Sunday, 23 February 2020

ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਅੱਤਵਾਦੀਆਂ ਨੂੰ ਪੰਜਾਬ ਪੁਲਿਸ ਤੋਂ ਮੁੱਅਤਲ ਡੀ.ਐਸ.ਪੀ ਬਲਵਿੰਦਰ ਸਿੰਘ ਸੇਖੋਂ ਨੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਅੱਤਵਾਦੀਆਂ ਨੂੰ ਪਨਾਹ ਦੇਂਦਾ ਰਿਹਾ : ਡੀ.ਐਸ.ਪੀ ਸੇਖੋਂ


--ਅੱਤਵਾਦੀਆਂ ਨਾਲ ਰਹੇ ਹਨ ਆਸ਼ੂ ਦੇ ਸਬੰਧ 
--ਗੁੜ ਮੰਡੀ 'ਚ ਬੰਬ ਧਮਾਕਾ  ਕਰਵਾਉਣ ਪਿੱਛੇ ਸਾਜਿਸ਼ 'ਚ ਹੱਥ 
--ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੋਸ਼ਾਂ ਨੂੰ ਨਕਾਰਿਆ 

ਜੈ ਸਿੰਘ ਛਿੱਬਰ, 
ਚੰਡੀਗੜ੍ਹ 
ਪੰਜਾਬ ਪੁਲਿਸ ਤੋਂ ਮੁੱਅਤਲ ਡੀ.ਐਸ.ਪੀ ਬਲਵਿੰਦਰ ਸਿੰਘ ਸੇਖੋਂ ਨੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਅੱਤਵਾਦੀਆਂ ਨੂੰ ਪਨਾਹ ਦੇਣ, ਅੱਤਵਾਦੀਆਂ ਨੂੰ ਕਤਲ ਕਰਨ ਲਈ ਸੁਝਾਅ ਦੇਣ ਅਤੇ ਉਨ੍ਹਾਂ (ਆਸ਼ੂ) ਦੀ ਡੇਅਰੀ ਵਿਚੋਂ ਖ਼ਤਰਨਾਕ ਹਥਿਆਰ ਬਰਾਮਦ ਹੋਣ ਦੇ ਗੰਭੀਰ ਦੋਸ਼ ਲਾਏ ਹਨ। ਸੇਖੋਂ ਨੇ ਕਿਹਾ ਕਿ ਮੰਤਰੀ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਪੁਰਾਣੇ ਮਾਮਲਿਆਂ ਵਿਚ ਅਦਾਲਤ 'ਚ ਚਲਾਨ ਪੇਸ਼ ਕਰਨ ਲਈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ 20 ਫਰਵਰੀ ਨੂੰ ਸ਼ਿਕਾਇਤ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਸਿਆਸੀ ਦਬਾਅ ਹੇਠ ਕਾਰਵਾਈ ਨਾ ਕੀਤੀ ਤਾਂ ਉਹ ਹਾਈਕੋਰਟ ਵਿਚ ਸ਼ਿਕਾਇਤ ਦਾਇਰ ਕਰਨਗੇ। 
ਉਧਰ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਾਰੇ ਦੋਸ਼ਾਂ ਨੂੰ ਮੂਲੋਂ ਰੱਦ ਕਰਦਿਆਂ ਬੇਬੁਨਿਆਦ ਦੱਸਿਆ ਹੈ। 
ਐਤਵਾਰ ਨੂੰ ਪ੍ਰੈੱਸ ਕਲੱਬ 'ਚ ਹਾਈਕੋਰਟ ਦੇ ਸੀਨੀਅਰ ਵਕੀਲ ਆਰ.ਐਸ.ਬੈਂਸ ਦੀ ਹਾਜ਼ਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ ਬਲਵਿੰਦਰ ਸਿੰਘ ਸੇਖੋਂ (ਮੁਅੱਤਲੀ ਅਧੀਨ) ਨੇ ਭਾਰਤ ਭੂਸ਼ਨ ਆਸ਼ੂ ਵਲੋਂ ਪੁਲਿਸ ਕੋਲ ਇਕਬਾਲ ਕੀਤੇ ਬਿਆਨਾਂ ਦੀ ਕਾਪੀ, ਐਫ.ਆਈ.ਆਰ  ਪੱਤਰਕਾਰਾਂ ਨੂੰ ਪੇਸ਼ ਕਰਦਿਆਂ ਦੱਸਿਆ ਕਿ ਉਨ੍ਹਾਂ (ਆਸ਼ੂ) ਨੇ 1992 ਵਿਚ ਆਪਣੇ ਮਾਪਿਆਂ ਦੀ ਮੌਤ ਦਾ ਬਦਲਾ ਲੈਣ ਲਈ ਆਪਣੇ ਤਾਏ ਦਾ ਕਤਲ ਕਰਵਾਇਆ ਅਤੇ ਚਾਚੇ ਦੀ ਡੇਅਰੀ ਵਿਚ ਬੰਬ ਰਖਵਾਇਆ ਸੀ। ਉਨ੍ਹਾਂ ਕਿਹਾ ਕਿ ਭਾਰਤ ਭੂਸ਼ਨ ਆਸ਼ੂ ਨੇ ਆਪਣੇ ਇਕਬਾਲੀਆਂ ਬਿਆਨ ਵਿਚ ਭਿੰਡਰਾਵਾਲਾ ਟਾਈਗਰ ਫੋਰਸ ਨਾਲ ਸਬੰਧਤ ਰਹੇ ਅੱਤਵਾਦੀਆਂ ਚਰਨਜੀਤ ਸਿੰਘ ਉਰਫ ਚੰਨਾ, ਜਰਨੈਲ ਸਿੰਘ, ਦਰਸ਼ਨ ਸਿੰਘ ਲਸੋਈ, ਜੱਸਾ ਮੁੱਲਾਪੁਰੀਆ, ਦਵਿੰਦਰ ਸਿੰਘ ਪੌਂਟ, ਰਜਿੰਦਰ ਸਿੰਘ ਆਦਿ ਨੂੰ ਪਨਾਹ ਦੇਣ ਤੇ ਹਥਿਆਰ ਮੁਹੱਈਆ ਕਰਵਾਉਂਦਾ ਸੀ। 
ਡੀ.ਐਸ.ਪੀ ਸੇਖੋਂ ਨੇ ਦਾਅਵਾ ਕੀਤਾ ਕਿ ਗੁੜ ਮੰਡੀ ਵਿਚ ਬੰਬ ਧਮਕਾ ਕਰਨ ਦੀ ਸਾਜਿਸ਼ ਭਾਰਤ ਭੂਸ਼ਨ ਦੀ ਡੇਅਰੀ ਵਿਚ ਬੈਠ ਕੇ ਘੜੀ ਗਈ ਸੀ। ਸੇਖੋਂ ਨੇ ਦੋਸ਼ ਲਾਇਆ ਕਿ 6 ਮਈ 1992 ਨੂੰ ਤਤਕਾਲੀ ਐਸ.ਪੀ ਸਿਟੀ ਦੀ ਪੜਤਾਲ ਵਿਚ ਆਸ਼ੂ ਅਤੇ ਉਸਦੇ ਸਹਿਯੋਗੀਆਂ ਖਿਲਾਫ਼ ਦੋਸ਼ ਤੈਅ ਹੋ ਗਏ ਸਨ, ਪਰ ਪੁਲਿਸ ਅਫ਼ਸਰਾਂ ਦੀ ਮਿਲੀਭੁਗਤ ਤੇ ਸਿਆਸੀ ਦਬਾਅ ਕਾਰਨ ਪੁਲਿਸ ਨੇ ਅਦਾਲਤ ਵਿਚ ਸਹੀ ਚਾਲਾਨ ਪੇਸ਼ ਨਹੀਂ ਕੀਤਾ। ਇਕ ਸਵਾਲ ਦੇ ਜਵਾਬ ਵਿਚ ਸੇਖੋਂ ਨੇ ਕਿਹਾ ਕਿ ਉਹ (ਆਸ਼ੂ) ਤਕਨੀਕੀ ਤੌਰ 'ਤੇ ਬਰੀ ਹੋਇਆ ਹੈ, ਕਿਉਂਕਿ ਅਦਾਲਤ ਵਿਚ ਸਹੀ ਕਾਗਜ਼ ਸਾਬੂਤ ਵਜੋਂ ਪੇਸ਼ ਨਹੀਂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸਾਬੂਤ ਵਜੋਂ ਸਾਰੇ ਦਸਤਾਵੇਜ ਉਨ੍ਹਾਂ  ਕੋਲ ਹਨ ਅਤੇ ਜੇਕਰ ਪੁਲਿਸ ਨੇ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਅਦਾਲਤ ਵਿਚ ਇਸਤਗਾਸਾ ਦਾਇਰ ਕਰਨਗੇ। 
ਉਨ੍ਹਾਂ ਪੰਜਾਬ ਦੇ 116 ਵਿਧਾਇਕਾਂ ਨੂੰ ਪੰਜਾਬ ਅਤੇ ਪੰਜਾਬ ਦਾ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਣ ਵਾਲੇ, ਅਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਰਹਿਣ ਵਾਲੇ ਮੰਤਰੀ ਖਿਲਾਫ਼ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ। 

ਬਾਕਸ-
--ਕੀ ਕਹਿੰਦੇ ਹਨ ਮੰਤਰੀ ਭਾਰਤ ਭੂਸ਼ਣ ਆਸ਼ੂ 
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਾਰੇ ਦੋਸ਼ਾਂ ਨੂੰ ਮੂਲੋਂ ਰੱਦ ਕੀਤਾ ਹੈ। ਆਸ਼ੂ ਨੇ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਲਈ ਕਿਸੀ ਰਾਜਨੀਤਿਕ ਪਾਰਟੀ ਜਾਂ ਸਿਆਸੀ ਆਗੂ ਦਾ ਹੱਥਠੋਕਾ ਬਣਕੇ ਪੁਰਾਣੇ ਮਾਮਲਿਆਂ ਨੂੰ ਉਛਾਲਿਆ ਜਾ ਰਿਹਾ ਹੈ। ਆਸ਼ੂ ਨੇ ਕਿਹਾ ਕਿ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਹੀ ਸੇਖੋਂ ਵਲੋਂ ਇਹ ਮਾਮਲਾ ਕਿਉਂ ਚੁੱਕਿਆ ਜਾਂਦਾ ਹੈ। ਜਦੋਂ ਕਿ ਇਨ੍ਹਾਂ ਮਾਮਲਿਆਂ ਵਿਚ ਉਹ ਬਰੀ ਹੋ ਚੁੱਕੇ ਹਨ ਤੇ ਅਦਾਲਤ ਕੇਸ ਬੰਦ ਕਰ ਚੁੱਕੀ ਹੈ। ਆਸ਼ੂ ਨੇ ਕਿਹਾ ਕਿ 1992 ਦੇ ਕਾਲੇ ਦੌਰ ਦੌਰਾਨ ਪੁਲਿਸ ਨੇ ਕੇਸ ਦਰਜ਼ ਕੀਤਾ ਸੀ, ਉਦੋਂ ਕੇਸ ਕਿਵੇਂ ਦਰਜ਼ ਹੁੰਦੇ ਸਨ, ਸਭਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਟਾਡਾ ਕੇਸਾਂ ਦੀ ਪੜਤਾਲ ਕਰਨ ਬਾਰੇ ਸਰਕਾਰ ਵਲੋਂ ਬਣਾਈ ਗਈ ਰੀਵਿਊ ਕਮੇਟੀ ਨੇ ਉਨ੍ਹਾਂ ਵਿਰੁੱਧ ਕੇਸ ਨੂੰ ਖਾਰਜ਼ ਕਰ ਦਿੱਤਾ ਸੀ। ਪੁਲਿਸ ਕੋਲ ਇਕਬਾਲੀਆਂ ਬਿਆਨ ਦੇਣ ਦੇ ਸਵਾਲ ਦੇ ਜਵਾਬ ਵਿਚ ਆਸ਼ੂ ਨੇ ਕਿਹਾ ਕਿ ਪੁਲਿਸ ਕੋਲ੍ਹ ਦਿੱਤੇ ਗਏ ਬਿਆਨ ਕੋਈ ਮਾਅਨਾ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਸੇਖੋਂ ਤਾਂ ਖੁਦ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਫਸਿਆ ਸੀ। ਉਨ੍ਹਾਂ ਸੇਖੋਂ 'ਤੇ ਰਾਜਸੀ ਲੋਕਾਂ ਦੇ ਹੱਥਾਂ ਵਿਚ ਖੇਡਣ ਦਾ ਦੋਸ਼ ਲਾਇਆ।  

No comments:

Post a Comment