Wednesday, 14 September 2016

ਵਿਧਾਨ ਸਭਾ ਸੈਸ਼ਨ-ਲੋਕ ਮੁੱਦੇ ਹਾਰੇ, ਸਿਆਸਤ ਜਿੱਤੀ


ਆਖਰੀ ਸ਼ੈਸ਼ਨ ਰੌਲੇ ਰੱਪੇ ਦੀ ਭੇਂਟ ਚੜਿਆ
ਵਲਟੋਹਾ ਵਲੋਂ ਜਾਤੀ ਸੂਚਕ ਸ਼ਬਦ ਕਹਿਣ 'ਤੇ ਸੁੱਟੀ ਜੁੱਤੀ –ਤਰਲੋਚਨ ਸੂੰਢ
ਮੇਰੀ ਜਿੰਦਗੀ ਦਾ ਸੱਭ ਤੋਂ ਮਨਹੂਸ ਦਿਨ – ਅਟਵਾਲ
ਚੰਡੀਗੜ• 14 ਸਤੰਬਰ ( ਜੈ ਸਿੰਘ ਛਿੱਬਰ) :14 ਵੀਂ ਪੰਜਾਬ ਵਿਧਾਨ ਸਭਾ ਦੇ ਆਖ਼ਰੀ ਸੈਸ਼ਨ ਕਈ ਖੱਟੀਆਂ ਮਿੱਠੀਆਂ ਯਾਦਾਂ, ਇਤਿਹਾਸਕ ਘਟਨਾਵਾਂ ਦੇ ਨਾਲ ਜੁੜਕੇ ਸਮਾਪਤ ਹੋਇਆ। ਜਿਥੇ ਅੱਜ ਸੈਸ਼ਨ ਦੇ ਆਖਰੀ ਦਿਨ ਬੁੱਧਵਾਰ ਨੂੰ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੂੰਢ ਨੇ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲ ਜੁੱਤੀ ਸੁੱਟੀ, ਜੋ ਕਿ ਮਾਲ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਨੇੜ•ੇ ਡਿੱਗੀ, ਉਥੇ ਦੋ ਰਾਤਾਂ ਤੱਕ ਕਾਂਗਰਸੀ ਵਿਧਾਇਕ ਵਿਧਾਨ ਸਭਾ ਦੇ ਅੰਦਰ ਡਟੇ ਰਹੇ। ਇਸੀ ਤਰ•ਾਂ ਦੋ ਅਜਾਦ ਵਿਧਾਇਕ ਬੈਂਸ ਭਰਾਵਾਂ ਵਲੋਂ ਵੀ ਦੋ ਦਿਨਾਂ ਤੱਕ ਵੈਲੱ 'ਚ ਆ ਕੇ ਧਰਨਾ ਦਿੱਤਾ ਗਿਆ। ਉਧਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਆਖਰੀ ਸੈਸ਼ਨ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਮਨਹੂਸ ਦਿਨ ਦੱਸਿਆ ਹੈ।
ਸ਼ੈਸ਼ਨ ਦੌਰਾਨ ਜਿਥੇ ਸਪੀਕਰ ਵਲੋਂ ਸਿਮਰਜੀਤ ਸਿੰਘ ਬੈਂਸ ਨੂੰ ਨੇਮ ਕੀਤਾ ਗਿਆ ਅਤੇ ਮਾਰਸ਼ਲਾਂ ਵਲੋਂ ਬੈਂਸ਼ ਭਰਾਵਾਂ ਨੂੰ ਸਦਨ ਤੋਂ ਬਾਹਰ ਕੱਢਿਆ ਗਿਆ, ਉਥੇ ਦੋ ਦਿਨ ਤੇ ਰਾਤਾਂ ਕਾਂਗਰਸੀ ਵਿਧਾਇਕਾਂ ਵਲੋਂ ਸਦਨ ਦੇ ਅੰਦਰ ਡੇਰੇ ਲਗਾਕੇ ਅਲਗ ਤੋਂ ਮੌਕ ਸਦਨ ਚਲਾਇਆ ਗਿਆ। ਆਗਾਮੀ ਵਿਧਾਨ ਸਭਾ ਚੋਣਾਂ ਨੇੜ•ੇ ਹੋਣ ਕਾਰਨ ਹੁਕਮਰਾਨ ਤੇ ਵਿਰੋਧੀ ਧਿਰਾਂ ਵਲੋਂ ਹਮਲਾਵਰ ਰੁਖ ਧਾਰਨ ਕਰ ਰੱਖਿਆ ਸੀ। ਜੋ ਕੁੜਤਣ ਤੇ ਗੁੱਸਾ ਇਸ ਵਾਰ ਵਿਧਾਇਕਾਂ ਵਿੱਚ ਦੇਖਣ ਨੂੰ ਮਿਲਿਆ ਅਜਿਹਾ ਮੌਕਾ ਕਦੇ ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਦੇਖਣ ਨੂੰ ਨਹੀਂ ਮਿਲਿਆ। ਬੁੱਧਵਾਰ ਨੂੰ ਸਦਨ ਵਿੱਚ ਕਾਂਗਰਸੀ ਵਿਧਾਇਕਾਂ ਵਲੋਂ ਸਦਨ ਦੌਰਾਨ ਸਪੀਕਰ 'ਤੇ ਫਾਈਲਾਂ, ਕਾਗਜ਼ ਸੁੱਟੇ ਗਏ। ਪਹਿਲੀ ਵਾਰ ਹੋਇਆ ਕਿ ਸਪੀਕਰ ਦੇ ਆਲੇ ਦੁਆਲੇ ਵੱਡੀ ਗਿਣਤੀ ਵਿੱਚ ਮਾਰਸ਼ਲ ਖੜੇ ਰਹਿਣ ਅਤੇ ਸਦਨ ਦੇ ਨੇਤਾ ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਮਾਰਸ਼ਲਾਂ ਨੇ ਘੇਰੀ ਰੱਖਿਆ। ਇਸੀ ਤਰ•ਾਂ ਵੈਲ 'ਚ ਵੀ ਮਾਰਸਲ ਦੋ ਲਾਈਨਾਂ ਵਿੱਚ ਖੜੇ ਸਨ। ਯਾਨੀ ਸਾਰਾ ਦਿਨ ਤਨਾਅਪੂਰਨ ਰਿਹਾ।
ਜਾਤੀ ਸੂਚਕ ਸ਼ਬਦ ਕਹਿਣ 'ਤੇ ਸੁੱਟੀ ਜੁੱਤੀ-ਸੂੰਢ
ਵਿਧਾਨ ਸਭਾ ਪ੍ਰੈਸ ਗੈਲਰੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਤਰਲੋਚਨ ਸਿੰਘ ਸੂੰਢ ਨੇ ਜੁੱਤੀ ਸੁੱਟਣ ਬਾਰੇ ਤਰਕ ਦਿੰਦਿਆਂ ਕਿਹਾ ਕਿ ਜਦੋਂ ਉਹ ਸਰਕਾਰ ਵਲੋਂ ਦਲਿਤਾ ਨਾਲ ਕੀਤੀ ਜਾ ਰਹੀ ਵਧੀਕਿਆਂ ਦੇ ਖਿਲਾਫ ਨਾਹਰੇਬਾਜੀ ਕਰ ਰਹੇ ਸਨ ਤਾਂ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ “ ਇਹ ਸਾਲੇ ਨੇ ਚੂਹੜੇ ਚਮਾਰ•ਾਂ ਦਾ ਠੇਕਾ ਲੈ ਰੱਖਿਆ ” ਜਿਸ 'ਤੇ ਉਹ ਭਾਵੁਕ ਹੋ ਗਏ ਤੇ ਗੁੱਸੇ ਵਿੱਚ ਆ ਕੇ ਜੁੱਤੀ ਸੁੱਟੀ। ਸੂੰਢ ਨੇ ਕਿਹਾ ਕਿ ਉਹਨਾਂ ਦਾ ਮੰਤਵ ਮਜੀਠਿਆਂ 'ਤੇ ਨਹੀਂ ਬਲਕਿ ਵਲਟੋਹਾ ਤੇ ਜੁੱਤੀ ਸੁੱਟਣਾ ਸੀ  ਤੇ ਜੁੱਤੀ ਕਿਸਨੂੰ ਵੱਜੀ ਉਹਨਾਂ ਨੂੰ ਪਤੈ ਨਹੀਂ। ਭਾਵੁਕ ਹੁੰਦਿਆਂ ਸੂੰਢ ਨੇ ਕਿਹਾ ਕਿ ਉਹ ਜਾਣਦੈ ਹਨ ਕਿਹੜੇ ਹਲਾਤਾਂ ਵਿੱਚ ਜਿੰਦਗੀ ਜਿਉਂ ਕਿ ਇੱਥੇ ਤੱਕ ਪੁੱਜੇ ਹਨ। ਉਹਨਾਂ ਕਿਹਾ ਕਿ ਜੋ ਸਾਡੀ ਬਰਾਦਰੀ ਦੇ ਖਿਲਾਫ ਬੋਲੇਗਾ ਉਸਦਾ ਇਹੀ ਹਸ਼ਰ ਹੋਵੇਗਾ।
ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਵੀ ਭਾਵੁਕ ਹੁੰਦਿਆਂ ਕਿਹਾ ਕਿ ਜੋ ਦਲਿਤ ਵਰਗ ਨੂੰ ਗਾਲ•ਾਂ ਕੱਢੇਗਾ ਉਸਨੂੰ ਇੱਕ ਨਹੀਂ ਸੌ ਜੁੱਤੀਆਂ ਮਾਰਾਗਾਂ। ਸ੍ਰ ਚੰਨੀ ਨੇ ਕਿਹਾ ਕਿ ਸਰਕਾਰ ਨੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦਾ ਘਾਣ ਕਰਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਹੁਕਮਰਾਨ ਵਿਧਾਇਕ ਹਮੇਸ਼ਾਂ ਉਹਨਾਂ 'ਤੇ ਮੁੱਦਿਆਂ ਤੋਂ ਭਟਕੇ ਬਹਿਸ ਤੋਂ ਭੱਜਣ ਦਾ  ਦੋਸ਼ ਲਾਉਂਦੇ ਰਹਿੰਦੇ ਹਨ ਪਰੰਤੂ ਜਦੋਂ ਸਰਕਾਰ ਦੇ ਖਿਲਾਫ ਬਹਿਸ ਸ਼ੁਰੂ ਹੋਈ ਤਾਂ ਹੁਕਮਰਾਨ ਵਿਧਾਇਕਾਂ ਨੇ ਜਾਣਬੁੱਝ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਸਪੀਕਰ ਵਲੋਂ ਜੁਬਾਨੀ ਵੋਟ ਰਾਹੀਂ ਉਹਨਾਂ ਵਲੋਂ ਲਿਆਂਦਾ ਗਿਆ ਪ੍ਰਸਤਾਵ ਰੱਦ ਕਰਵਾ ਦਿੱਤਾ ਗਿਆ।
ਮੇਰੀ ਜਿੰਦਗੀ ਦਾ ਮਨਹੂਸ ਦਿਨ –ਅਟਵਾਲ
ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸੈਸ਼ਨ ਦੌਰਾਨ ਜੁੱਤੀ ਸੁੱਟਣ, ਸਪੀਕਰ ਵੱਲ  ਕਾਗਜ ਸੁੱਟਣ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਉਸਦੀ ਜਿੰਦਗੀ ਦਾ ਮਨਹੂਸ ਦਿਨ ਹੈ। ਉਹਨਾਂ ਕਦੇ ਵੀ ਅਜਿਹੀ ਘਟਨਾਂ ਵਾਪਰਦੀ ਨਹੀਂ ਦੇਖੀ। ਉਹਨਾਂ ਕਿਹਾ ਕਿ ਆਖਰੀ ਇਜਲਾਸ ਵਿੱਚ ਵਧੀਆਂ ਢੰਗ ਨਾਲ ਬਹਿਸ ਹੋਣੀ ਚਾਹੀਦੀ ਸੀ ਅਤੇ ਸੈਸ਼ਨ ਦੇ ਅਖੀਰ ਵਿੱਚ ਸਾਰੇ ਵਿਧਾਇਕ ਇੱਕ ਦੂਸਰੇ ਨਾਲ ਮਿਲਕੇ ਮੇਲ ਮਿਲਾਪ ਦੀਆਂ ਚੰਗੀਆਂ ਯਾਦਾ ਲੈ ਕੇ ਜਾਂਦੇ ਪਰ ਵਿਰੋਧੀ ਕਾਂਗਰਸੀ ਵਿਧਾਇਕਾਂ ਨੇ ਜਮਹੂਰੀਅਤ ਦਾ ਘਾਣ ਕਰਨ ਦੀ ਹੱਦ ਹੀ ਮਿਟਾ ਦਿੱਤੀ।

1 comment:


  1. ਆਖਰੀ ਸ਼ੈਸ਼ਨ ਰੌਲੇ ਰੱਪੇ ਦੀ ਭੇਂਟ ਚੜਿਆ

    ReplyDelete