰਗਤਪੁਰਾ ਦਾ ਕਹਿੰਦੇ ਹਨ ਕਿ ਨਿਰਮਲ ਸਿੰਘ ਦੇ ਕਿਸਾਨ ਧਰਨੇ ਵਿਚ ਆਉਣ ਨਾਲ ਹੋਰ ਕਿਸਾਨਾਂ ਨੂੰ ਹੌਂਸਲਾ ਮਿਲਦਾ ਹੈ। ਉਹ ਕਿਸਾਨ ਧਰਨਿਆਂ ਦੀ ਮਿਸਾਲ ਹੈ।

No comments:

Post a Comment